ਬੀਮਾ ਘੁਟਾਲਾ: ਸੀਬੀਆਈ ਵੱਲੋਂ ਸੱਤਿਆਪਾਲ ਮਲਿਕ ਨੂੰ ਸੰਮਨ

ਬੀਮਾ ਘੁਟਾਲਾ: ਸੀਬੀਆਈ ਵੱਲੋਂ ਸੱਤਿਆਪਾਲ ਮਲਿਕ ਨੂੰ ਸੰਮਨ

ਏਜੰਸੀ ਹੈੱਡਕੁਆਰਟਰ ’ਤੇ 28 ਨੂੰ ਕੀਤਾ ਤਲਬ

ਨਵੀਂ ਦਿੱਲੀ – ਸੀਬੀਆਈ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਏਜੰਸੀ ਸਾਹਮਣੇ ਪੇਸ਼ ਹੋ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹੋਏ ਕਥਿਤ ਬੀਮਾ ਘੁਟਾਲੇ ਨਾਲ ਸਬੰਧਤ ਜਾਂਚ ’ਚ ਸ਼ਾਮਲ ਹੋਣ ਤੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ। ਮਲਿਕ ਨੂੰ 28 ਅਪਰੈਲ ਨੂੰ ਏਜੰਸੀ ਦੇ ਹੈੱਡਕੁਆਰਟਰ ਪਹੁੰਚਣ ਲਈ ਕਿਹਾ ਗਿਆ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਮਲਿਕ ਨੇ ਕਿਹਾ ਕਿ ਸੀਬੀਆਈ ਨੇ ਕੁਝ ਸਪੱਸ਼ਟੀਕਰਨ ਲੈਣ ਲਈ ਉਨ੍ਹਾਂ ਨੂੰ ਇੱਥੇ ਏਜੰਸੀ ਦੇ ਅਕਬਰ ਰੋਡ ਸਥਿਤ ਗੈਸਟ ਹਾਊਸ ’ਚ ਹਾਜ਼ਰ ਹੋਣ ਲਈ ਕਿਹਾ ਹੈ। ਮਲਿਕ ਨੇ ਕਿਹਾ ਕਿ ਉਹ ਰਾਜਸਥਾਨ ਜਾ ਰਹੇ ਹਨ। ਇਸ ਲਈ ਉਨ੍ਹਾਂ ੲੇਜੰਸੀ ਨੂੰ 27 ਤੋਂ 29 ਅਪਰੈਲ ਦੀ ਤਾਰੀਕ ਦਿੱਤੀ ਹੈ। ਸੀਬੀਆਈ ਕਥਿਤ ਬੀਮਾ ਘੁਟਾਲੇ ਨਾਲ ਸਬੰਧਤ ਕੇਸ ਦੀ ਜਾਂਚ ਕਰ ਰਹੀ ਹੈ। ਏਜੰਸੀ ਨੇ ਮਲਿਕ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਇੱਕ ਸਮੂਹ ਬੀਮਾ ਯੋਜਨਾ ਦੇ ਠੇਕੇ ਦੇਣ ਅਤੇ ਕੀਰੂ ਹਾਈਡਰੋ-ਇਲੈਕਟ੍ਰਿਕ ਪਾਵਰ ਪ੍ਰਾਜੈਕਟ ਨਾਲ ਜੁੜੇ 2200 ਕਰੋੜ ਰੁਪਏ ਨਿਰਮਾਣ ਕਾਰਜ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਲਾਏ ਦੋਸ਼ਾਂ ਦੇ ਸਬੰਧ ’ਚ ਦੋ ਕੇਸ ਦਰਜ ਕੀਤੇ ਸੀ।

ਖਾਪ ਆਗੂ ਮਲਿਕ ਦੀ ਹਮਾਇਤ ’ਚ ਨਿੱਤਰੇ
ਝੱਜਰ : ਪੁਲਵਾਮਾ ਹਮਲੇ ਬਾਰੇ ਦਿੱਤੇ ਗਏ ਬਿਆਨ ਨਾਲ ਵਿਵਾਦਾਂ ’ਚ ਘਿਰੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਹਮਾਇਤ ’ਚ ਕਈ ਖਾਪਾਂ ਆ ਗਈਆਂ ਹਨ। ਖਾਪਾਂ ਨੇ ਮਲਿਕ ਦੀ ਹਮਾਇਤ ’ਚ ਭਲਕੇ ਦਿੱਲੀ ਦੇ ਆਰ ਕੇ ਪੁਰਮ ’ਚ ਸਮਾਗਮ ’ਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਹੈ। ਸਰਵ ਖਾਪ ਪੰਚਾਇਤ ਦੇ ਤਾਲਮੇਲ ਅਧਿਕਾਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਹਰਿਆਣਾ, ਦਿੱਲੀ, ਪੰਜਾਬ, ਪੱਛਮੀ ਯੂਪੀ ਅਤੇ ਰਾਜਸਥਾਨ ਦੀਆਂ ਸਾਰੀਆਂ ਖਾਪਾਂ ਸੱਤਿਆਪਾਲ ਮਲਿਕ ਦੀ ਹਮਾਇਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪ ਕੇ ਮਲਿਕ ਦੀ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਜਾਵੇਗੀ।