ਵਿਧਾਇਕ ਜਗਦੀਪ ਕੰਬੋਜ ਦੇ ਪਿਤਾ ਸਣੇ ਚਾਰ ਵਿਰੁੱਧ ਜਬਰੀ ਵਸੂਲੀ ਦਾ ਕੇਸ

ਵਿਧਾਇਕ ਜਗਦੀਪ ਕੰਬੋਜ ਦੇ ਪਿਤਾ ਸਣੇ ਚਾਰ ਵਿਰੁੱਧ ਜਬਰੀ ਵਸੂਲੀ ਦਾ ਕੇਸ

ਪੁਲੀਸ ਨੇ ਸ਼ਿਕਾਇਤਕਰਤਾ ਦੇ ਵਿਰੁੱਧ ਵੀ ਦਰਜ ਕੀਤਾ ਜਬਰ ਜਨਾਹ ਦਾ ਮਾਮਲਾ
ਜਲਾਲਾਬਾਦ- ਸਥਾਨਕ ਥਾਣਾ ਸਿਟੀ ਪੁਲੀਸ ਨੇ ਅੱਜ ਸਵੇਰੇ ਸਥਾਨਕ ਦਸਮੇਸ਼ ਨਗਰ ਦੇ ਵਾਸੀ ਸੁਨੀਲ ਕੁਮਾਰ ਨਾਂ ਦੇ ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ’ਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ, ਰਾਣੋ ਬਾਈ ਅਤੇ ਉਸ ਦੇ ਲੜਕੇ ਸੁਨੀਲ ਰਾਏ ਤੇ ਨੂੰਹ ਦੇ ਵਿਰੁੱਧ ਜਬਰ ਜਨਾਹ ਦੇ ਝੂਠੇ ਕੇਸ ਦਾ ਡਰਾਵਾ ਦੇ ਕੇ 10 ਲੱਖ ਰੁਪਏ ਦੀ ਜਬਰੀ ਵਸੂਲੀ ਕਰਨ ਦਾ ਕੇਸ ਦਰਜ ਕੀਤਾ ਹੈ।

ਸੁਨੀਲ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਬੀਤੇ ਦਿਨ ਦੁਪਹਿਰ ਕਰੀਬ 3.30 ਵਜੇ ਉਸ ਨੂੰ ਰਾਣੋ ਬਾਈ ਨਿਵਾਸੀ ਮੈਣੀ ਕਲੋਨੀ ਨੇ ਕੋਈ ਮਕਾਨ ਦਿਖਾਉਣ ਲਈ ਫੋਨ ਕੀਤਾ ਜਿਸ ਮਗਰੋਂ ਉਸ ਨੇ ਦਸਮੇਸ਼ ਨਗਰ ਵਿੱਚ ਖੜ੍ਹੀ ਰਾਣੋ ਬਾਈ ਨੂੰ ਆਪਣਾ ਮਕਾਨ ਦਿਖਾਇਆ। ਸੁਨੀਲ ਕੁਮਾਰ ਨੇ ਦੱਸਿਆ ਕਿ ਸ਼ਾਮ ਨੂੰ ਕਰੀਬ 5 ਵਜੇ ਰਾਣੋ ਬਾਈ ਦਾ ਫੋਨ ਆਇਆ ਕਿ ਉਸ ਦਾ ਲੜਕਾ ਸੁਨੀਲ ਰਾਏ ਉਸ ’ਤੇ ਚਰਿੱਤਰਹੀਣਤਾ ਦੋਸ਼ ਲਗਾਉਂਦੇ ਹੋਏ ਉਸ ਨਾਲ ਕੁੱਟਮਾਰ ਕਰ ਰਿਹਾ ਹੈ। ਰਾਣੋ ਬਾਈ ਦੀ ਨੂੰਹ ਨੇ ਫੋਨ ਕਰਕੇ ਉਸ ’ਦੇ ਜਬਰ ਜਨਾਹ ਕਰਨ ਦਾ ਦੋਸ਼ ਲਾਇਆ। ਸ਼ਿਕਾਇਕਰਤਾ ਨੇ ਦੱਸਿਆ ਕਿ ਇੰਨੇ ’ਚ ਸੁਰਿੰਦਰ ਕੰਬੋਜ ਜੋ ਕਿ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਪਿਤਾ ਹੈ, ਨੇ ਉਸ ਨੂੰ ਫੋਨ ਕੀਤਾ ਕਿ ਰਾਣੋ ਬਾਈ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ ਅਤੇ ਉਸ ਨੇ ਜਬਰ ਜਨਾਹ ਹੋਣ ਦਾ ਮੈਡੀਕਲ ਕਰਵਾ ਲਿਆ ਹੈ। ਇਸ ਤੋਂ ਬਾਅਦ ਉਹ ਸੁਰਿੰਦਰ ਕੰਬੋਜ ਦੇ ਘਰ ਪੁੱਜਾ ਜਿਸ ਨੇ ਰਾਣੋ ਬਾਈ ਨਾਲ ਉਸ ਦੀ ਗੱਲ ਕਰਵਾਈ ਅਤੇ ਮਾਮਲਾ ਨਿਬੇੜਨ ਬਦਲੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ। ਦੂਜੇ ਪਾਸੇ ਸਥਾਨਕ ਮੈਣੀ ਕਲੋਨੀ ਵਾਸੀ ਰਾਣੋ ਬਾਈ ਨੇ ਦੱਸਿਆ ਕਿ ਉਸ ਦੇ ਉਸ ਨੇ ਪ੍ਰਾਪਰਟੀ ਕਾਰੋਬਾਰੀ ਸੁਨੀਲ ਕੁਮਾਰ ਨੂੰ ਮਕਾਨ ਵਿਖਾਉਣ ਲਈ ਗੱਲ ਆਖੀ ਸੀ ਜਿਸ ਨੇ ਮਕਾਨ ਵਿਖਾਉਣ ਦੇ ਬਹਾਨੇ ਉਸ ਨਾਲ ਜਬਰ ਜਨਾਹ ਕੀਤਾ। ਪੁਲੀਸ ਨੇ ਇਸ ਮਾਮਲੇ ’ਚ ਦੋਸ਼ੀ ਸੁਨੀਲ ਕੁਮਾਰ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਕੀਤਾ ਹੈ। ਪੁਲੀਸ ਉੱਪ ਕਪਤਾਨ ਅਤੁਲ ਸੋਨੀ ਨੇ ਦੱਸਿਆ ਕਿ ਦੋਸ਼ੀ ਸੁਰਿੰਦਰ ਕੰਬੋਜ ਵਿਰੁੱਧ ਪਹਿਲਾਂ ਹੀ 14 ਦੇ ਕਰੀਬ ਫੌਜਦਾਰੀ ਮੁਕੱਦਮੇ ਦਰਜ ਹਨ ਜਦਕਿ ਰਾਣੋ ਬਾਈ ਵਿਰੁੱਧ ਵੀ ਇੱਕ ਕੇਸ ਦਰਜ ਹੈ।