ਸੀਤਾਰਾਮਨ ਵੱਲੋਂ ਦੱਖਣੀ ਕੋਰੀਆ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ

ਸੀਤਾਰਾਮਨ ਵੱਲੋਂ ਦੱਖਣੀ ਕੋਰੀਆ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ

ਇੰਚਿਓਨ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਦੱਖਣੀ ਕੋਰੀਆ ਨੂੰ ਭਾਰਤ ’ਚ ਨਿਵੇਸ਼ ਦੇ ਮੌਕਿਆਂ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਨਿਰਮਾਣ, ਫੂਡ ਪ੍ਰੋਸੈਸਿੰਗ ਅਤੇ ਸਮੁੰਦਰੀ ਸਰੋਤਾਂ ਦੇ ਖੇਤਰ ’ਚ ਨਿਵੇਸ਼ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ।

ਸੀਤਾਰਾਮਨ ਨੇ ਦੱਖਣੀ ਕੋਰੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਅਰਥਚਾਰੇ ਤੇ ਵਿੱਤੀ ਮਾਮਲਿਆਂ ਬਾਰੇ ਮੰਤਰੀ ਚੂ ਕਿਊਂਗ-ਹੋ ਨਾਲ ਇੱਥੇ ਏਸ਼ੀਆ ਵਿਕਾਸ ਬੈਂਕ (ਏਡੀਬੀ) ਦੀ 56ਵੀਂ ਮੀਟਿੰਗ ਦੌਰਾਨ ਮੁਲਾਕਾਤ ਕੀਤੀ ਅਤੇ ਕੋਰੀਆ ਨਿਵੇਸ਼ ਕਾਰਪੋਰੇਸ਼ਨ (ਕੇਆਈਸੀ) ਅਤੇ ਹੋਰ ਨਿਵੇਸ਼ਕਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਮੀਟਿੰਗ ਦੌਰਾਨ ਸੀਤਾਰਾਮਨ ਨੇ ਕੋਰਿਆਈ ਸਰਕਾਰ ਨਾਲ ਮਿਲ ਕੇ ਭਾਰਤ ’ਚ ਨਿਵੇਸ਼ ਨੂੰ ਹੋਰ ਖਿੱਚਣ ਦੇ ਮਕਸਦ ਨਾਲ ਈ-ਵਾਹਨ ਤੇ ਗਰੀਨ ਹਾਈਡਰੋਜਨ ਖੇਤਰਾਂ ’ਚ ਭਾਤਰ ਦੀਆਂ ਨੀਤੀਆਂ ਦਾ ਵੀ ਜ਼ਿਕਰ ਕੀਤਾ।

ਵਿੱਤ ਮੰਤਰਾਲੇ ਨੇ ਟਵੀਟ ਕੀਤਾ, ‘ਵਿੱਤ ਮੰਤਰੀ ਸੀਤਾਰਾਮਨ ਨੇ ਭਾਰਤ ’ਚ ਨਿਰਮਾਣ, ਨਵਿਆਉਣਯੋਗ ਊਰਜਾ, ਬੁਨਿਆਦੀ ਢਾਂਚਾ, ਦਵਾਈਆਂ, ਫੂਡ ਪ੍ਰੋਸੈਸਿੰਗ, ਸਮੁੰਦਰੀ ਸਰੋਤਾਂ ਸਮੇਤ ਵੱਖ ਵੱਖ ਖੇਤਰਾਂ ’ਚ ਨਿਵੇਸ਼ ਦੇ ਵੱਧ ਮੌਕਿਆਂ ਦਾ ਜ਼ਿਕਰ ਕੀਤਾ।’ ਸੀਤਾਰਾਮਨ ਨੇ ਆਪਣੇ ਕੋਰਿਆਈ ਹਮਰੁਤਬਾ ਨੂੰ ਭਾਰਤ ’ਚ ਸਮੁੰਦਰੀ ਖੁਰਾਕ ਖੇਤਰ ’ਚ ਨਿਵੇਸ਼ ਦੇ ਮੌਕਿਆਂ ਬਾਰੇ ਦੱਸਿਆ ਅਤੇ ਈਡੀਸੀਐੱਫ (ਆਰਥਿਕ ਵਿਕਾਸ ਸਹਿਯੋਗ ਫੰਡ) ਸਮਝੌਤੇ ਤਹਿਤ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੇ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਜ਼ਾਹਿਰ ਕੀਤੀ।

ਉਨ੍ਹਾਂ ਕਿਹਾ ਕਿ ਭਾਰਤ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਤੇ ਨਿਵੇਸ਼ ਸਹਿਯੋਗ ਵਧਾਉਣ ਲਈ ਪ੍ਰਤੀਬੱਧ ਹੈ।