ਗੈਂਗਸਟਰ ਦੇ ਇਸ਼ਾਰੇ ’ਤੇ ਗੋਲੀ ਚਲਾਉਣ ਵਾਲਾ ਮੁੱਖ ਸ਼ੂਟਰ ਯੋਧਾ ਗ੍ਰਿਫ਼ਤਾਰ

ਗੈਂਗਸਟਰ ਦੇ ਇਸ਼ਾਰੇ ’ਤੇ ਗੋਲੀ ਚਲਾਉਣ ਵਾਲਾ ਮੁੱਖ ਸ਼ੂਟਰ ਯੋਧਾ ਗ੍ਰਿਫ਼ਤਾਰ

ਅੰਮ੍ਰਿਤਸਰ- ਛੇਹਰਟਾ ਵਿੱਚ ਇਕ ਘਰ ਦੇ ਬਾਹਰ ਕਾਰ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਕੋਲੋਂ .32 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਮੁਤਾਬਕ ਇਹ ਕਾਰਵਾਈ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਇਸ਼ਾਰੇ ’ਤੇ ਕੀਤੀ ਗਈ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਯੁੱਧਵੀਰ ਸਿੰਘ ਉਰਫ ਯੋਧਾ ਵਜੋਂ ਹੋਈ ਹੈ। ਪੁਲੀਸ ਨੇ ਕੱਲ੍ਹ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਜੋਬਨਜੀਤ ਸਿੰਘ ਉਰਫ ਜੋਬਨ ਅਤੇ ਜੋਗਿੰਦਰ ਸਿੰਘ ਉਰਫ਼ ਰਿੰਕੂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਨਕਦੀ, ਪੰਜ ਮੋਬਾਈਲ ਫੋਨ ਅਤੇ ਇਕ ਸਕੂਟਰ ਬਰਾਮਦ ਹੋਇਆ ਸੀ। ਹੁਣ ਤੱਕ ਇਸ ਮਾਮਲੇ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।