‘ਸੇਵਾ ਤੇ ਸਿਮਰਨ’ ਦੇ ਧਾਰਨੀਸ੍ਰੀ ਗੁਰੂ ਅਮਰਦਾਸ ਜੀ

‘ਸੇਵਾ ਤੇ ਸਿਮਰਨ’ ਦੇ ਧਾਰਨੀਸ੍ਰੀ ਗੁਰੂ ਅਮਰਦਾਸ ਜੀ

-ਰਮੇਸ਼ ਬੱਗਾ ਚੋਹਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਸਰੀਰਕ ਤੌਰ ’ਤੇ ਬੇਸ਼ੱਕ ਉਮਰ ਦੇ ਉਸ ਪੜਾਅ ’ਤੇ ਵਿਚਰ ਰਹੇ ਸਨ ਜਿੱਥੇ ਪਹੁੰਚ ਕੇ ਆਮ ਮਨੁੱਖ ਜਿਸਮਾਨੀ ਤੌਰ ’ਤੇ ਕੁਝ ਥਕਾਵਟ ਅਤੇ ਰੁਕਾਵਟ ਜਿਹੀ ਮਹਿਸੂਸ ਕਰਨ ਲੱਗ ਪੈਂਦਾ ਹੈ ਪਰ ਧੰਨ ਹਨ ਸ੍ਰੀ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਸੇਵਾ ਤੇ ਸਿਮਰਨ ਸਦਕਾ ਜੀਵਨ ਵਿਚ ਪੈ ਚੁੱਕੀ ਸ਼ਾਮ ਨੂੰ ਇਕ ਸਿਖਰ ਦੁਪਹਿਰ ਵਿਚ ਢਾਲ ਲਿਆ। ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈ. ਨੂੰ ਪਿੰਡ ਬਾਸਰਕੇ (ਅੰਮ੍ਰਿਤਸਰ) ਵਿਖੇ ਪਿਤਾ ਸ੍ਰੀ ਤੇਜ ਭਾਨ ਜੀ ਅਤੇ ਮਾਤਾ ਸੁਲੱਖਣੀ ਦੀ ਕੁੱਖੋਂ ਹੋਇਆ। ਉਂਝ ਭਾਈ ਤੇਜ ਭਾਨ ਜੀ ਦਾ ਸਾਰਾ ਘਰਾਣਾ ਬਹੁਤ ਹੀ ਸਤਿਕਾਰ ਅਤੇ ਪਿਆਰ ਵਾਲਾ ਸੀ। ਇਸ ਪਿਆਰ ਅਤੇ ਸਤਿਕਾਰ ਸਦਕਾ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁੱਘੜ ਅਤੇ ਸਿਆਣੀ ਧੀ ਬੀਬੀ ਅਮਰੋ ਦਾ ਨਾਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਭਤੀਜੇ ਭਾਈ ਜੱਸੂ (ਸਪੁੱਤਰ ਮਾਣਕ ਚੰਦ) ਨਾਲ ਜੋੜਿਆ ਹੋਇਆ ਸੀ। ਸ੍ਰੀ ਗੁਰੂ ਅਮਰਦਾਸ ਜੀ ਬਚਪਨ ਤੋਂ ਹੀ ਕੁਝ ਉਪਰਾਮ ਸੁਭਾਅ ਦੇ ਮਾਲਕ ਸਨ ਪਰ ਮਾਤਾ-ਪਿਤਾ ਦੁਆਰਾ ਗ੍ਰਹਿਸਥ ਧਰਮ ਦੀ ਮਹਿਮਾ ਦ੍ਰਿੜ੍ਹ ਕਰਵਾਉਣ ਸਦਕਾ ਆਪ ਜੀ ਦੀ ਸ਼ਾਦੀ ਸਿਆਲਕੋਟ ਜ਼ਿਲ੍ਹੇ ਵਿਚਲੇ ਪਿੰਡ ਸਨਖੜਾ ਦੇ ਵਸਨੀਕ ਦੇਵੀ ਚੰਦ ਜੀ ਦੀ ਲਾਡਲੀ ਪੁੱਤਰੀ ਬੀਬੀ ਮਨਸਾ ਦੇਵੀ ਨਾਲ ਹੋਈ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਿਲਾਪ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਹਰ ਛਿਮਾਹੀ ਗੰਗਾ ਇਸ਼ਨਾਨ ਕਰਨ ਲਈ ਪੈਦਲ ਹੀ ਜਾਇਆ ਕਰਦੇ ਸਨ। ਗਰਮੀ ਦੇ ਮੌਸਮ ’ਚ ਚੇਤ ਨੂੰ ਚੱਲ ਪੈਂਦੇ ਅਤੇ ਵਿਸਾਖੀ ਵਾਲੇ ਦਿਨ ਵਾਪਸੀ ਪਾਉਂਦੇ। ਸਿਆਲ ਦੀ ਰੁੱਤ ’ਚ ਅੱਸੂ ਦੇ ਮਹੀਨੇ ਰਵਾਨਾ ਹੁੰਦੇ ਅਤੇ ਕੱਤਕ ਦੀ ਪੂਰਨਮਾਸੀ ਮੋੜਾ ਪਾ ਦਿੰਦੇ। ਤੀਰਥ ਇਸ਼ਨਾਨ ਅਤੇ ਪੁੰਨ-ਦਾਨ ਦੇ ਬਾਵਜੂਦ ਵੀ ਮਨ ਦੀ ਅਵਸਥਾ ਟਿਕਾਅ ਵਾਲੀ ਨਹੀਂ ਸੀ ਬਣ ਰਹੀ। ਇਸ ਅਵਸਥਾ ਤੱਕ ਪਹੰੁਚਾਉਣ ਲਈ ਆਪ ਜੀ ਦੀ ਭਤੀਜ ਨੂੰਹ ਬੀਬੀ ਅਮਰੋ ਨੇ ਬੜਾ ਹੀ ਇਤਿਹਾਸਕ ਤੇ ਸਹਾਈ ਰੋਲ ਅਦਾ ਕੀਤਾ ਕਿਉਂਕਿ ਅੰਮ੍ਰਿਤ ਵੇਲੇ ਜਦੋਂ ਬੀਬੀ ਅਮਰੋ ਜੀ ਆਪਣੇ ਮੁਖਾਰਬਿੰਦ ’ਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿੱਠੀ ਤੇ ਰਸੀਲੀ ਬਾਣੀ ਪੜ੍ਹਦੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਕੰਧ ਨਾਲ ਲੱਗ ਕੇ ਦਿਨ ਚੜ੍ਹਦੇ ਤੱਕ ਸੁਣਦੇ ਰਹਿੰਦੇ। ਇਕ ਦਿਨ ਬੀਬੀ ਜੀ ਕਿਸੇ ਜ਼ਰੂਰੀ ਕੰਮ ਆਪਣੇ ਪੇਕੇ (ਖਡੂਰ ਸਾਹਿਬ) ਚਲੇ ਗਏ।
ਬਾਣੀ ਨੂੰ ਪੜ੍ਹਨ-ਸੁਣਨ ਦੀ ਇੱਛਾ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਭਾਬੀ ਭਾਗੋ ਜੀ ਨਾਲ ਕੀਤੀ। ਭਾਬੀ ਭਾਗੋ ਨੇ ਕਿਹਾ ਕਿ ਜੇਕਰ ਤੁਹਾਨੂੰ ਬਾਣੀ ਸੁਣਨ ਦੀ ਚਾਹ ਹੈ ਤਾਂ ਕਿਉਂ ਨਹੀਂ ਉਸ ਦੇ ਪਿਤਾ (ਸ੍ਰੀ ਗੁਰੂ ਅੰਗਦ ਦੇਵ ਜੀ) ਪਾਸ ਹੀ ਚਲੇ ਜਾਂਦਾ। ਪੇਕਿਆਂ ਤੋਂ ਵਾਪਸ ਆ ਕੇ ਜਦੋਂ ਬੀਬੀ ਅਮਰੋ ਨੇ ਆਪਣੇ ਅੰਮ੍ਰਿਤ ਵੇਲੇ ਦੇ ਨਿੱਤਨੇਮ ਵਿਚ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਮੋਲਕ ਵਚਨ ‘‘ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ’’ ਪੜ੍ਹਿਆ ਤਾਂ ਉਸ ਸ਼ਬਦ ਵਿਚਲੀ ਦਸ਼ਾ ਸ੍ਰੀ ਗੁਰੂ ਅਮਰਦਾਸ ਜੀ ਦੀ ਵੀ ਸੀ। ਉਹ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚ ਗਏ। ਉਥੇ ਰਹਿ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਤਨ-ਮਨ ਨਾਲ ਸੇਵਾ ਕੀਤੀ। ਸੇਵਾ ਕਰਦਿਆਂ ਪਾਣੀ ਢੋਂਦਿਆਂ ਹੱਥ ਫੁੱਟ ਗਏ ਪਰ ਆਪ ਧੀਰਜ ਦੀ ਮੂਰਤੀ ਬਣ ਗਏ। ਨਿੱਤ ਦੀ ਕਾਰ ਨਹੀਂ ਬਦਲੀ। ਅੰਮ੍ਰਿਤ ਵੇਲੇ ਉੱਠਣਾ ਤੇ ਦਰਿਆ ਬਿਆਸ ਤੋਂ ਪਾਣੀ ਦੀ ਗਾਗਰ ਭਰ ਲਿਆਉਣੀ, ਗੁਰੂ ਪਾਤਸ਼ਾਹ ਦਾ ਇਸ਼ਨਾਨ ਕਰਵਾਉਣਾ, ਲੰਗਰ ਲਈ ਬਾਲਣ ਲਿਆਉਣਾ ਅਤੇ ਜੂਠੇ ਭਾਂਡਿਆਂ ਨੂੰ ਸਾਫ਼ ਕਰਨਾ ਆਦਿ।
ਇਸ ਨਿਸ਼ਕਾਮ ਸੇਵਾ ਦੇ ਫਲਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦਾ ਤੀਸਰਾ ਪਹਿਰੇਦਾਰ ਥਾਪ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਦਾ ਵਾਰਿਸ ਬਣਨ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ 22 ਸਾਲ ਮਨੁੱਖੀ ਭਾਈਚਾਰੇ ਦੀ ਬਰਾਬਰੀ ਅਤੇ ਬਿਹਤਰੀ ਲਈ ਬਿਤਾਏ। ਵਡੇਰੀ ਉਮਰ ਵਿਚ ਸਿੱਖੀ ਨੂੰ ਧਾਰਨ ਕਰਨ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ। ਆਪ ਨੇ ਔਰਤ ਜਾਤੀ ਦੇ ਹੱਕ ਵਿਚ ਭੁਗਤਦਿਆਂ ਸਤੀ ਪ੍ਰਥਾ ਅਤੇ ਪਰਦੇ ਦੀ ਰਸਮ ਨੂੰ ਸਮਾਪਤ ਕਰਨ ਵਿਚ ਅਹਿਮ ਯੋਗਦਾਨ ਪਾਇਆ। ਜਾਤ-ਪਾਤ ਦੇ ਬੰਧਨ ਨੂੰ ਤੋੜਿਆ ਅਤੇ ਵਿਧਵਾ-ਵਿਆਹ ਦੀ ਆਰੰਭਤਾ ਕੀਤੀ। ਊਚ-ਨੀਚ ਤੇ ਛੂਤ-ਛਾਤ ਦੇ ਭਰਮ ਨੂੰ ਮਿਟਾਉਣ ਲਈ ਗੁਰੂ ਕੇ ਲੰਗਰ ਵਿਚੋਂ ਰਾਜਾ ਤੇ ਰੰਕ ਨੂੰ ਇਕ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਣ ਦਾ ਹੁਕਮ ਦਿੱਤਾ। ਇਸ ਹੁਕਮ ਦੀ ਪਾਲਣਾ ਵਕਤ ਦੇ ਬਾਦਸ਼ਾਹ ਅਕਬਰ ਨੂੰ ਵੀ ਕਰਨੀ ਪਈ। ਸਮਾਜ ਵਿਚੋਂ ਨਸ਼ਿਆਂ ਜਿਹੀ ਬੁਰਾਈ ਨੂੰ ਖ਼ਤਮ ਕਰਨ ਵਿਚ ਵੀ ਸ੍ਰੀ ਗੁਰੂ ਅਮਰਦਾਸ ਜੀ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਬਾਉਲੀ ਸਾਹਿਬ ਨੂੰ ਸਿੱਖੀ ਦਾ ਤੀਰਥ ਬਣਾਇਆ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਸਿੱਖ ਇਤਿਹਾਸ ’ਚ ਕੁਝ ਨਵੀਆਂ ਪਿਰਤਾਂ ਪਾਉਣ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਸੰਸਾਰਿਕ ਯਾਤਰਾ ਨੂੰ ਸੰਪੂਰਨ ਕਰਨ ਤੋਂ ਪਹਿਲਾਂ ਭਾਦੋਂ ਸੁਦੀ 15 ਸੰਮਤ 1631 ਅਰਥਾਤ 1 ਸਤੰਬਰ 1574 ਈ. ਨੂੰ ਆਪਣੇ ਦਮਾਦ ਸ੍ਰੀ (ਗੁਰੂ) ਰਾਮਦਾਸ ਜੀ ਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਕੇ ਜੋਤੀ-ਜੋਤ ਸਮਾ ਗਏ।