ਅੰਮ੍ਰਿਤਪਾਲ ਦੀ ਪਤਨੀ ਨੂੰ ਯੂਕੇ ਜਾਣ ਤੋਂ ਰੋਕਿਆ

ਅੰਮ੍ਰਿਤਪਾਲ ਦੀ ਪਤਨੀ ਨੂੰ ਯੂਕੇ ਜਾਣ ਤੋਂ ਰੋਕਿਆ

ਅੰਮ੍ਰਿਤਸਰ-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੱਜ ਇਮੀਗਰੇਸ਼ਨ ਅਤੇ ਪੰਜਾਬ ਪੁਲੀਸ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕੇ ਰਵਾਨਾ ਹੋਣ ਤੋਂ ਰੋਕ ਦਿੱਤਾ। ਤਿੰਨ ਤੋਂ ਚਾਰ ਘੰਟੇ ਦੇ ਕਰੀਬ ਚੱਲੀ ਪੁੱਛਗਿੱਛ ਮਗਰੋਂ ਉਸ ਨੂੰ ਵਾਪਸ ਪਿੰਡ ਜਲੂਪੁਰ ਖੇੜਾ ਸਥਿਤ ਘਰ ਭੇਜ ਦਿੱਤਾ ਗਿਆ।

ਵੇਰਵਿਆਂ ਮੁਤਾਬਕ ਕਿਰਨਦੀਪ ਕੌਰ ਨੇ ਅੱਜ ਏਅਰ ਇੰਡੀਆ ਦੀ ਉਡਾਣ ਰਾਹੀਂ ਅੰਮ੍ਰਿਤਸਰ ਤੋਂ ਯੂਕੇ ਜਾਣਾ ਸੀ। ਉਹ ਲਗਪਗ ਸਾਢੇ ਗਿਆਰਾਂ ਵਜੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀ ਤੇ ਇਸ ਮੌਕੇ ਉਸ ਦੇ ਨਾਲ ਕੁਝ ਪਰਿਵਾਰਕ ਮੈਂਬਰਵੀ ਸਨ। ਜਦੋਂ ਹਵਾਈ ਅੱਡੇ ’ਤੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਚੱਲ ਰਹੀ ਸੀ ਤਾਂ ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਉਸ ਨੂੰ ਪੁੱਛਗਿੱਛ ਵਾਸਤੇ ਰੋਕ ਲਿਆ ਗਿਆ। ਜ਼ਿਲ੍ਹਾ ਦਿਹਾਤੀ ਪੁਲੀਸ ਅਤੇ ਵੱਖ ਵੱਖ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਲਗਪਗ ਤਿੰਨ ਤੋਂ ਚਾਰ ਘੰਟੇ ਉਸ ਕੋਲੋਂ ਪੁੱਛਗਿੱਛ ਕੀਤੀ।
ਇਸ ਦੌਰਾਨ ਉਸ ਦੀ ਹਵਾਈ ਉਡਾਣ ਰਵਾਨਾ ਹੋ ਗਈ। ਕਿਰਨਦੀਪ ਕੌਰ ਬਰਤਾਨਵੀ ਨਾਗਰਿਕ ਹੈ ਅਤੇ ਉਸ ਦਾ ਇਸੇ ਸਾਲ ਫਰਵਰੀ ਮਹੀਨੇ ਵਿਚ ਅੰਮ੍ਰਿਤਪਾਲ ਸਿੰਘ ਨਾਲ ਆਨੰਦ ਕਾਰਜ ਹੋਇਆ ਹੈ। ਇਹ ਆਨੰਦ ਕਾਰਜ ਅੰਮ੍ਰਿਤਪਾਲ ਦੇ ਜੱਦੀ ਪਿੰਡ ਜਲੂਪੁਰ ਖੇੜਾ ਵਿਖੇ ਹੋਇਆ ਸੀ। ਉਹ ਭਾਰਤੀ ਵੀਜ਼ਾ ਲੈ ਕੇ ਅੰਮ੍ਰਿਤਸਰ ਆਈ ਹੋਈ ਸੀ ਅਤੇ ਅੱਜ ਵਾਪਸ ਯੂਕੇ ਜਾਣ ਵਾਸਤੇ ਹਵਾਈ ਅੱਡੇ ਪੁੱਜੀ ਸੀ। ਉਸ ਨੇ ਏਅਰ ਇੰਡੀਆ ਦੀ ਜਿਸ ਉਡਾਣ ਰਾਹੀਂ ਯੂਕੇ ਜਾਣਾ ਸੀ, ਉਹ ਲਗਪਗ ਡੇਢ ਵਜੇ ਰਵਾਨਾ ਹੋਣੀ ਸੀ। ਕਿਰਨਦੀਪ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ ਕਾਰਨ ਇਹ ਹਵਾਈ ਉਡਾਣ ਇੱਕ ਘੰਟਾ ਦੇਰੀ ਨਾਲ ਰਵਾਨਾ ਹੋਈ। ਸੁਰੱਖਿਆ ਏਜੰਸੀਆਂ ਨੇ ਹਾਲਾਂਕਿ ਕਿਰਨਦੀਪ ਕੌਰ ਨੂੰ ਯੂਕੇ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ। ਪਤਾ ਲੱਗਾ ਹੈ ਕਿ ਕਿਰਨਦੀਪ ਕੌਰ ਨੇ ਪੁੱਛਗਿੱਛ ਦੌਰਾਨ ਆਖਿਆ ਕਿ ਉਹ ਬਰਤਾਨਵੀ ਨਾਗਰਿਕ ਹੈ ਅਤੇ ਉਸ ਵਿਰੁੱਧ ਇਥੇ ਕੋਈ ਕੇਸ ਦਰਜ ਨਹੀਂ ਹੈ, ਪਰ ਇਸ ਦੇ ਬਾਵਜੂਦ ਉਸ ਨੂੰ ਯੂਕੇ ਜਾਣ ਤੋਂ ਰੋਕਿਆ ਗਿਆ ਹੈ। ਉਸ ਵੱਲੋਂ ਵਿਦੇਸ਼ੀ ਫੰਡਿੰਗ ਅਤੇ ਬੱਬਰ ਖਾਲਸਾ ਸੰਗਠਨ ਨਾਲ ਸਬੰਧ ਬਾਰੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਰੂਪੋਸ਼ ਹੈ। ਉਸ ਖਿਲਾਫ ਅਜਨਾਲਾ ਥਾਣੇ ਵਿੱਚ ਵਾਪਰੀ ਹਿੰਸਕ ਘਟਨਾ ਸਬੰਧੀ ਅਤੇ ਕੌਮੀ ਸੁਰੱਖਿਆ ਐਕਟ ਤਹਿਤ ਕੇਸ ਦਰਜ ਹਨ। ਪੁਲੀਸ ਉਸ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ, ਪਰ ਉਹ ਹੁਣ ਤੱਕ ਪੁਲੀਸ ਦੀ ਗ੍ਰਿਫਤ ਵਿਚ ਨਹੀਂ ਆਇਆ ਹੈ ਜਦੋਂ ਕਿ ਉਸ ਦੇ ਕਈ ਸਾਥੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਉਸ ਦੇ 9 ਸਾਥੀਆਂ ਨੂੰ ਕੌਮੀ ਸੁਰੱਖਿਆ ਐਕਟ ਹੇਠ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਬੰਦ ਕੀਤਾ ਗਿਆ ਹੈ।

ਲੁਕ-ਆਊਟ ਸਰਕੁਲਰ ਕਰਕੇ ਰੋਕਿਆ: ਐੱਸਐੱਸਪੀ

ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਨਾ ਤਾਂ ਹਿਰਾਸਤ ਵਿਚ ਲਿਆ ਹੈ ਅਤੇ ਨਾ ਹੀ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ਼ ਲੁੱਕ ਆਊਟ ਸਰਕੁਲਰ ਜਾਰੀ ਹੋਇਆ ਸੀ, ਜਿਸ ਕਾਰਨ ਉਸ ਨੂੰ ਹਵਾਈ ਅੱਡੇ ’ਤੇ ਰੋਕ ਦਿੱਤਾ ਗਿਆ। ਉਨ੍ਹਾਂ ਇਸ ਮਾਮਲੇ ਵਿੱਚ ਹੋਰ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ।