ਜਲੰਧਰ ਜ਼ਿਮਨੀ ਚੋਣ: ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਨਾਮਜ਼ਦਗੀ ਦਾਖਲ

ਜਲੰਧਰ ਜ਼ਿਮਨੀ ਚੋਣ: ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਨਾਮਜ਼ਦਗੀ ਦਾਖਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰੋਡ ਸ਼ੋਅ; ਹਰਪਾਲ ਸਿੰਘ ਚੀਮਾ ਸਣੇ ਕਈ ਆਗੂ ਹੋਏ ਸ਼ਾਮਲ
ਜਲੰਧਰ- ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ‘ਆਪ’ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਵਿੱਚ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਬਲਕਾਰ ਸਿੰਘ, ਦਿਨੇਸ਼ ਢੱਲ, ਰਾਜਵਿੰਦਰ ਕੌਰ ਥਿਆੜਾ, ਜੀਤ ਰਾਮ ਭੱਟੀ, ਰਤਨ ਸਿੰਘ, ਪ੍ਰੇਮ ਕੁਮਾਰ, ਵਿਧਾਇਕਾ ਇੰਦਰਜੀਤ ਕੌਰ, ਜਗਬੀਰ ਬਰਾੜ, ਮਹਿੰਦਰ ਭਗਤ, ਸੁਰਿੰਦਰ ਸੋਢੀ ਅਤੇ ਹਰਚੰਦ ਸਿੰਘ ਬਰਸਟ ਸਣੇ ਵੱਡੀ ਗਿਣਤੀ ‘ਆਪ’ ਵਰਕਰ ਅਤੇ ਪਾਰਟੀ ਸਮਰਥਕ ਮੌਜੂਦ ਸਨ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਨੂੰ ਵੋਟ ਨਾ ਪਾਉਣ ਅਤੇ ਲੋਕ ਪੱਖੀ ਆਵਾਜ਼ ਉਠਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਗੜਬੜ ਵਿਕਾਸ ਦੇ ਰਾਹ ਵਿੱਚ ਰੋੜਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਇਮਾਨਦਾਰ ਆਗੂਆਂ ਨੂੰ ਹੀ ਅੱਗੇ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਵਿੱਚ ਨਗਰ ਨਿਗਮ ਚੋਣਾਂ ਜਿੱਤ ਕੇ ਆਪਣਾ ਮੇਅਰ ਬਣਾ ਲਿਆ ਹੈ, ਹੁਣ ਕੂੜੇ ਦੇ ਪਹਾੜ ਸਾਫ਼ ਕੀਤੇ ਜਾ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਕੰਮ ਕਰਵਾਉਣਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ, ਜਲੰਧਰ ਦੇ ਕੌਂਸਲਰ ‘ਆਪ’ ਨੂੰ ਸਮਰਥਨ ਦੇ ਰਹੇ ਹਨ ਅਤੇ ਸੁਸ਼ੀਲ ਰਿੰਕੂ ਵੱਲੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸ਼ਹਿਰ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ। ਸ੍ਰੀ ਮਾਨ ਨੇ ਕਿਹਾ ਕਿ ਜਲੰਧਰ ਸਮਾਰਟ ਸਿਟੀ ਸਕੀਮ ਅਧੀਨ ਆਉਂਦਾ ਹੈ ਪਰ ਪਹਿਲੀਆਂ ਸਰਕਾਰਾਂ ਨੇ ਇੱਥੇ ਕੋਈ ਵਿਕਾਸ ਨਹੀਂ ਕਰਵਾਇਆ।

ਤਿੰਨ ਘੰਟੇ ਦੇਰੀ ਨਾਲ ਪੁੱਜੇ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮਿੱਥੇ ਸਮੇਂ ਤੋਂ ਤਿੰਨ ਘੰਟੇ ਦੇਰੀ ਨਾਲ ਆਏ। ਪਾਰਟੀ ਵੱਲੋਂ ਰੋਡ ਸ਼ੋਅ ਦਾ ਸਮਾਂ 10 ਵਜੇ ਦਾ ਦਿੱਤਾ ਗਿਆ ਸੀ। ਪੁਲੀਸ ਵੱਲੋਂ ਬਹੁਤ ਸਾਰੀਆਂ ਸੜਕਾਂ ਬੈਰੀਕੇਡ ਲਾ ਕੇ ਬੰਦ ਕੀਤੀਆਂ ਗਈਆਂ ਸਨ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਫੁੱਲਾਂ ਨਾਲ ਸਜਾਈ ਗਈ ਗੱਡੀ ’ਤੇ ਖੜ੍ਹੇ ਹੋ ਕੇ ਭਗਵੰਤ ਮਾਨ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਨਾਲ ਨਾਮਜ਼ਦਗੀ ਦਾਖਲ ਕਰਨ ਗਏ। ਇਸ ਮੌਕੇ ਪਾਰਟੀ ਵਰਕਰਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ।

20 ਅਪਰੈਲ ਨੂੰ ਜਲੰਧਰ ਵਿਚ ਪ੍ਰਚਾਰ ਕਰਨਗੇ ਕੇਜਰੀਵਾਲ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 20 ਅਪਰੈਲ ਨੂੰ ਜਲੰਧਰ ਵਿੱਚ ਸੁਸ਼ੀਲ ਰਿੰਕੂ ਲਈ ਚੋਣ ਪ੍ਰਚਾਰ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 20 ਅਪਰੈਲ ਨੂੰ ਰਿੰਕੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜਲੰਧਰ ਪਹੁੰਚਣਗੇ। ਉਨ੍ਹਾਂ ਨੇ ਲੋਕਾਂ ਨੂੰ ਚੋਣਾਂ ਵਿੱਚ ਉਤਸ਼ਾਹ ਦਿਖਾਉਣ ਦੀ ਅਪੀਲ ਕਰਦਿਆਂ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।