ਦੇਸ਼ ਨੂੰ ਇੱਕ ਲੜੀ ’ਚ ਪਰੋ ਕੇ ਰੱਖਣ ਵਿੱਚ ਸੰਤਾਂ-ਮਹਾਪੁਰਸ਼ਾਂ ਦੀ ਅਗਵਾਈ ਦੀ ਲੋੜ: ਸੰਧਵਾਂ

ਦੇਸ਼ ਨੂੰ ਇੱਕ ਲੜੀ ’ਚ ਪਰੋ ਕੇ ਰੱਖਣ ਵਿੱਚ ਸੰਤਾਂ-ਮਹਾਪੁਰਸ਼ਾਂ ਦੀ ਅਗਵਾਈ ਦੀ ਲੋੜ: ਸੰਧਵਾਂ

ਬਲਾਚੌਰ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ 21ਵੀਂ ਬਰਸੀ ਮੌਕੇ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਤੀ ’ਚ ਕੀਤੇ ਗਏ ਸਾਲਾਨਾ ਸਮਾਗਮ ’ਚ ਸ਼ਿਰਕਤ ਕਰਦਿਆਂ ਸਵਾਮੀ ਬ੍ਰਹਮਾ ਨੰਦ ਦੀ ਇਸ ਪੱਛੜੇ ਇਲਾਕੇ ਨੂੰ ਦਿੱਤੀ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ ਸਿੱਖਿਆ ਦੇ ਖੇਤਰ ਖਾਸ ਤੌਰ ’ਤੇ ਮਹਿਲਾਵਾਂ ਦੀ ਸਿੱਖਿਆ ਲਈ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹਵਾਵਾਂ ਬੜੀਆਂ ਮਾੜੀਆਂ ਚੱਲ ਰਹੀਆਂ ਹਨ, ਇਸ ਲਈ ਦੇਸ਼ ਨੂੰ ਫੁੱਟ ਪਾਊ ਸ਼ਕਤੀਆਂ ਤੋਂ ਬਚਾਅ ਕੇ, ਇੱਕ ਲੜੀ ਵਿੱਚ ਪਰੋਈ ਰੱਖਣ ਵਿੱਚ ਸੰਤ-ਮਹਾਂਪੁਰਸ਼ਾਂ ਦੀ ਅਗਵਾਈ ਦਾ ਵੱਡਾ ਯੋਗਦਾਨ ਹੋ ਸਕਦਾ ਹੈ। ਉਨ੍ਹਾਂ ਸੰਪਰਦਾਇ ਵੱਲੋਂ ਸਿੱਖਿਆ, ਸਿਹਤ ਜਾਗਰੂਕਤਾ, ਪੀਜੀਆਈ ਲੰਗਰ ਸੇਵਾ ਅਤੇ ਮੈਡੀਕਲ ਕੈਂਪਾਂ ਰਾਹੀਂ ਕੈਂਸਰ ਜਾਗਰੂਕਤਾ ਲਈ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਆਪਣੇ ਵੱਲੋਂ ਪੰਜ ਲੱਖ ਰੁਪਏ ਦਾ ਯੋਗਦਾਨ ਕੈਂਸਰ ਦੇ ਮਰੀਜ਼ਾਂ ਲਈ ਦੇਣ ਦਾ ਐਲਾਨ ਵੀ ਕੀਤਾ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ।

ਕੈਬਨਿਟ ਮੰਤਰੀ ਚੇਤੰਨ ਸਿੰਘ ਜੌੜਾਮਾਜਰਾ ਨੇ ਸ਼ਰਧਾ ਸੁਮਨ ਭੇਟ ਕਰਦਿਆਂ ਆਖਿਆ ਕਿ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਉੁਨ੍ਹਾਂ ਆਪਣੇ ਵਲੋਂ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਅਤੇ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਦੀ ਚਰਨ ਛੋਹ ਨਾਲ ਇਸ ਇਲਾਕੇ ’ਚ ਵੱਡੀ ਤਬਦੀਲੀ ਆਈ। ਉਨ੍ਹਾਂ ਸੰਪਰਦਾਇ ਦੇ ਭਵਾਨੀਪੁਰ ਗੜ੍ਹੀ ਮਨਸੋਵਾਲ ਕਾਲਜ ਵਾਸਤੇ ਟਿਊਬਵੈਲ ਅਤੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਮੁੰਡੀਆਂ ਵਿਧਾਇਕ , ਦਿਨੇਸ਼ ਚੱਢਾ ਵਿਧਾਇਕ , ਸਤਨਾਮ ਜਲਾਲਪੁਰ ਚੇਅਰਮੈਨ, ਮਾਲਵਿੰਦਰ ਸਿੰਘ ਕੰਗ, ਅਵਿਨਾਸ਼ ਰਾਏ ਖੰਨਾ, ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ, ਲਲਿਤ ਮੋਹਨ ਪਾਠਕ, ਸ਼ਿਵ ਕਰਨ ਚੇਚੀ, ਚੌਧਰੀ ਦਰਸ਼ਨ ਲਾਲ ਮੰਗੂੁਪੁਰ, ਬਲਦੇਵ ਰਾਜ ਖੇਪੜ, ਰਾਮ ਜੀ ਦਾਸ ਭੂੰਬਲਾ ਆਦਿ ਨੇ ਹਾਜ਼ਰੀ ਲਗਵਾਈ।