ਖਿਡਾਰੀਆਂ ਦੀ ਥਾਂ ਬ੍ਰਿਜ ਭੂਸ਼ਣ ਦੀ ਹਮਾਇਤ ਕਰ ਰਿਹੈ ਮੀਡੀਆ: ਪਹਿਲਵਾਨ

ਖਿਡਾਰੀਆਂ ਦੀ ਥਾਂ ਬ੍ਰਿਜ ਭੂਸ਼ਣ ਦੀ ਹਮਾਇਤ ਕਰ ਰਿਹੈ ਮੀਡੀਆ: ਪਹਿਲਵਾਨ

ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਦਾ ਹੰਕਾਰ ਰਾਵਣ ਤੋਂ ਵੀ ਵੱਡਾ: ਵਿਨੇਸ਼ ਫੋਗਾਟ
ਨਵੀਂ ਦਿੱਲੀ – ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਪਹਿਲਵਾਨਾਂ ਨੇ ਦੋਸ਼ ਲਾਇਆ ਹੈ ਕਿ ਮੀਡੀਆ ਖਿਡਾਰੀਆਂ ਤੋਂ ਜ਼ਿਆਦਾ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਉਸ ਨੂੰ ਬੋਲਣ ਲਈ ਮੰਚ ਪ੍ਰਦਾਨ ਨਾ ਕਰਨ। ਮੀਡੀਆ ਨਾਲ ਗੱਲਬਾਤ ਕਰਦਿਆਂ ਬਜਰੰਗ ਪੂਨੀਆ ਨੇ ਕਿਹਾ,‘‘ਮੀਡੀਆ ਖਿਡਾਰੀਆਂ ਤੋਂ ਜ਼ਿਆਦਾ ਬ੍ਰਿਜ ਭੂਸ਼ਣ ਦੀ ਹਮਾਇਤ ਕਰ ਰਿਹਾ ਹੈ। ਤੁਸੀਂ ਉਸ ਦਾ ਅਪਰਾਧਿਕ ਰਿਕਾਰਡ ਦੇਖੋ। ਕੀ ਇਥੇ ਬੈਠੇ ਜਾਂ ਹੋਰ ਖੇਡਾਂ ਦੇ ਖਿਡਾਰੀਆਂ ਦਾ ਕੋਈ ਅਪਰਾਧਿਕ ਰਿਕਾਰਡ ਹੈ?’’ ਬਜਰੰਗ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਸ਼ ’ਚ ਸੰਸਦ ਮੈਂਬਰ ਬਣਨ ਨਾਲੋਂ ਬਹੁਤਾ ਮੁਸ਼ਕਲ ਓਲੰਪਿਕ ’ਚ ਤਗਮਾ ਜਿੱਤਣਾ ਹੁੰਦਾ ਹੈ। ਉਨ੍ਹਾਂ ਕਿਹਾ,‘‘ਖਿਡਾਰੀ ਦੇਸ਼ ਲਈ ਤਗਮੇ ਜਿੱਤਦੇ ਹਨ ਅਤੇ ਉਹ ਤਗਮਾ ਜੇਤੂਆਂ ਨੂੰ ਸਵਾਲ ਕਰ ਰਿਹਾ ਹੈ। ਦੇਸ਼ ’ਚ ਕਿੰਨੇ ਲੋਕ ਸੰਸਦ ਮੈਂਬਰ ਬਣਦੇ ਹਨ ਅਤੇ ਕਿੰਨੇ ਕੁ ਲੋਕ ਓਲੰਪਿਕ ਤਗਮੇ ਜਿੱਤਦੇ ਹਨ। ਅੱਜ ਦੀ ਤਰੀਕ ’ਚ ਮਸਾਂ 40 ਓਲੰਪਿਕ ਤਗਮਾ ਜੇਤੂ ਹਨ ਜਦਕਿ ਹਜ਼ਾਰਾਂ ਲੋਕ ਸੰਸਦ ਮੈਂਬਰ ਬਣ ਚੁੱਕੇ ਹਨ।’’ ਵਿਨੇਸ਼ ਫੋਗਾਟ ਨੇ ਬ੍ਰਿਜ ਭੂਸ਼ਣ ਵੱਲੋਂ ਪਹਿਲਵਾਨਾਂ ਦੇ ਸਿਆਸਤ ’ਚ ਸ਼ਾਮਲ ਹੋਣ ਦੇ ਲਾਏ ਗਏ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੱਤਾ। ਉਨ੍ਹਾਂ ਕਿਹਾ,‘‘ਅਸੀਂ ਕਿਸੇ ਸਿਆਸਤ ’ਚ ਸ਼ਾਮਲ ਨਹੀਂ ਹਾਂ। ਅਸੀਂ ਸਿੱਧੇ ਦਿਲ ਤੋਂ ਬੋਲਦੇ ਹਾਂ ਜਿਸ ਕਾਰਨ ਇਥੇ ਕਈ ਲੋਕ ਸਾਡੀ ਹਮਾਇਤ ’ਚ ਡਟੇ ਹੋਏ ਹਨ।’’ ਵਿਨੇਸ਼ ਨੇ ਕਿਹਾ ਕਿ ਉਸ ਵਿਅਕਤੀ (ਬ੍ਰਿਜ ਭੂਸ਼ਣ) ਦਾ ਹੰਕਾਰ ਰਾਵਣ ਨਾਲੋਂ ਵੀ ਵੱਡਾ ਹੈ। ‘ਜੇਕਰ ਉਹ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਬਰੀ ਹੋ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਹਾਰ ਪਾ ਸਕਦੇ ਹੋ ਪਰ ਉਸ ਨੂੰ ਅਜੇ ਵੀ ਹਾਰ ਪਾਏ ਜਾ ਰਹੇ ਹਨ। ਉਸ ਨੇ ਕੀ ਕੀਤਾ ਹੈ? ਅਸੀਂ ਜਦੋਂ ਤਗਮੇ ਜਿੱਤਦੇ ਹਾਂ ਤਾਂ ਸਾਨੂੰ ਹਾਰ ਪਾਏ ਜਾਂਦੇ ਹਨ। ਉਸ ਨੇ ਮਹਿਲਾ ਅਥਲੀਟਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਉਸ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮੈਂ ਅਪੀਲ ਕਰਦੀ ਹਾਂ ਕਿ ਉਸ ਨੂੰ ਕੋਈ ਮੰਚ ਪ੍ਰਦਾਨ ਨਾ ਕੀਤਾ ਜਾਵੇ।’ ਬਜਰੰਗ ਨੇ ਕਿਹਾ ਕਿ ਜੇਕਰ ਕਿਸੇ ਨੇ ਕੁਸ਼ਤੀ ਫੈਡਰੇਸ਼ਨ ’ਚ ਅਹੁਦਾ ਲੈਣਾ ਹੈ ਤਾਂ ਪਹਿਲਾਂ ਤੁਹਾਨੂੰ ਪ੍ਰਦੇਸ਼ ਐਸੋਸੀਏਸ਼ਨ ਦਾ ਮੈਂਬਰ ਬਣਨਾ ਪਵੇਗਾ। ‘ਅਸੀਂ ਕੁਸ਼ਤੀ ਫੈਡਰੇਸ਼ਨ ਦਾ ਕੰਟਰੋਲ ਨਹੀਂ ਚਾਹੁੰਦੇ ਹਾਂ। ਉਸ ਦਾ ਪੁੱਤਰ ਯੂਪੀ ਐਸੋਸੀਏਸ਼ਨ ਦਾ ਪ੍ਰਧਾਨ ਹੈ ਅਤੇ ਅੱਗੇ ਪੁੱਤਰ ਦਾ ਰਿਸ਼ਤੇਦਾਰ ਸਕੱਤਰ ਹੈ। ਉਸ ਦਾ ਇਕ ਹੋਰ ਰਿਸ਼ਤੇਦਾਰ ਪ੍ਰਦੇਸ਼ ਐਸੋਸੀਏਸ਼ਨ ਦਾ ਵੀ ਮੈਂਬਰ ਹੈ। ਉਹ ਸਾਡੇ ’ਤੇ ਪਰਿਵਾਰਵਾਦ ਦੇ ਦੋਸ਼ ਲਾ ਰਿਹਾ ਹੈ ਜਦਕਿ ਉਸ ਨੇ ਖੁਦ ਪਰਿਵਾਰਵਾਦ ਫੈਲਾਇਆ ਹੋਇਆ ਹੈ।’

ਜੰਤਰ-ਮੰਤਰ ’ਤੇ ਅਧਿਕਾਰੀਆਂ ਵੱਲੋਂ ਕੋਈ ਸਹਿਯੋਗ ਨਾ ਦਿੱਤੇ ਜਾਣ ਬਾਰੇ ਵਿਨੇਸ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇੱਥੇ ਇਕ ਰਾਤ ਗੁਜ਼ਾਰ ਕੇ ਦੇਖਣ ਤਾਂ ਪਤਾ ਲੱਗ ਜਾਵੇਗਾ ਕਿ ਅਧਿਕਾਰੀ ਪਹਿਲਵਾਨਾਂ ਦੀ ਕਿੰਨੀ ਕੁ ਸਹਾਇਤਾ ਕਰ ਰਹੇ ਹਨ।