ਪੁਣਛ ਦਹਿਸ਼ਤੀ ਹਮਲਾ: ਭਗਵੰਤ ਮਾਨ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ

ਪੁਣਛ ਦਹਿਸ਼ਤੀ ਹਮਲਾ: ਭਗਵੰਤ ਮਾਨ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ

ਚਾਰੇ ਸ਼ਹੀਦਾਂ ਦੇ ਨਾਂ ’ਤੇ ਸਕੂਲਾਂ ਤੇ ਸਟੇਡੀਅਮਾਂ ਦੇ ਨਾਮ ਰੱਖਣ ਦਾ ਐਲਾਨ; ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੇ ਚੈੱਕ ਸੌਂਪੇ
ਮੋਗਾ – ਜੰਮੂ ਕਸ਼ਮੀਰ ਦੇ ਪੁਣਛ ਵਿੱਚ ਦਹਿਸ਼ਤੀ ਹਮਲੇ ’ਚ ਬੀਤੀ 20 ਅਪਰੈਲ ਨੂੰ ਸ਼ਹੀਦ ਹੋਏ ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਜਵਾਨਾਂ ਦੇ ਪਰਿਵਾਰਾਂ ਨਾਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਚਾਰਾਂ ਸ਼ਹੀਦਾਂ ਦੇ ਪਿੰਡਾਂ ਵਿੱਚ ਪਰਿਵਾਰਾਂ ਨੂੰ ਮਿਲਣ ਪੁੱਜੇ। ਭਗਵੰਤ ਮਾਨ ਨੇ ਮੋਗਾ ਨੇੜਲੇ ਪਿੰਡ ਚੜਿੱਕ ਦੀ ਪੱਤੀ ਜੰਗੀਰ ਵਿੱਚ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਸ਼ਹੀਦ ਜਵਾਨ ਦਾ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਜੰਗ ’ਚ ਸ਼ਹੀਦ ਹੋ ਗਿਆ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰ ਕੇ ਸਕੂਲ ਦਾ ਨਾਮ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਮ ’ਤੇ ਰੱਖਣ ਅਤੇ ਜੱਦੀ ਪਿੰਡ ਵਿੱਚ ਯਾਦਗਾਰੀ ਖੇਡ ਮੈਦਾਨ ਦਾ ਨਿਰਮਾਣ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਲਾਂਸ ਨਾਇਕ ਕੁਲਵੰਤ ਸਿੰਘ ਇਸ ਪਰਿਵਾਰ ਤੋਂ ਦੂਜੀ ਪੀੜ੍ਹੀ ਦਾ ਸ਼ਹੀਦ ਹੈ। ਭਗਵੰਤ ਮਾਨ ਨੇ ਕਿਹਾ ਕਿ ਦੋਵਾਂ ਸ਼ਹੀਦਾਂ ਦੇ ਬੁੱਤ ਅਪਗ੍ਰੇਡ ਕੀਤੇ ਗਏ ਸਕੂਲ ਦੇ ਕੈਂਪਸ ਵਿਚ ਸਥਾਪਤ ਕੀਤੇ ਜਾਣਗੇ। ਉਨ੍ਹਾਂ ਪੀੜਤ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਦਿਆਂ ਭਰੋਸਾ ਦਿੱਤਾ ਕਿ ਆਸ਼ਰਿਤ ਨੂੰ ਨੌਕਰੀ ਦੇਣ ਦੀ ਨੀਤੀ ਦੇ ਆਧਾਰ ’ਤੇ ਫੌਜ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ।