ਉੱਘੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ

ਉੱਘੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ

ਸਾਬਕਾ ਮੁੱਖ ਮੰਤਰੀ ਨੇ ਫੋਰਟਿਸ ਹਸਪਤਾਲ ’ਚ ਲਏ ਆਖ਼ਰੀ ਸਾਹ; ਪਿਛਲੇ ਇਕ ਹਫ਼ਤੇ ਤੋਂ ਸਨ ਜ਼ੇਰੇ ਇਲਾਜ
ਐੱਸਏਐੱਸ ਨਗਰ (ਮੁਹਾਲੀ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ ਅਤੇ ਮੰਗਲਵਾਰ ਦੇਰ ਸ਼ਾਮ ਨੂੰ ਉਨ੍ਹਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਹ ਪਿਛਲੇ ਬੁੱਧਵਾਰ ਤੋਂ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਦਾਖ਼ਲ ਸਨ। ਉਹ ਦਿਲ ਦੇ ਰੋਗ ਤੋਂ ਪੀੜਤ ਸਨ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ। ਅੰਤਿਮ ਸਮੇਂ ਵੱਡੇ ਬਾਦਲ ਕੋਲ ਉਨ੍ਹਾਂ ਦੀ ਨੂੰਹ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਮੌਜੂਦ ਸਨ। ਇਸ ਦੌਰਾਨ ਪੰਜਾਬ ਸਰਕਾਰ ਨੇ ਭਲਕੇ ਇਕ ਦਿਨਾ ਛੁੱਟੀ ਜਦੋਂ ਕਿ ਕੇਂਦਰ ਸਰਕਾਰ ਨੇ ਦੋ ਰੋਜ਼ਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਸਰਕਾਰੀ ਇਮਾਰਤਾਂ ’ਤੇ ਕੌਮੀ ਝੰਡੇ ਅੱਧੇ ਝੁਕੇ ਰਹਿਣਗੇ।
ਬੀਬੀ ਬਾਦਲ ਅੱਜ ਦਿਨ ਭਰ ਹਸਪਤਾਲ ਵਿੱਚ ਵੱਡੇ ਬਾਦਲ ਕੋਲ ਹੀ ਰਹੇ ਅਤੇ ਡਾਕਟਰਾਂ ਤੋਂ ਪਲ-ਪਲ ਦੀ ਖ਼ਬਰ ਲੈਂਦੇ ਰਹੇ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਦੇਰ ਰਾਤ ਤੱਕ ਹਸਪਤਾਲ ਵਿੱਚ ਮੌਜੂਦ ਰਹੇ। ਉਨ੍ਹਾਂ ਡਾਕਟਰਾਂ ਨਾਲ ਗੱਲ ਕਰਕੇ ਵੱਡੇ ਬਾਦਲ ਦੀ ਸਿਹਤ ਅਤੇ ਇਲਾਜ ਪ੍ਰਕਿਰਿਆ ਬਾਰੇ ਤਫ਼ਸੀਲ ਵਿੱਚ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਸਮਰੀ ਰਿਪੋਰਟ ਵੀ ਚੈੱਕ ਕੀਤੀ ਸੀ। ਅੱਜ ਦਿਨ ਵਿੱਚ ਹੀ ਸ੍ਰੀ ਬਾਦਲ ਦੀ ਹਾਲਤ ਪਹਿਲਾਂ ਨਾਲੋਂ ਕੁੱਝ ਬਿਹਤਰ ਦੱਸੀ ਜਾ ਰਹੀ ਸੀ ਪਰ ਦੇਰ ਸ਼ਾਮ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਬਾਦਲ ਪਰਿਵਾਰ ਵੱਲੋਂ ਪਿਛਲੇ ਐਤਵਾਰ ਉਨ੍ਹਾਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪ੍ਰਾਈਵੇਟ ਵਾਰਡ ਵਿੱਚ ਦਾਖ਼ਲ ਕਰ ਲਿਆ ਸੀ। ਇਲਾਜ ਦੌਰਾਨ ਬੀਤੇ ਬੁੱਧਵਾਰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਵਾਰਡ ’ਚੋਂ ਤੁਰੰਤ ਮੈਡੀਕਲ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹੇ।
ਹਾਲਾਂਕਿ ਬੀਤੇ ਦਿਨੀਂ ਵੱਡੇ ਬਾਦਲ ਦੀ ਸਿਹਤ ਵਿੱਚ ਸੁਧਾਰ ਆਉਣ ਅਤੇ ਐਤਵਾਰ ਨੂੰ ਉਨ੍ਹਾਂ (ਬਾਦਲ) ਨੂੰ ਆਈਸੀਯੂ ’ਚੋਂ ਦੁਬਾਰਾ ਪ੍ਰਾਈਵੇਟ ਵਾਰਡ ਵਿੱਚ ਸ਼ਿਫ਼ਟ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਸਕਦੀ ਹੈ, ਪ੍ਰੰਤੂ ਅੱਜ ਉਹ ਬਿਮਾਰੀ ਨਾਲ ਲੜਦਿਆਂ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਵਿਸ਼ਵ ਭਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਨੈਸ਼ਨਲ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਸ਼ੋਕ ਸੁਨੇਹੇ ਆਉਣੇ ਸ਼ੁਰੂ ਹੋ ਗਏ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਵੱਡੇ ਬਾਦਲ ਸਖ਼ਤ ਬਿਮਾਰ ਹੋ ਗਏ ਸਨ। ਜਨਵਰੀ ਮਹੀਨੇ ਉਹ ਰੁਟੀਨ ਚੈੱਕਅਪ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਗਏ ਸਨ, ਜਿੱਥੇ ਉਨ੍ਹਾਂ ਦੀ ਕੋਵਿਡ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਅਤੇ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਰਹਿਣਾ ਪਿਆ ਸੀ। ਹਾਲਾਂਕਿ ਬਿਹਤਰ ਇਲਾਜ ਤੋਂ ਬਾਅਦ ਉਹ ਇਸ ਬਿਮਾਰੀ ਤੋਂ ਉੱਭਰ ਗਏ ਸਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਮੁੜ ਵਰਕਰਾਂ ਨੂੰ ਮਿਲਣਾ ਅਤੇ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਸੀ। ਕਰੀਬ ਸਵਾ ਸਾਲ ਬਾਅਦ ਹੁਣ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੇਸ਼ ਦੇ ਕਈ ਹੋਰਾਂ ਸੂਬਿਆਂ ਦੇ ਮੁੱਖ ਮੰਤਰੀਆਂ, ਸਿਆਸੀ ਆਗੂਆਂ ਤੇ ਰਾਜਪਾਲਾਂ ਨੇ ਵੀ ਸ੍ਰੀ ਬਾਦਲ ਦੇ ਦੇਹਾਂਤ ਉਤੇ ਅਫ਼ਸੋਸ ਜ਼ਾਹਿਰ ਕੀਤਾ ਹੈ।