ਬਾਦਲ ਦੇ ਦੇਹਾਂਤ ਮਗਰੋਂ ਗਿਲੇ ਸ਼ਿਕਵੇ ਅਗਨ ਭੇਟ ਕੀਤੇ: ਸਿੱਧੂ

ਬਾਦਲ ਦੇ ਦੇਹਾਂਤ ਮਗਰੋਂ ਗਿਲੇ ਸ਼ਿਕਵੇ ਅਗਨ ਭੇਟ ਕੀਤੇ: ਸਿੱਧੂ

ਨਵਜੋਤ ਸਿੱਧੂ ਵੱਲੋਂ ਸੁਖਬੀਰ ਤੇ ਹਰਸਿਮਰਤ ਨਾਲ ਦੁੱਖ ਸਾਂਝਾ
ਲੰਬੀ- ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਅੱਜ ਇੱਥੇ ਪਿੰਡ ਬਾਦਲ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਡੇ ਜਿਗਰੇ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਵਿੱਚ ਕਿਸੇ ਦੀ ਗੱਲ ਸੁਣਨ ਦੀ ਸਮਰੱਥਾ ਤੇ ਭੇਤ ਗੁਪਤ ਰੱਖਣ ਦਾ ਜਿਗਰਾ ਸੀ। ਇਸ ਮਗਰੋਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਸਿੱਧੂ ਨੇ 2006-07 ਵਿੱਚ ਪ੍ਰਕਾਸ਼ ਸਿੰੰਘ ਬਾਦਲ ਨਾਲ ਸਾਂਝੀਆਂ ਕੀਤੀਆਂ ਡੇਢ-ਦੋ ਸੌ ਰੈਲੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਬਿਤਾਏ ਚੰਗੇ ਪਲ ਹਮੇਸ਼ਾ ਯਾਦ ਰਹਿਣਗੇ। ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਉਨ੍ਹਾਂ ਦਾ ਗਿਲਾ-ਸ਼ਿਕਵਾ ਜੱਗ-ਜ਼ਾਹਰ ਹੈ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਮਗਰੋਂ ਹੁਣ ਉਨ੍ਹਾਂ ਸਾਰੇ ਗਿਲੇ ਅਗਨ ਭੇਟ ਕਰ ਦਿੱਤੇ ਹਨ। ਸਿੱਧੂ ਨੇ ਕਿਹਾ ਕਿ ਲੋਕ ਫਤਵੇ ਨਾਲ ਚੁਣੇ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਸਤਿਕਾਰ ਮਿਲਣਾ ਚਾਹੀਦਾ ਹੈ ਤੇ ਇਸੇ ਭਾਵਨਾ ਹਿੱਤ ਉਹ ਇੱਥੇ ਪੁੱਜੇ ਹਨ। ਮੌਜੂਦਾ ਦੌਰ ਵਿੱਚ ਸਿਆਸਤ ਦਾ ਲਹਿਜ਼ਾ ਬਦਲਣ ਸਬੰਧੀ ਪੁੱਛੇ ਜਾਣ ’ਤੇ ਸਿੱਧੂ ਨੇ ਕਿਹਾ ਕਿ ਜੇਕਰ ਅਸੀਂ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਵਿੱਚ ਸੂਬਾ ਰਹਿਣਯੋਗ ਨਹੀਂ ਬਚੇਗਾ।

ਧੂਮਲ ਤੇ ਠਾਕੁਰ ਸਣੇ ਹੋਰ ਬਾਦਲ ਪਰਿਵਾਰ ਨੂੰ ਮਿਲੇ

ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਤੇ ਉਨ੍ਹਾਂ ਦਾ ਪੁੱਤਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ ਨੇ ਅੱਜ ਬਾਦਲ ਪਰਿਵਾਰ ਨਾਲ ਮੁਲਾਕਾਤ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।