ਇਤਰਾਜ਼ਯੋਗ ਵੀਡੀਓ ਵਿਚਲੇ ਮੰਤਰੀ ਦਾ ਨਾਂ ਜਨਤਕ ਕਰਨ ਮੁੱਖ ਮੰਤਰੀ: ਰਾਜਾ ਵੜਿੰਗ

ਇਤਰਾਜ਼ਯੋਗ ਵੀਡੀਓ ਵਿਚਲੇ ਮੰਤਰੀ ਦਾ ਨਾਂ ਜਨਤਕ ਕਰਨ ਮੁੱਖ ਮੰਤਰੀ: ਰਾਜਾ ਵੜਿੰਗ

ਜਲੰਧਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਜਿਹੜੀ ਸੀਡੀ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ, ਉਸ ਵਿਚਲੇ ਮੰਤਰੀ ਦਾ ਨਾਂ ਜਨਤਕ ਕੀਤਾ ਜਾਵੇ।

ਉਨ੍ਹਾਂ ਇੱਥੇ ਪੰਜਾਬ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਰਾਜਪਾਲ ਨੂੰ ਮਿਲ ਕੇ ਉਨ੍ਹਾਂ ਦੇ ਨਾਂ ਜਨਤਕ ਕਰਨ ਦੀ ਮੰਗ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਜ਼ਿਮਨੀ ਚੋਣ ਦੇ ਇੰਚਾਰਜ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਵੀ ਹਾਜ਼ਰ ਸਨ। ਰਾਜਾ ਵੜਿੰਗ ਨੇ ਕਿਹਾ ਕਿ ਉਹ ਸਾਰੀ ਰਾਤ ਸੁੱਤੇ ਨਹੀਂ। ਇਸ ਗੱਲ ਤੋਂ ਪ੍ਰੇਸ਼ਾਨ ਰਹੇ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਕਰ ਕੀ ਰਹੀ ਹੈ? ਉਨ੍ਹਾਂ ਕਿਹਾ ਕਿ ਲੋਕ ਲੀਡਰਾਂ ਨੂੰ ਰੋਲ ਮਾਡਲ ਵਜੋਂ ਦੇਖਦੇ ਹਨ। ਲੀਡਰਾਂ ’ਤੇ ਭਰੋਸਾ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਲੀਡਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਕਈ ਵਾਰ ਰਾਜਸੀ ਆਗੂਆਂ ’ਤੇ ਇਲਜ਼ਾਮ ਲੱਗਦੇ ਹਨ ਅਤੇ ਉਹ ਦੋਸ਼ਾਂ ਤੋਂ ਬਰੀ ਵੀ ਹੋ ਜਾਂਦੇ ਹਨ ਪਰ ਕੱਲ੍ਹ ਦੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਤੋਂ ਪਹਿਲਾਂ ਵੀ ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋਈ ਸੀ ਤਾਂ ਉਸ ਵਿਅਕਤੀ ਨੇ ਇਸ ’ਤੇ ਸ਼ਰਮ ਮਹਿਸੂਸ ਕਰਨ ਦੀ ਥਾਂ ਬਿਨਾਂ ਕਿਸੇ ਬਦਨਾਮੀ ਦੇ ਤੁਰੰਤ ਸਵੀਕਾਰ ਕਰ ਲਿਆ ਸੀ ਕਿ ਇਹ ਉਸ ਦੀ ਹੀ ਵੀਡੀਓ ਹੈ। ਉਨ੍ਹਾਂ ਕਿਹਾ ਕਿ ਮਾਨ ਨੂੰ ਜਲੰਧਰ ਆਉਣ ਤੋਂ ਪਹਿਲਾਂ ਦੱਸਣਾ ਚਾਹੀਦਾ ਹੈ ਕਿ ਵੀਡੀਓ ’ਚ ਕੌਣ ਹੈ ? ਜੇ ਉਨ੍ਹਾਂ ਨੂੰ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਰਾਜਪਾਲ ਕੋਲ ਜਾ ਸਚਾਈ ਦਾ ਪਤਾ ਲਗਾਉਣ।