ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਚੁਗੀਆਂ

ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਚੁਗੀਆਂ

ਪਰਿਵਾਰਕ ਮੈਂਬਰਾਂ ਨੇ ਨਿਭਾਈ ਰਸਮ; ਹਰਨਾਮ ਸਿੰਘ ਧੁੰਮਾ ਅਤੇ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਕੀਤੀ
ਲੰਬੀ- ਪਿੰਡ ਬਾਦਲ ਵਿੱਚ ਅੱਜ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਚੁਗਣ ਦੀ ਰਸਮ ਹੋਈ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਕੀਤੀ। ਫੁੱਲਾਂ ਦੀ ਰਸਮ ਉਨ੍ਹਾਂ ਦੀਆਂ ਪੋਤਰੀਆਂ ਹਰਲੀਨ ਕੌਰ, ਗੁਰਲੀਨ ਕੌਰ ਤੇ ਰੀਆ ਦੇ ਨਾਲ ਪੁੱਤਰ ਸੁਖਬੀਰ ਸਿੰਘ ਬਾਦਲ, ਪੁੱਤਰੀ ਪਰਨੀਤ ਕੌਰ ਤੇ ਨੂੰਹ ਹਰਸਿਮਰਤ ਕੌਰ ਬਾਦਲ, ਪੋਤਰੇ ਅਨੰਤਬੀਰ ਤੇ ਅਰਜੁਨ ਨੇ ਨਿਭਾਈ। ਇਸ ਮੌਕੇ ਉਨ੍ਹਾਂ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ, ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ, ਮੇਜਰ ਭੁਪਿੰਦਰ ਸਿੰਘ ਬਾਦਲ, ਪਰਮਜੀਤ ਸਿੰਘ ਲਾਲੀ ਬਾਦਲ, ਹਰਇੰਦਰ ਸਿੰਘ ਬਾਦਲ, ਭਤੀਜੇ ਮਨਪ੍ਰੀਤ ਸਿੰਘ ਬਾਦਲ, ਵੀਨੂੰ ਬਾਦਲ, ਬਿਕਰਮਜੀਤ ਮਜੀਠੀਆ, ਫਤਿਹ ਸਿੰਘ ਬਾਦਲ, ਬੌਬੀ ਬਾਦਲ, ਅਮਰਬੀਰ ਬਾਦਲ, ਗੁਰਮੇਹਰ ਬਾਦਲ ਅਤੇ ਜਗਜੀਤ ਹਨੀ ਫੱਤਣਵਾਲਾ ਸਮੇਤ ਹੋਰਨਾਂ ਨੇ ਰਸਮਾਂ ਮੁਕੰਮਲ ਕੀਤੀਆਂ।

ਇਸ ਮੌਕੇ ਲੰਬੀ ਹਲਕੇ ਦੇ ਸਰਕਲ ਜਥੇਦਾਰ ਅਵਤਾਰ ਸਿੰਘ ਬਨਵਾਲਾ ਦੀ ਅਗਵਾਈ ਹੇਠ ਅੰਗੀਠਾ ਸੰਭਾਲਣ ਦੀ ਰਸਮ ਅਦਾ ਕੀਤੀ ਗਈ। ਚੱਕ ਫਤਿਹ ਸਿੰਘ ਵਾਲਾ ਤੋਂ ਪੁੱਜੇ ਸਾਬਕਾ ਮੁੱਖ ਮੰਤਰੀ ਬਾਦਲ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਸਿਵਾ ਢਕਣ ਦੀ ਰਸਮ ਨਿਭਾਈ। ਦੱਸਣਾ ਬਣਦਾ ਹੈ ਕਿ ਸਾਬਕਾ ਮੁੱਖ ਮੰਤਰੀ ਦੀਆਂ ਅਸਥੀਆਂ ਪ੍ਰਵਾਹ ਕਰਨ ਬਾਰੇ ਪ੍ਰੋਗਰਾਮ ਹਾਲੇ ਤੈਅ ਨਹੀਂ ਹੋਇਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਸਾਬਕਾ ਵਿਧਾਇਕ ਜਗਦੀਪ ਨਕਈ ਅਤੇ ਗੁਰਤੇਜ ਸਿੰਘ ਘੁੜਿਆਣਾ, ਗੁਰਬਖਸ਼ੀਸ਼ ਸਿੰਘ ਵਿੱਕੀ, ਡਿੰਪੀ ਢਿੱਲੋਂ, ਸੰਨੀ ਢਿੱਲੋਂ ਮੌਜੂਦ ਸਨ।

ਬਾਦਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 4 ਮਈ ਨੂੰ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 4 ਮਈ ਨੂੰ ਹੋਵੇਗਾ। ਹਾਲਾਂਕਿ ਹਾਲੇ ਇਸ ਸਮਾਗਮ ਲਈ ਥਾਂ ਨਿਰਧਾਰਿਤ ਨਹੀਂ ਕੀਤੀ ਜਾ ਸਕੀ ਹੈ।

ਧਾਰਮਿਕ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਪਿੰਡ ਬਾਦਲ ਵਿਚ ਫੁੱਲਾਂ ਦੀ ਰਸਮ ਉਪਰੰਤ ਬਾਦਲ ਹਾਊਸ ’ਤੇ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਪ੍ਰਗਟਾਉਣ ਲਈ ਵੱਡੀ ਗਿਣਤੀ ’ਚ ਧਾਰਮਿਕ ਅਤੇ ਰਾਜਸੀ ਸ਼ਖ਼ਸੀਅਤਾਂ ਪੁੱਜੀਆਂ ਜਿਨ੍ਹਾਂ ’ਚ ਡੇਰਾ ਬੱਲਾਂ ਤੋਂ ਸੰਤ ਮਨਦੀਪ ਦਾਸ, ਸੰਤ ਲੇਖ ਰਾਜ, ਟਰੱਸਟੀ ਹਰਦੇਵ ਦਾਸ ਅਤੇ ਕਬੀਰ ਦਾਸ, ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਬਾਬਾ ਪ੍ਰੀਤਮ ਸਿੰਘ ਦੁਮਾਲੀ ਵਾਲੇ, ਬਾਬਾ ਅਜੀਤ ਸਿੰਘ, ਰੇਸ਼ਮ ਸਿੰਘ ਚੱਕ ਪੱਖੀ, ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਵਿਧਾਇਕ ਗੁਰਪ੍ਰੀਤ ਬਣਾਂਵਾਲੀ, ਹਰਪਾਲ ਜੁਨੇਜਾ ਆਦਿ ਮੌਜੂਦ ਸਨ।