ਫਿਲਮ ਫੇਅਰ ਐਵਾਰਡ: ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੇ ਦਸ ਪੁਰਸਕਾਰ ਜਿੱਤੇ

ਫਿਲਮ ਫੇਅਰ ਐਵਾਰਡ: ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੇ ਦਸ ਪੁਰਸਕਾਰ ਜਿੱਤੇ

ਮੁੰਬਈ – ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੇ 68ਵੇਂ ਫਿਲਮ ਫੇਅਰ ਐਵਾਰਡ ਸਮਾਗਮ ਦੌਰਾਨ ਸਰਬੋਤਮ ਫਿਲਮ, ਸਰਬੋਤਮ ਨਿਰਦੇਸ਼ਕ, ਸਰਬੋਤਮ ਅਦਾਕਾਰ (ਫੀਮੇਲ), ਸਰਬੋਤਮ ਸੰਵਾਦ, ਸਰਬੋਤਮ ਪੋਸ਼ਾਕ, ਸਰਬੋਤਮ ਕੋਰਿਓਗ੍ਰਾਫ਼ੀ, ਸਰਬੋਤਮ ਸਿਨੇਮੈਟੋਗ੍ਰਾਫ਼ੀ ਤੇ ਸਰਬੋਤਮ ਪ੍ਰੋਡਕਸ਼ਨ ਡਿਜ਼ਾਈਨ ਸਣੇ ਕੁਲ ਦਸ ਪੁਰਸਕਾਰ ਜਿੱਤੇ ਹਨ। ਇਹ ਫਿਲਮ ਹੁਸੈਨ ਜ਼ੈਦੀ ਦੀ ਪੁਸਤਕ ‘ਮਾਫ਼ੀਆ ਕੁਈਨਜ਼ ਆਫ਼ ਮੁੰਬਈ’ ਦੀ ਇੱਕ ਕਹਾਣੀ ’ਤੇ ਆਧਾਰਿਤ ਸੀ।

ਸਮਾਗਮ ਦੀ ਮੇਜ਼ਬਾਨੀ ਅਦਾਕਾਰ ਸਲਮਾਨ ਖ਼ਾਨ ਨੇ ਕੀਤੀ। ਸਲਮਾਨ ਨਾਲ ਸਟੇਜ ’ਤੇ ਆਯੂਸ਼ਮਾਨ ਖੁਰਾਣਾ ਤੇ ਮਨੀਸ਼ ਪੌਲ ਨੇ ਵੀ ਸਟੇਜ ਸੰਭਾਲਿਆ। ਸਮਾਗਮ ਦੌਰਾਨ ਵਿੱਕੀ ਕੌਸ਼ਲ, ਗੋਵਿੰਦਾ, ਜਾਹਨਵੀ ਕਪੂਰ, ਟਾਈਗਰ ਸ਼ਰੌਫ਼ ਤੇ ਜੈਕਲੀਨ ਫਰਨਾਂਡੇਜ਼ ਨੇ ਪੇਸ਼ਕਾਰੀਆਂ ਦਿੱਤੀਆਂ। ਇਸ ਸਮਾਗਮ ਦੀ ਦੂਜੀ ਸਭ ਤੋਂ ਕਾਮਯਾਬ ਫਿਲਮ ਸੀ ‘ਬਧਾਈ ਦੋ’ ਜਿਸ ਦੀ ਆਲੋਚਕਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ ਹੈ। ਇਸ ਫਿਲਮ ਲਈ ਰਾਜਕੁਮਾਰ ਰਾਓ ਨੂੰ ਸਰਬੋਤਮ ਅਦਾਕਾਰ (ਮੇਲ) ਦੇ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਭੂਮੀ ਪੇਡਨੇਕਰ ਨੂੰ ‘ਬਧਾਈ ਦੋ’ ਲਈ ਅਤੇ ਤੱਬੂ ਨੂੰ ‘ਭੂਲ ਭੁਲੱਈਆ 2’ ਲਈ ਸਰਬੋਤਮ ਅਦਾਕਾਰਾ (ਕ੍ਰਿਟਿਕਸ) ਦੇ ਐਵਾਰਡ ਨਾਲ ਸਨਮਾਨਿਆ ਗਿਆ। ਹਰਸ਼ਵਰਧਨ ਕੁਲਕਰਨੀ ਵੱਲੋਂ ਨਿਰਦੇਸ਼ਿਤ ਫਿਲਮ ‘ਬਧਾਈ ਦੋ’ ਵਿੱਚ ਸਰਬੋਤਮ ਫਿਲਮ (ਕ੍ਰਿਟਿਕਸ), ਸਰਬੋਤਮ ਸਹਿ ਕਲਾਕਾਰ (ਫੀਮੇਲ) ਲਈ ਸ਼ੀਬਾ ਚੱਢਾ ਅਤੇ ਅਕਸ਼ਿਤ ਘਿਲਦਿਆਲ ਤੇ ਸੁਮਨ ਅਧਿਕਾਰੀ ਨੇ ਕ੍ਰਮਵਾਰ ਸਰਬੋਤਮ ਕਹਾਣੀ ਤੇ ਸਰਬੋਤਮ ਸਕ੍ਰੀਨਪਲੇਅ ਦਾ ਪੁਰਸਕਾਰ ਹਾਸਲ ਕੀਤਾ ਹੈ। ਇਸ ਤੋਂ ਬਿਨਾਂ ਅਦਾਕਾਰ ਸੰਜੈ ਮਿਸ਼ਰਾ ਨੇ ਫਿਲਮ ‘ਵਧ’ ਲਈ ‘ਸਰਬੋਤਮ ਅਦਾਕਾਰ (ਕ੍ਰਿਟਿਕਸ) ਦਾ ਪੁਰਸਕਾਰ ਜਿੱਤਿਆ। ਅਦਾਕਾਰ ਜੋੜੀ ਆਲੀਆ ਭੱਟ ਤੇ ਰਣਬੀਰ ਕਪੂਰ ਦੀ ਫਿਲਮ ‘ਬ੍ਰਹਮਾਸਤਰ: ਭਾਗ 1’ ਲਈ ਪ੍ਰੀਤਮ ਨੂੰ ਸਰਬੋਤਮ ਸੰਗੀਤ ਐਲਬਮ, ਅਮਿਤਾਭ ਭੱਟਾਚਾਰੀਆ ਨੂੰ ਗੀਤ ‘ਕੇਸਰੀਆ’ ਲਈ ਸਰਬੋਤਮ ਬੋਲ, ਅਰਿਜੀਤ ਨੂੰ ਸਰਬੋਤਮ ਪਿੱਠਵਰਤੀ ਗਾਇਕ ਸਮੇਤ ਫਿਲਮ ਨੂੰ ਸਰਬੋਤਮ ਸਾਊਂਡ ਡਿਜ਼ਾਈਨ ਤੇ ਵੀਐੱਫਐਕਸ ਪੁਰਸਕਾਰ ਮਿਲੇ ਹਨ। ਇਸ ਤੋਂ ਬਿਨਾਂ ਅਨਿਲ ਕਪੂਰ ਨੂੰ ‘ਜੁਗ ਜੁਗ ਜੀਓ’ ਲਈ ਸਰਬੋਤਮ ਸਹਿ ਅਦਾਕਾਰ ਦਾ ਪੁਰਸਕਾਰ ਵੀ ਮਿਲਿਆ। ਇਸ ਮੌਕੇ ਸੀਨੀਅਰ ਅਦਾਕਾਰ ਪ੍ਰੇਮ ਚੋਪੜਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ।