ਜੱਸਾ ਸਿੰਘ ਰਾਮਗੜ੍ਹੀਆ ਸ਼ਤਾਬਦੀ ਫ਼ਤਹਿ ਮਾਰਚ ਰਵਾਨਾ

ਜੱਸਾ ਸਿੰਘ ਰਾਮਗੜ੍ਹੀਆ ਸ਼ਤਾਬਦੀ ਫ਼ਤਹਿ ਮਾਰਚ ਰਵਾਨਾ

ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਖ਼ਾਲਸਾ ਫ਼ਤਹਿ ਮਾਰਚ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ। ਇਹ ਫ਼ਤਹਿ ਮਾਰਚ 4 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਦਿੱਲੀ ਦੇ ਫ਼ਤਹਿ ਨਗਰ ਸਥਿਤ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਵਿਖੇ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕੀਤੇ।

ਖ਼ਾਲਸਾ ਫ਼ਤਹਿ ਮਾਰਚ ਦਿੱਲੀ ਦੇ ਤਿਲਕ ਨਗਰ, ਜਨਕਪੁਰੀ, ਵਿਕਾਸਪੁਰੀ, ਰਿੰਗ ਰੋਡ, ਮੀਰਾ ਬਾਗ, ਗੁਰੂ ਹਰਿਕ੍ਰਿਸ਼ਨ ਨਗਰ, ਸੁੰਦਰ ਨਗਰ, ਮੰਗੋਲਪੁਰੀ, ਰੋਹਿਨੀ, ਪੀਤਮਪੁਰਾ, ਭਾਈਪਾਸ ਸੰਜੇ ਗਾਂਧੀ ਟਰਾਸਪੋਰਟ ਨਗਰ ਤੋਂ ਹੁੰਦਾ ਹੋਇਆ ਡੇਰਾ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ ਕਲੰਦਰੀ ਗੇਟ ਕਰਨਾਲ ਵਿੱਚ ਪੁੱਜਾ। ਰਸਤੇ ਵਿਚ ਸੰਗਤਾਂ ਨੇ ਉਤਸ਼ਾਹ ਨਾਲ ਨਗਰ ਕੀਰਤਨ ਵਿਚ ਹਾਜ਼ਰੀ ਭਰੀ। ਖ਼ਾਲਸਾ ਫ਼ਤਹਿ ਮਾਰਚ ਦੌਰਾਨ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸ਼ਤਰਾਂ ਵਾਲੀ ਬੱਸ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।

ਹਰਮੀਤ ਸਿੰਘ ਕਾਲਕਾ ਦੇ ਬਿਆਨ ਗੁਮਰਾਹਕੁਨ: ਬਲਵਿੰਦਰ ਸਿੰਘ

ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਸਮਾਗਮਾਂ ਦੇ ਖਰਚਿਆਂ ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਨੇ ਗੁਮਰਾਹਕੁਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਰਾਜਸੀ ਹਿੱਤਾਂ ਲਈ ਜਾਣਬੁਝ ਕੇ ਸਿੱਖ ਸੰਗਤਾਂ ਵਿਚ ਦੁਬਿਧਾ ਖੜ੍ਹੀ ਕਰਨ ਦੇ ਯਤਨ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਪਾਸ ਤਿੰਨ ਕਰੋੜ ਦੇ ਖਰਚਿਆਂ ਦੇ ਸਬੂਤ ਹਨ ਤਾਂ ਪੇਸ਼ ਕਰਨ, ਨਹੀਂ ਤਾਂ ਜਨਤਕ ਮੁਆਫ਼ੀ ਮੰਗਣ। ਕੇਵਲ ਲੋੜੀਂਦੇ ਖਰਚੇ ਹੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਹਨ, ਜੋ ਸਿੱਖ ਕੌਮ ਦੀ ਸਰਵਉੱਚ ਸੰਸਥਾ ਦੀ ਜ਼ਿੰਮੇਵਾਰੀ ਬਣਦੀ ਹੈ।