ਕੈਲੀਫੋਰਨੀਆਂ ਸਟੇਟ ਵਿਚ ਸਿੱਖਾਂ ਦੀ ਇਤਿਹਾਸਿਕ ਜਿੱਤ

ਕੈਲੀਫੋਰਨੀਆਂ ਸਟੇਟ ਵਿਚ ਸਿੱਖਾਂ ਦੀ ਇਤਿਹਾਸਿਕ ਜਿੱਤ

ਸਿੱਖ ਭਾਈਚਾਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ 25 ਅਪ੍ਰੈਲ 2023 ਨੂੰ ਕੈਲੀਫੋਰਨੀਆਂ ਸਟੇਟ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਸਟੇਟ ਟਰਾਂਸਪੋਰਟੇਸ਼ਨ ਕਮੇਟੀ ਵਿੱਚ S2-847 ਬਿੱਲ ਪਾਸ ਹੋ ਗਿਆ ਹੈ ਇਸ ਦੇ ਤਹਿਤ ਭਵਿੱਖ ਵਿੱਚ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਲਈ ਹੈਲਮੈਟ ਤੋਂ ਛੋਟ ਮਿਲੇਗੀ। S2-847 ਬਿੱਲ, ਸਟੇਟ ਸੈਨੇਟਰ ਬਰਾਇਨ ਡਾਹਲੀ ਨੇ ਕਾਨੂੰਨ ਦੇ ਮਾਹਰਾਂ ਅਤੇ ਪਲੈਨਿੰਗ ਕਮਿਸ਼ਨਰ ਮਨਦੀਪ ਸਿੰਘ ਦੀ ਮਦਦ ਨਾਲ ਤਿਆਰ ਕੀਤਾ ਅਤੇ ਟਰਾਂਸਪੋਰਟੇਸ਼ਨ ਕਮੇਟੀ ਅੱਗੇ ਪੇਸ਼ ਕੀਤਾ। ਸੈਨੇਟਰ ਬਰਾਇਨ ਡਾਹਲੀ ਅਤੇ ਪਲੈਨਿੰਗ ਕਮਿਸ਼ਨਰ ਮਨਦੀਪ ਸਿੰਘ ਨੇ ਕਮੇਟੀ ਦੇ ਸੁਆਲਾਂ ਦੇ ਢੁਕਵੇਂ ਜਵਾਬ ਦਿੱਤੇ ਅਤੇ ਬਿੱਲ ਨੂੰ ਪਾਸ ਕਰਨ ਦੀ ਅਪੀਲ ਕੀਤੀ ਜੋ ਕਿ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ, 9 ਵੋਟਾਂ ਦੀ ਸਹਿਮਤੀ ਨਾਲ ਪਾਸ ਹੋਇਆ ਹੈ। ਕੈਲੀਫੋਰਨੀਆ ਸਟੇਟ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿ ਰਿਹਾ ਹੈ ਅਤੇ ਹੈਲਮੈਟ ਕਾਨੂੰਨ ਦੇ ਤਹਿਤ, ਸਿੱਖਾਂ ਨੂੰ ਪੱਗ ਬੰਨ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਸੀ। ਪਰ ਹੁਣ S2-847 ਬਿੱਲ ਪਾਸ ਹੋਣ ਨਾਲ, ਛੇਤੀ ਹੀ ਕਾਨੂੰਨ ਬਣੇਗਾ ਤੇ ਸਿੱਖ ਸਿਰਾਂ ਉੱਪਰ ਪੱਗ, ਦਸਤਾਰ ਅਤੇ ਦੁਮਾਲੇ ਸਜਾਕੇ, ਕੈਲੀਫੋਰਨੀਆ ਸਟੇਟ ਵਿੱਚ ਕਾਨੂੰਨੀ ਤੌਰ ’ਤੇ ਮੋਟਰਸਾਈਕਲ ਚਲਾ ਸਕਣਗੇ।