ਅੰਮ੍ਰਿਤਸਰ ਪੁਲੀਸ ਵੱਲੋਂ ਗੈਂਗਸਟਰਾਂ ਦੇ ਦੋ ਸਾਥੀ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲੀਸ ਵੱਲੋਂ ਗੈਂਗਸਟਰਾਂ ਦੇ ਦੋ ਸਾਥੀ ਗ੍ਰਿਫ਼ਤਾਰ

ਘਰ ਦੇ ਬਾਹਰ ਚਲਾਈਆਂ ਸੀ ਗੋਲੀਆਂ; ਵਿਦੇਸ਼ ਰਹਿੰਦੇ 2 ਗੈਂਗਸਟਰਾਂ ਸਮੇਤ ਤਿੰਨ ਹੋਰ ਨਾਮਜ਼ਦ
ਅੰਮ੍ਰਿਤਸਰ – ਸੀਆਈਏ ਸਟਾਫ ਦੀ ਪੁਲੀਸ ਨੇ ਛੇਹਰਟਾ ’ਚ ਘਰ ਦੇ ਬਾਹਰ ਇੱਕ ਕਾਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਗੈਂਗਸਟਰਾਂ ਦੇ ਸਾਥੀ ਹਨ।

ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਜੋਬਨਜੀਤ ਸਿੰਘ ਉਰਫ ਜੋਬਨ ਅਤੇ ਜੋਗਿੰਦਰ ਸਿੰਘ ਉਰਫ਼ ਰਿੰਕੂ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ, ਪੰਜ ਮੋਬਾਈਲ ਫੋਨ ਅਤੇ ਇਕ ਸਕੂਟਰ ਬਰਾਮਦ ਕੀਤਾ ਹੈ।

ਪੁਲੀਸ ਦੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਵਿਦੇਸ਼ ਵਿੱਚ ਹਨ ਤੇ ਉਨ੍ਹਾਂ ਦੀ ਸ਼ਨਾਖਤ ਰਵੀਸ਼ੇਰ ਸਿੰਘ ਵਾਸੀ ਛੇਹਰਟਾ (ਇਸ ਵੇਲੇ ਪੁਰਤਗਾਲ ਵਿੱਚ) ਅਤੇ ਲਖਬੀਰ ਸਿੰਘ ਉਰਫ ਲੰਡਾ ਵਜੋਂ ਹੋਈ ਹੈ। ਲੰਡਾ ਵੀ ਇਸ ਸਮੇਂ ਵਿਦੇਸ਼ ’ਚ ਹੈ। ਇਨ੍ਹਾਂ ਤੋਂ ਇਲਾਵਾ ਇਕ ਹੋਰ ਵਿਅਕਤੀ ਸਤਨਾਮ ਸਿੰਘ ਉਰਫ ਸੱਤਾ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਹਰਮਿੰਦਰ ਸਿੰਘ ਉਰਫ ਕਿਸ਼ਨ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਜੋਬਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਅਨੁਸਾਰ ਉਨ੍ਹਾਂ ਗੋਲੀਆਂ ਚਲਾਉਣ ਦੀ ਇਹ ਕਾਰਵਾਈ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਰਵੀਸ਼ੇਰ ਸਿੰਘ ਦੇ ਕਹਿਣ ’ਤੇ ਕੀਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛ-ਪੜਤਾਲ ਵਾਸਤੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।