ਅੰਮ੍ਰਿਤਪਾਲ ਸਿੰਘ ਪਿੰਡ ਰੋਡੇ ਤੋਂ ਗ੍ਰਿਫ਼ਤਾਰ

ਅੰਮ੍ਰਿਤਪਾਲ ਸਿੰਘ ਪਿੰਡ ਰੋਡੇ ਤੋਂ ਗ੍ਰਿਫ਼ਤਾਰ

ਚੰਡੀਗੜ੍ਹ- ਪੰਜਾਬ ਪੁਲੀਸ ਨੇ ਸਾਂਝਾ ਅਪਰੇਸ਼ਨ ਕਰਕੇ 35 ਦਿਨਾਂ ਤੋਂ ਫ਼ਰਾਰ ਚੱਲ ਰਹੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਨੂੰ ਅੱਜ ਤੜਕਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅੰਮ੍ਰਿਤਸਰ (ਦਿਹਾਤੀ) ਦੇ ਐੱਸਐੱਸਪੀ ਸਤਿੰਦਰ ਸਿੰਘ ਅਤੇ ਇੰਟੈਲੀਜੈਂਸ ਦੇ ਸਾਂਝੇ ਅਪਰੇਸ਼ਨ ਤਹਿਤ ਅੱਜ ਸਵੇਰੇ 6.45 ਵਜੇ ਪਿੰਡ ਰੋਡੇ ਤੋਂ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਦੇ ਆਈਜੀ ਡਾ. ਸੁਖਚੈਨ ਸਿੰਘ ਗਿੱਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਸੁਰੱਖਿਆ ਐਕਟ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਅੰਮ੍ਰਿਤਪਾਲ ਨੂੰ ਫੜਨ ਲਈ 18 ਮਾਰਚ ਤੋਂ ਸ਼ੁਰੂ ਹੋਇਆ ਅਪਰੇਸ਼ਨ ਅੱਜ ਖ਼ਤਮ ਹੋ ਗਿਆ ਹੈ।
ਪੰਜਾਬ ਪੁਲੀਸ ਦੇ ਬੁਲਾਰੇ ਡਾ.ਗਿੱਲ ਨੇ ਦਾਅਵਾ ਕੀਤਾ ਕਿ ਪਿੰਡ ਰੋਡੇ ਦੀ ਏਨੀ ਘੇਰਾਬੰਦੀ ਕੀਤੀ ਗਈ ਕਿ ਅੰਮ੍ਰਿਤਪਾਲ ਨੂੰ ਬਚਣ ਦਾ ਕੋਈ ਰਾਹ ਨਾ ਲੱਭਾ ਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਵੱਲੋਂ ਪਿੰਡ ਰੋਡੇ ਦੇ ਗੁਰਦੁਆਰਾ ਸੰਤ ਖ਼ਾਲਸਾ ’ਚ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ ਤੇ ਉਸ ਨੇ ਸੰਗਤਾਂ ਨੂੰ ਵੀ ਸੰਬੋਧਨ ਕੀਤਾ। ਉਸ ਮਗਰੋਂ ਅੰਮ੍ਰਿਤਪਾਲ ਵੱਲੋਂ ਆਤਮ ਸਮਰਪਣ ਕੀਤੇ ਜਾਣ ਦੀ ਗੱਲ ਵੀ ਆਖੀ ਗਈ। ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਵੀ ਕਿਹਾ ਕਿ ਅੰਮ੍ਰਿਤਪਾਲ ਨੇ ਖ਼ੁਦ ਹੀ ਗੁਰੂ ਘਰ ’ਚੋਂ ਬਾਹਰ ਜਾ ਕੇ ਆਪਣੀ ਮਰਜ਼ੀ ਨਾਲ ਆਤਮ ਸਮਰਪਣ ਕੀਤਾ ਹੈ। ਪੁਲੀਸ ਗ੍ਰਿਫ਼ਤਾਰੀ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਦੇ ਹਵਾਈ ਅੱਡੇ ’ਤੇ ਲੈ ਕੇ ਗਈ, ਜਿੱਥੋਂ ਵਿਸ਼ੇਸ਼ ਹਵਾਈ ਜਹਾਜ਼ ਵਿਚ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ। ਡਿਬਰੂਗੜ੍ਹ ਦੇ ਹਵਾਈ ਅੱਡੇ ਤੋਂ ਜੇਲ੍ਹ ਤੱਕ ਦੇ ਰਸਤੇ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਅਤੇ ਕਰੀਬ ਸਵਾ ਦੋ ਵਜੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ’ਚ ਛੱਡਿਆ ਗਿਆ, ਜਿੱਥੇ ਉਸ ਦੇ 9 ਸਾਥੀ ਪਹਿਲਾਂ ਹੀ ਐੱਨਐੱਸਏ ਤਹਿਤ ਬੰਦ ਹਨ। ਪੰਜਾਬ ਪੁਲੀਸ ਨੇ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਮਗਰੋਂ ਪੂਰੇ ਪੰਜਾਬ ਵਿਚ ਚੌਕਸੀ ਵਧਾ ਦਿੱਤੀ ਹੈ। ਪੁਲੀਸ ਨੇ ਪਿੰਡ ਰੋਡੇ, ਮੁਹਾਲੀ ਅਤੇ ਮੁਕਤਸਰ ਸਮੇਤ ਦਰਜਨਾਂ ਸ਼ਹਿਰਾਂ ਵਿਚ ਫਲੈਗ ਮਾਰਚ ਵੀ ਕੀਤਾ।ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹ ਭਗੌੜੇ ਅੰਮ੍ਰਿਤਪਾਲ ਨੂੰ ਫੜਨ ਲਈ ਸ਼ਨਿੱਚਰਵਾਰ ਸ਼ਾਮ ਤੋਂ ਚੱਲ ਰਹੇ ਅਪ੍ਰੇਸ਼ਨ ਬਾਰੇ ਜਾਣੂ ਸਨ। ਸ਼ਨਿੱਚਰਵਾਰ-ਐਤਵਾਰ ਦੀ ਰਾਤ ਉਹ ਸੁੱਤੇ ਵੀ ਨਹੀਂ ਕਿਉਂਕਿ ਉਹ ਅਧਿਕਾਰੀਆਂ ਤੋਂ ਹਰ 15 ਮਿੰਟ ਬਾਅਦ ਜਾਣਕਾਰੀ ਲੈਂਦੇ ਸਨ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਮਗਰੋਂ ਆਈਜੀ ਡਾ.ਗਿੱਲ ਨੇ ਦੱਸਿਆ ਕਿ ਕਿਸੇ ਖ਼ਾਸ ਸੂਚਨਾ ਦੇ ਆਧਾਰ ’ਤੇ ਪੁਲੀਸ ਵੱਲੋਂ ਸਾਂਝਾ ਅਪਰੇਸ਼ਨ ਚਲਾ ਕੇ ਸਵੇਰ ਵਕਤ ਪਿੰਡ ਰੋਡੇ ਤੋਂ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲੀਸ ਨੇ ਪੂਰੇ ਸੰਜਮ ਤੇ ਠਰ੍ਹੰਮੇ ਤੋਂ ਕੰਮ ਲੈਂਦਿਆਂ ਗੁਰੂ ਘਰ ਦੀ ਮਰਯਾਦਾ ਦਾ ਪੂਰਾ ਖ਼ਿਆਲ ਰੱਖਿਆ। ਪੁਲੀਸ ਗੁਰੂ ਘਰ ਵਿਚ ਦਾਖਲ ਨਹੀਂ ਹੋਈ ਅਤੇ ਜਦੋਂ ਅੰਮ੍ਰਿਤਪਾਲ ਕੋਲ ਭੱਜਣ ਦਾ ਕੋਈ ਰਾਹ ਨਾ ਬਚਿਆ ਤਾਂ ਉਸ ਨੇ ਗ੍ਰਿਫ਼ਤਾਰੀ ਦੇ ਦਿੱਤੀ। ਚੇਤੇ ਰਹੇ ਕਿ ਪਿੰਡ ਰੋਡੇ ਵਿਚ ਦਸਤਾਰਬੰਦੀ ਹੋਣ ਮਗਰੋਂ ਅੰਮ੍ਰਿਤਪਾਲ ਨੇ ਆਪਣੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।
ਅੰਮ੍ਰਿਤਪਾਲ ਸਿੰਘ ਨੇ ਆਪਣੇ ਇਕ ਸਾਥੀ (ਲਵਪ੍ਰੀਤ ਸਿੰਘ ਤੂਫ਼ਾਨ) ਨੂੰ ਥਾਣੇ ’ਚੋਂ ਛੁਡਾਉਣ ਲਈ 23 ਫਰਵਰੀ ਨੂੰ ਆਪਣੇ ਸਮਰਥਕਾਂ ਸਣੇ ਅਜਨਾਲਾ ਥਾਣੇ ’ਤੇ ਹਮਲਾ ਬੋਲਿਆ ਸੀ। ਉਸ ਮਗਰੋਂ ਪੁਲੀਸ ਨੇ ਅੰਮ੍ਰਿਤਪਾਲ ਨੂੰ ਫੜਨ ਲਈ ਵਿਸ਼ੇਸ਼ ਅਪਰੇਸ਼ਨ ਚਲਾਇਆ। ਇਸ ਦੌਰਾਨ ਉਸ ਦੇ ਸਾਥੀ ਫੜੇ ਗਏ, ਪਰ ਉਹ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਿਆ ਸੀ। ਕਈ ਸੂਬਿਆਂ ਵਿਚ ਗੇੜਾ ਮਾਰਨ ਮਗਰੋਂ ਉਹ 28 ਮਾਰਚ ਨੂੰ ਮੁੜ ਹੁਸ਼ਿਆਰਪੁਰ ਨਜ਼ਰ ਆਇਆ, ਪਰ ਇਸ ਵਾਰ ਵੀ ਉਹ ਬਚ ਕੇ ਨਿਕਲ ਗਿਆ। ਪੰਜਾਬ ਪੁਲੀਸ ਲਈ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਵੱਕਾਰ ਦਾ ਸੁਆਲ ਬਣੀ ਹੋਈ ਸੀ। ਡੀਆਈਜੀ (ਬਾਰਡਰ ਰੇਂਜ) ਨਰਿੰਦਰ ਭਾਰਗਵ ਅਤੇ ਸਮੁੱਚੀ ਟੀਮ ਨੇ ਅੰਮ੍ਰਿਤਪਾਲ ਦੇ ਨੇੜਲੇ ਸਾਥੀਆਂ ਪੱਪਲਪ੍ਰੀਤ ਸਿੰਘ ਅਤੇ ਜੋਗਾ ਸਿੰਘ ਆਦਿ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਫ਼ਰਾਰੀ ਦੌਰਾਨ ਅੰਮ੍ਰਿਤਪਾਲ ਵੱਲੋਂ ਦੋ ਵੀਡੀਓਜ਼ ਅਤੇ ਇੱਕ ਆਡੀਓ ਕਲਿੱਪ ਵੀ ਜਾਰੀ ਕੀਤੀ ਗਈ ਸੀ। ਪੁਲੀਸ ਨੇ ਹਾਲ ਹੀ ਵਿਚ 20 ਅਪਰੈਲ ਨੂੰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਯੂਕੇ ਲਈ ਉਡਾਣ ਭਰਨ ਤੋਂ ਰੋਕ ਦਿੱਤਾ ਸੀ। ਮਾਰਚ ’ਚ ਅੰਮ੍ਰਿਤਪਾਲ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ ਅਤੇ ਪੁਲੀਸ ਨੇ ਉਸ ਦੀਆਂ ਵੱਖ ਵੱਖ ਭੇਸਾਂ ਵਾਲੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੰਘੇ ਕੱਲ੍ਹ ਹੀ ਪੰਜਾਬ ਸਰਕਾਰ ਦੇ ਕੰਮ ਦੀ ਤਾਰੀਫ਼ ਕੀਤੀ ਸੀ। ਆਈਜੀ ਸੁਖਚੈਨ ਸਿੰਘ ਗਿੱਲ ਨੇ ਸ਼ਾਂਤੀ ਬਣਾਏ ਰੱਖਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਇਹ ਤਾੜਨਾ ਵੀ ਕੀਤੀ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੂੰ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ ਤੇ ਸਖ਼ਤੀ ਨਾਲ ਨਜਿੱਠਿਆ ਜਾਵੇਗਾ। -ਸਹਿਯੋਗੀ ਪੱਤਰਕਾਰ ਬਾਘਾ ਪੁਰਾਣਾ ਤੋਂ ਯਸ਼ ਚਟਾਨੀ ਤੇ ਸਮਾਲਸਰ ਤੋਂ ਗੁਰਜੰਟ ਕਲਸੀ