21 ਅਪਰੈਲ ਨੂੰ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼- ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਤੱਕ

21 ਅਪਰੈਲ ਨੂੰ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼- ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਤੱਕ

ਸੁਖਵਿੰਦਰ ਸਿੰਘ ਮੁੱਲਾਂਪੁਰ

ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਦਾ ਜਨਮ ਨਾਗੇ ਦੀ ਸਰਾਂ (ਜੋ ਮੁਕਤਸਰ ਤੋਂ 6 ਕੁ ਕਿਲੋਮੀਟਰ ਪੂਰਬ ਵੱਲ ਹੈ) ਵਿੱਚ ਵੈਸਾਖ ਸੁਦੀ 1 ਸੰਮਤ 1561 ਨੂੰ ਬਾਬਾ ਫੇਰੂ ਮੱਲ ਦੇ ਘਰ ਹੋਇਆ। ਉਸ ਵੇਲੇ ਇਸ ਪਿੰਡ ਨੂੰ ਮੱਤੇ ਦੀ ਸਰਾਂ ਨਾਲ ਜਾਣਿਆ ਜਾਂਦਾ ਸੀ।

ਉਨ੍ਹਾਂ ਦਾ ਵਿਆਹ 1519 ਈ: (ਸੰਮਤ 1576) ਨੂੰ 15 ਸਾਲ ਦੀ ਉਮਰ ਵਿਚ ਦੇਵੀ ਚੰਦ ਦੀ ਲੜਕੀ ਮਾਤਾ ਖੀਵੀ ਜੀ ਨਾਲ ਪਿੰਡ ਸੰਘਰ (ਨੇੜੇ ਖਡੂਰ ਸਾਹਿਬ) ਵਿੱਚ ਹੋਇਆ। ਉਨ੍ਹਾਂ ਦੇ ਘਰ ਦੋ ਪੁੱਤਰ ਭਾਈ ਦਾਤੂ, ਭਾਈ ਦਾਸੂ ਅਤੇ ਦੋ ਧੀਆਂ ਬੀਬੀ ਅਮਰੋ ਅਤੇ ਬੀਬੀ ਅਨੌਖੀ ਨੇ ਜਨਮ ਲਿਆ।

ਜਦੋਂ ਭਾਈ ਲਹਿਣਾ ਜੀ ਦਾ ਜਨਮ ਹੋਇਆ ਤਾਂ ਉਸ ਵੇਲੇ ਦਿੱਲੀ ਦੇ ਤਖ਼ਤ ’ਤੇ ਲੋਧੀ ਖ਼ਾਨਦਾਨ ਦਾ ਦੂਜਾ ਬਾਦਸ਼ਾਹ ਸਿਕੰਦਰ ਲੋਧੀ ਬੈਠਾ ਸੀ। 1517 ਈ: ਵਿਚ ਇਸ ਦਾ ਪੁੱਤਰ ਇਬਰਾਹੀਮ ਲੋਧੀ ਤਖ਼ਤ ’ਤੇ ਬੈਠਾ ਪਰ ਲੋਧੀਆਂ ਦੀ ਤਾਕਤ ਘੱਟ ਰਹੀ ਸੀ। ਚਾਰ ਚੁਫੇਰੇ ਬਗਾਵਤਾਂ ਹੋ ਰਹੀਆਂ ਸਨ। ਸੂਬੇਦਾਰਾਂ ਦੀ ਬਗਾਵਤ ਕਰਕੇ ਦੇਸ਼ ਵਿਚ ਬੇਅਮਨੀ ਵੱਧ ਗਈ ਸੀ। ਲੁੱਟਾਂ-ਮਾਰਾ ਬਹੁਤ ਵੱਧ ਗਈਆਂ ਸਨ। ਇਸ ਤਰ੍ਹਾਂ ਮੱਤੇ ਦੀ ਸਰਾਂ ਉੱਜੜ ਗਈ। ਬਾਬਾ ਫੈਰੂ ਜੀ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਖਡੂਰ (ਤਰਨ ਤਾਰਨ) ਜਾ ਟਿਕੇ। ਖਡੂਰ ਵਿੱਚ ਬਾਬਾ ਲਹਿਣਾ ਜੀ ਦੀ ਭੂਆ ਵਿਆਹੀ ਹੋਈ ਸੀ। ਫੈਰੂ ਜੀ ਨੇ ਇੱਥੇ ਪਰਚੂਨ ਦੀ ਹੱਟੀ ਕਰ ਲਈ ਸੀ। ਇਹ ਗੱਲ 1524 ਈ. ਦੀ ਹੈ। ਉਸ ਵੇਲੇ ਭਾਈ ਲਹਿਣਾ ਜੀ ਦੀ ਉਮਰ 20 ਸਾਲ ਦੀ ਸੀ।

1532 ਈ. (ਸੰਮਤ 1589) ਨੂੰ ਅਚਾਨਕ ਗੁਰੂ ਨਾਨਕ ਜੀ ਦੇ ਪਰਮ ਪਿਆਰੇ ਸੇਵਕ ਭਾਈ ਜੋਧ ਜੀ ਤੋਂ ਭਾਈ ਲਹਿਣਾ ਜੀ ਨੇ ਆਸਾ ਦੀ ਵਾਰ ਦੀ ਪਾਉੜੀ ਸੁਣੀ:

ਜਿਤੁ ਸੈਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾਲੀਐ।

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ।।

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥

ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥

ਕਿਛੁ ਲਾਹੇ ਉੁਪਰਿ ਘਾਲੀਐ।

ਬਾਣੀ ਦੀ ਮਨ ਨੂੰ ਅਜਿਹੀ ਖਿੱਚ ਪਈ ਕੇ ਭਾਈ ਯੋਧ ਤੋਂ ਗੁਰੂ ਨਾਨਕ ਦੇਵ ਜੀ ਦਾ ਪਤਾ ਪੁੱਛ ਕੇ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਇਸ ਵਾਰ ਉਹ ਜੰਮੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਂਦਿਆਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜ਼ਰੂਰ ਕਰ ਕੇ ਜਾਣਗੇ।

1532 ਈ. ਅਕਤੂਬਰ-ਨਵੰਬਰ ਵਿਚ ਮਾਤਾ ਦੇ ਦਰਸ਼ਨਾਂ ਨੂੰ ਜਾਂਦਿਆਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਦਿਲ ਨੂੰ ਅਜਿਹੀ ਖਿਚ ਪਈ ਕੇ ਜਾਂਦੇ ਜਾਂਦੇ ਉੱਥੇ ਹੀ ਰਹਿ ਪਏ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਪਿਆਰ ਦੇ ਨਵੇਂ ਸਾਂਚੇ ਵਿੱਚ ਢਾਲਣਾ ਸ਼ੁਰੂ ਕਰ ਦਿੱਤਾ। 1532 ਤੋਂ 1539 ਤੱਕ 7 ਸਾਲ ਤੱਕ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਦੀਆਂ ਕਈ ਪ੍ਰਖਿਆਵਾਂ ਲਈਆਂ ਅਤੇ ਉਹ ਪ੍ਰਖਿਆਵਾਂ ’ਚੋਂ ਪਾਸ ਹੁੰਦੇ ਰਹੇ। ਫਿਰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਦਾ ਨਾਮ ਅੰਗਦ ਧਰ ਦਿੱਤਾ।

2 ਸਤੰਬਰ 1539 ਈ. ਨੂੰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕੇ ਆਪਣੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ 7 ਸਤੰਬਰ 1539 ਈ: ਨੂੰ ਜੋਤੀ ਜੋਤ ਸਮਾ ਗਏ। ਉਸ ਵੇਲੇ ਗੁਰੂ ਅੰਗਦ ਦੇਵ ਜੀ ਦੀ ਉਮਰ ਸਾਢੇ ਪੈਂਤੀ ਸਾਲ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਹਨ। ਤਕਰੀਬਨ 13 ਸਾਲ ਗੁਰਗੱਦੀ ’ਤੇ ਬਿਰਾਜਮਾਨ ਰਹਿ ਕੇ 48 ਸਾਲ ਦੀ ਉਮਰ ਵਿਚ 29 ਮਾਰਚ 1552 ਨੂੰ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ।