ਆਈਪੀਐੱਲ: ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾਇਆ

ਆਈਪੀਐੱਲ: ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾਇਆ

ਐਸ.ਏ.ਐਸ. ਨਗਰ (ਮੁਹਾਲੀ) – ਮੁਹਾਲੀ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਕਪਤਾਨ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੇ ਅਰਧ ਸੈਂਕੜਿਆਂ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਆਰਸੀਬੀ ਟੀਮ ਅੰਕ ਸੂਚੀ ਵਿੱਚ 5ਵੇਂ ਸਥਾਨ ’ਤੇ ਪੁੱਜ ਗਈ ਹੈ। ਪੰਜਾਬ ਕਿੰਗਜ਼ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਦੇਣ ’ਤੇ ਪਹਿਲਾਂ ਖੇਡਦਿਆਂ ਬੰਗਲੌਰ ਦੀ ਟੀਮ ਦੇ ਬੱਲੇਬਾਜ਼ ਫਾਫ ਡੂ ਪਲੇਸਿਸ ਨੇ 84 ਦੌੜਾਂ ਅਤੇ ਕਪਤਾਨ ਵਿਰਾਟ ਕੋਹਲੀ 59 ਦੌੜਾਂ ਦੀ ਮਦਦ ਨਾਲ 20 ਓਵਰਾਂ ’ਚ 4 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ, ਮਹੀਪਾਲ ਲੋਮਰ 7-7 ਦੌੜਾਂ ਤੇ ਸ਼ਹਿਬਾਜ਼ ਅਹਿਮਦ ਨੇ 5 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਵੱਲੋਂ ਹਰਪ੍ਰੀਤ ਸਿੰਘ ਬਰਾੜ ਨੇ 2 ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ ਤੇ ਨਾਥਨ ਐਲਿਸ ਨੇ 1-1 ਵਿਕਟ ਹਾਸਲ ਕੀਤੀ। ਜਿੱਤ ਲਈ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਜ਼ ਦੀ ਟੀਮ ਬੰਗਲੌਰ ਦੇ ਗੇਂਦਬਾਜ਼ਾਂ ਸਾਹਮਣੇ 18.2 ਓਵਰਾਂ ’ਚ 150 ਦੌੜਾਂ ਹੀ ਬਣਾ ਸਕੀ। ਪੰਜਾਬ ਵੱਲੋਂ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ ਜਦਕਿ ਜਿਤੇਸ਼ ਸ਼ਰਮਾ ਨੇ 41 ਦੌੜਾਂ ਬਣਾਈਆਂ। ਹਰਪ੍ਰੀਤ ਸਿੰਘ ਭਾਟੀਆ ਤੇ ਹਰਪ੍ਰੀਤ ਸਿੰਘ ਬਰਾੜ ਨੇ 13-13 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਬਾਕੀ ਬੱਲੇਬਾਜ਼ ਕੁਝ ਖਾਸ ਨਾ ਕਰ ਸਕੇ। ਬੰਗਲੌਰ ਵੱਲੋਂ ਮੁਹੰਮਦ ਸਿਰਾਜ ਨੇ 4 ਅਤੇ ਵਾਨਿੰਦੂ ਹਸਰੰਗਾ ਨੇ 2 ਵਿਕਟਾਂ ਲਈਆਂ ਜਦਕਿ ਵੇਨ ਪਨਰਲ ਤੇ ਹਰਸ਼ਲ ਪਟੇਲ ਨੂੰ 1-1 ਵਿਕਟ ਮਿਲੀ।