ਤਿਲੰਗਾਨਾ ’ਚ ਬੀਆਰਐੱਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ: ਸ਼ਾਹ

ਤਿਲੰਗਾਨਾ ’ਚ ਬੀਆਰਐੱਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ: ਸ਼ਾਹ

ਹੈਦਰਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਤਿਲੰਗਾਨਾ ਦੀ ਕੇ ਚੰਦਰਸ਼ੇਖਰ ਰਾਓ ਦੀ ਅਗਵਾਈ ਹੇਠਲੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਸੱਤਾ ’ਚੋਂ ਬਾਹਰ ਕੀਤੇ ਬਿਨਾਂ ਨਹੀਂ ਰੁਕੇਗੀ।

ਇੱਥੇ ਚੇਵੱਲਾ ’ਚ ‘ਵਿਜੈ ਸੰਕਲਪ ਰੈਲੀ’ ਦੇ ਨਾਂ ’ਤੇ ਰੱਖੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਜੇਕਰ ਭਾਜਪਾ ਤਿਲੰਗਾਨਾ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਉਹ ਮੁਸਲਮਾਨਾਂ ਨੂੰ ਦਿੱਤਾ ਰਾਖਵਾਂਕਰਨ ਖਤਮ ਕਰੇਗੀ। ਜ਼ਿਕਰਯੋਗ ਹੈ ਕਿ ਤਿਲੰਗਾਨਾ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ਼ਾਹ ਨੇ ਕਿਹਾ, ‘ਸੂਬੇ ’ਚ ਅੱਠ-ਨੌਂ ਸਾਲ ਤੋਂ ਭ੍ਰਿਸ਼ਟ ਸਰਕਾਰ ਚਲਾ ਰਹੀ ਹਾਕਮ ਬੀਆਰਐੱਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਸਾਰੀ ਦੁਨੀਆ ਬੀਆਰਐੱਸ ਅਤੇ ਕੇ ਚੰਦਰਸ਼ੇਖਰ ਰਾਓ (ਜਿਨ੍ਹਾਂ ਨੂੰ ਕੇਸੀਆਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ਖ਼ਿਲਾਫ਼ ਗੁੱਸੇ ਨੂੰ ਦੇਖ ਰਹੀ ਹੈ। ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਤਿਲੰਗਾਨਾ ’ਚ ਸਰਕਾਰ ਬਣਾ ਰਹੀ ਹੈ ਅਤੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ’ਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ, ‘ਤਿਲੰਗਾਨਾ ਦੀ ਜਨਤਾ ਤੁਹਾਡੇ (ਕੇਸੀਆਰ) ਅਤੇ ਤੁਹਾਡੇ ਪਰਿਵਾਰ ਦੇ ਭ੍ਰਿਸ਼ਟਾਚਾਰ ਨੂੰ ਜਾਣ ਚੁੱਕੀ ਹੈ। ਧਿਆਨ ਭਟਕਾਉਣ ਲਈ ਉਨ੍ਹਾਂ ਟੀਆਰਐੱਸ ਨੂੰ ਬੀਆਰਐੱਸ ਬਣਾਇਆ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ’ਚ ਪੁਲੀਸ ਤੇ ਪ੍ਰਸ਼ਾਸਨ ਦਾ ਸਿਆਸੀਕਰਨ ਹੋ ਚੁੱਕਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚ ਰਿਹਾ।