24ਵੇਂ ਨਗਰ ਕੀਰਤਨ ’ਤੇ ਸਿੱਖ ਨਸਲਕੁਸ਼ੀ ਉਪਰ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ

24ਵੇਂ ਨਗਰ ਕੀਰਤਨ ’ਤੇ ਸਿੱਖ ਨਸਲਕੁਸ਼ੀ ਉਪਰ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ

ਹੱਕ ਸੱਚ ਇਨਸਾਫ਼ ਅਤੇ ਮਨੁੱਖਤਾ ਲਈ ਅਵਾਜ਼ ਉਠਾਉਣ ਕਾਰਨ ਹਰ ਯੁੱਗ ’ਚ ਸਿੱਖਾਂ ਦੀ ਨਸਲਕੁਸ਼ੀ ਹੋਈ : ਸ੍ਰ. ਪ੍ਰਭਦੀਪ ਸਿੰਘ
ਸਟਾਕਟਨ ਕੈਲੀਫੋਰਨੀਆ : ਗ਼ਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 24ਵੇਂ ਨਗਰ ਕੀਰਤਨ ਉਪਰ ਨੌਜਵਾਨਾਂ ਨੇ ਸਿੱਖਾਂ ਵਲੋਂ ਮਨੁੱਖੀ ਹੱਕਾਂ ਅਤੇ ਮਜਲੂਮਾਂ ਦੇ ਹੱਕ ’ਚ ਆਵਾਜ਼ ਉਠਾਉਣ ਕਾਰਨ ਹਰ ਯੁੱਗ ’ਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਰਹੀ ਹੈ। ਉਹ ਚਾਹੇ ਮੁਗਲ ਦੌਰ ਹੋਵੇ ਜਾਂ ਸਾਮਰਾਜੀ ਫਰੰਗੀਆਂ ਦਾ ਜਾਂ ਨਹਿਰੂ ਇੰਦਰਾ ਰਾਜੀਵ ਬੇਅੰਤ ਸਿੰਘ ਦਾ ਹੋਵੇ ਸਿੱਖਾਂ ਨੂੰ ਹਮੇਸ਼ਾ ਅਕਹਿ ਅਤੇ ਅਸਹਿ ਤਸੀਹੇ ਸਹਿਣੇ ਪਏ। ਇਸ ਸੰਦਰਭ ’ਚ ਨਗਰ ਕੀਰਤਨ ਉਪਰ ਵੱਡੀਆਂ-ਵੱਡੀਆਂ ਤਸਵੀਰਾਂ ਨਾਲ ਲਿਖੇ ਇਤਿਹਾਸ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤਸਵੀਰਾਂ ਨੂੰ ਗਹੂ ਨਾਲ ਤੱਕਦੇ ਹਾਉਂਕੇ ਭਰਦੇ ਦੇਖੇ ਗਏ ਕਿਵੇਂ ਅੱਜ ਵੀ ਬੇੜੀਆਂ ’ਚ ਜਕੜੇ ਸਿੱਖ 32 ਸਾਲਾਂ ਤੋਂ ਜੇਲ੍ਹਾਂ ’ਚ ਸਮਾਂ ਗੁਜ਼ਾਰ ਰਹੇ ਹਨ। ਇਸ ਬਾਰੇ ਸ੍ਰ. ਮਨਜੀਤ ਸਿੰਘ ਦੇ ਸਪੁੱਤਰ ਸ੍ਰ. ਪ੍ਰਭਦੀਪ ਸਿੰਘ ਨੇ ਵਿਸਥਾਰ ਨਾਲ ਸੰਗਤਾਂ ਨੂੰ ਜਾਣਕਾਰੀ ਦੇ ਰਹੇ ਸਨ। ਇਸ ਬਾਰੇ ‘ਸਾਡੇ ਲੋਕ’ ਨਾਲ ਗੱਲਬਾਤ ਕਰਦਿਆਂ ਸ੍ਰ. ਦਲਜੀਤ ਸਿੰਘ ਸੰਧੂ, ਸ੍ਰ. ਗੁਰਚਰਨ ਸਿੰਘ ਸਿਰੀਸ ਮੂਡੈਸਟੋ, ਸ੍ਰ. ਮਨਜੀਤ ਸਿੰਘ ਨੇ ਦੱਸਿਆ ਕਿ ਸਿੱਖ ਹਰ ਯੁੱਗ ’ਚ ਜੁਲਮ ਅਤੇ ਜਾਲਮ ਦਾ ਟਾਕਰਾ ਕਰਦੇ ਆਏ ਹਨ ਅਤੇ ਅੱਜ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਜੋ 1984 ਤੋਂ ਬਾਅਦ ਤੀਜੀ ਪੀੜ੍ਹੀ ਹੈ, ਨੇ ਸਿੱਖੀ ਦਾ ਭਾਰ ਆਪਣੇ ਮੋਢਿਆਂ ਉਪਰ ਚੁੱਕ ਲਿਆ ਹੈ। ਸਿੱਖ ਹਰ ਹਾਲਤ ’ਚ ਇਨਸਾਫ਼ ਲੈਣਗੇ। ਆਪਣੇ ਹੱਕ ਲੈਣਗੇ। ਉਨ੍ਹਾਂ 24ਵੇਂ ਮਹਾਨ ਨਗਰ ਕੀਰਤਨ ਦੀ ਸਮੂਹ ਸਿੱਖ ਜਗਤ ਨੂੰ ਵਧਾਈ ਦਿੱਤੀ।