ਮਹਿੰਗਾਈ ਲਈ ਭਾਜਪਾ ਦੀਆਂ ਭ੍ਰਿਸ਼ਟ ਨੀਤੀਆਂ ਜ਼ਿੰਮੇਵਾਰ: ਪ੍ਰਿਯੰਕਾ

ਮਹਿੰਗਾਈ ਲਈ ਭਾਜਪਾ ਦੀਆਂ ਭ੍ਰਿਸ਼ਟ ਨੀਤੀਆਂ ਜ਼ਿੰਮੇਵਾਰ: ਪ੍ਰਿਯੰਕਾ

ਕੇਂਦਰ ਸਰਕਾਰ ’ਤੇ ਸੇਧੇ ਨਿਸ਼ਾਨੇ; ਲੋਕਾਂ ਨੂੰ ਕਾਂਗਰਸ ਦੇ ਹੱਕ ’ਚ ਫਤਵਾ ਦੇਣ ਦੀ ਅਪੀਲ
ਕਣਕਾਗਿਰੀ – ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਭਾਜਪਾ ਸਰਕਾਰ ਦਾ ਘਿਰਾਓ ਕਰਦਿਆਂ ਮਹਿੰਗਾਈ ਲਈ ਕੇਂਦਰ ਦੀਆਂ ‘ਭ੍ਰਿਸ਼ਟ ਨੀਤੀਆਂ’ ਨੂੰ ਜ਼ਿੰਮੇਵਾਰ ਠਹਿਰਾਇਆ। ਸੂਬੇ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਭਾਜਪਾ ਦੀ ਸਰਕਾਰ ਨੂੰ ‘40 ਫ਼ੀਸਦੀ ਕਮਿਸ਼ਨ ਸਰਕਾਰ’ ਵਜੋਂ ਜਾਣਿਆ ਜਾਂਦਾ ਹੈ। ਕਰਨਾਟਕ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਪਾਲ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ, ‘‘ਸੂਬੇ ਵਿੱਚ ਰਸੋਈ ਗੈਸ ਸਿਲੰਡਰ, ਚੌਲ, ਦਾਲਾਂ ਅਤੇ ਆਟੇ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਭ੍ਰਿਸ਼ਟ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਭ੍ਰਿਸ਼ਟ ਨੀਤੀਆਂ ਸਦਕਾ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਭ੍ਰਿਸ਼ਟਾਚਾਰ ਦਾ ਇਹ ਖਿਤਾਬ ਕਿਸੇ ਹੋਰ ਨੇ ਨਹੀਂ, ਸਗੋਂ ਕੰਟਰੈਕਟਰਜ਼ ਐਸੋਸੀਏਸ਼ਨ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਖੁਦਕੁਸ਼ੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਰਿਸ਼ਵਤ ਵਜੋਂ ਮੋਟੀ ਰਕਮ ਸਰਕਾਰ ਨੂੰ ਦੇਣੀ ਪੈਂਦੀ ਹੈ। ਪ੍ਰਿਯੰਕਾ ਨੇ ਸੂਬੇ ਵਿੱਚ ਕਥਿਤ ਭਰਤੀ ਘੁਟਾਲਿਆਂ ਦੇ ਮੁੱਦੇ ਨੂੰ ਵੀ ਉਭਾਰਿਆ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਵਿਧਾਇਕ ਦਾ ਪੁੱਤਰ ਅੱਠ ਕਰੋੜ ਰੁਪੲੇ ਦੀ ਰਕਮ ਸਣੇ ਘਰ ਵਿੱਚੋਂ ਗ੍ਰਿਫ਼ਤਾਰ ਹੋਇਆ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਦਿਆਂ ਇੱਕ ਚੰਗੇਰੇ ਭਵਿੱਖ ਲਈ ਕਾਂਗਰਸ ਦੇ ਹੱਕ ਵਿੱਚ ਭੁਗਤਨ।