ਲੁਧਿਆਣਾ ਗੈਸ ਲੀਕ ਮਾਮਲੇ ਦੀ ਐੱਨਜੀਟੀ ਨੇ ਜਾਂਚ ਆਰੰਭੀ

ਲੁਧਿਆਣਾ ਗੈਸ ਲੀਕ ਮਾਮਲੇ ਦੀ ਐੱਨਜੀਟੀ ਨੇ ਜਾਂਚ ਆਰੰਭੀ

ਲੁਧਿਆਣਾ-ਗਿਆਸਪੁਰਾ 33 ਫੁੱਟਾ ਰੋਡ ’ਤੇ ਸੀਵਰੇਜ ’ਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵਿੱਚ ਹੁਣ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨਜੀਟੀ ਨੇ ਇਸ ਸਾਰੇ ਮਾਮਲੇ ਦੀ ਰਿਪੋਰਟ ਗੰਭੀਰਤਾ ਨਾਲ ਲੈਂਦਿਆਂ ਜਾਇਜ਼ਾ ਲਿਆ ਕਿ ਹੁਣ ਤੱਕ ਪ੍ਰਸ਼ਾਸਨ ਨੇ ਇਸ ਮਾਮਲੇ ’ਚ ਕੀ ਕੀਤਾ ਹੈ ਅਤੇ ਜਾਂਚ ਕਿੱਥੋਂ ਤੱਕ ਪੁੱਜੀ ਹੈ। ਇਸ ਘਟਨਾ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਸਖਤ ਹੈ, ਉੱਥੇ ਐੱਨਜੀਟੀ ਨੇ ਵੀ ਆਪਣੇ ਪੱਧਰ ’ਤੇ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਹੈ। ਸੂਤਰਾਂ ਮੁਤਾਬਕ ਐੱਨਜੀਟੀ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਉਥੇ ਹੀ ਐੱਨਡੀਆਰਐੱਫ਼ ਦੀਆਂ ਟੀਮਾਂ ਪਹਿਲਾਂ ਹੀ ਆਪਣੀ ਰਿਪੋਰਟ ’ਚ ਸਪੱਸ਼ਟ ਕਰ ਚੁੱਕੀਆਂ ਹਨ ਕਿ ਹਾਈਡ੍ਰੋਜਨ ਕਲੋਰਾਈਡ ਜ਼ਹਿਰੀਲੀ ਗੈਸ ਸੀਵਰੇਜ ’ਚ ਹੀ ਬਣੀ ਸੀ ਅਤੇ ਟੁੱਟੇ ਹੋਏ ਢੱਕਣ ਰਾਹੀਂ ਇਹ ਗੈਸ ਬਾਹਰ ਨਿਕਲ ਆਈ। ਇਹ ਗੈਸ ਚੜ੍ਹਨ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ।

ਸੂਤਰਾਂ ਮੁਤਾਬਕ ਐੱਨਜੀਟੀ ਦੇ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਇਹ ਲੀਕੇਜ ਇੱਕ ਦਿਨ ’ਚ ਨਹੀਂ, ਬਲਕਿ ਕੁਝ ਦਿਨਾਂ ਤੋਂ ਹੋ ਰਹੀ ਸੀ ਅਤੇ ਸੀਵਰੇਜ ’ਚ ਕੈਮੀਕਲ ਵੇਸਟ ਜ਼ਿਆਦਾ ਹੋਣ ਮਗਰੋਂ ਇਹ ਘਟਨਾ ਵਾਪਰੀ। ਐੱਨਜੀਟੀ ਦੀ ਟੀਮ ਆਸਪਾਸ ਦੀਆਂ ਫੈਕਟਰੀਆਂ ’ਚ ਵੀ ਜਾਂਚ ਕਰ ਸਕਦੀ ਹੈ ਤੇ ਪੂਰੀ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਸੌਂਪੇਗੀ।

ਸਿਟ ਦੇ ਅਧਿਕਾਰੀ ਵੀ ਜਾਂਚ ਕਰਨ ਪੁੱਜੇ

ਕਮਿਸ਼ਨਰੇਟ ਪੁਲੀਸ ਵੱਲੋਂ ਇਸ ਮਾਮਲੇ ’ਚ ਡੀਸੀਪੀ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਪੰਜ ਮੈਂਬਰਾਂ ਦੀ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜਿਸ ’ਚ ਏਡੀਸੀਪੀ-2, ਏਡੀਸੀਪੀ-4, ਵੈਬੜ ਸਹਿਗਲ ਦੇ ਨਾਲ-ਨਾਲ ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਦਰਜੀਤ ਸਿੰਘ ਬੋਪਾਰਾਏ ਨੂੰ ਸ਼ਾਮਲ ਕੀਤਾ ਗਿਆ ਹੈ। ਸਿੱਟ ਦੇ ਮੈਂਬਰ ਅੱਜ ਦੁਪਹਿਰ ਜਾਂਚ ਲਈ ਘਟਨਾ ਸਥਾਨ ’ਤੇ ਪੁੱਜੇ। ਅਧਿਕਾਰੀਆਂ ਨੇ ਕਈ ਫੈਕਟਰੀਆਂ ’ਚ ਜਾ ਕੇ ਚੈਕਿੰਗ ਕੀਤੀ ਤੇ ਮਾਲਕਾਂ ਤੋਂ ਪੁੱਛ ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਜੋ ਕੈਮੀਕਲ ਸੀਵਰੇਜ ’ਚ ਪਾਇਆ ਗਿਆ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।