ਆਬਕਾਰੀ ਮਾਮਲੇ ’ਚ ਭਗਵੰਤ ਮਾਨ ਤੋਂ ਵੀ ਪੁੱਛ ਪੜਤਾਲ ਹੋਵੇ: ਸੁਖਬੀਰ

ਆਬਕਾਰੀ ਮਾਮਲੇ ’ਚ ਭਗਵੰਤ ਮਾਨ ਤੋਂ ਵੀ ਪੁੱਛ ਪੜਤਾਲ ਹੋਵੇ: ਸੁਖਬੀਰ

ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੀਬੀਆਈ ਨੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਆਬਕਾਰੀ ਮਾਮਲੇ ਵਿਚ ਪੁੱਛ-ਪੜਤਾਲ ਕੀਤੀ ਹੈ, ਉਸੇ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਕੀਤੀ ਜਾਵੇ। ਇੱਥੇ ਜਲੰਧਰ ਜ਼ਿਮਨੀ ਚੋਣ ਵਿਚ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਤੋਂ ਪੁੱਛ-ਪੜਤਾਲ ਹੁੰਦੀ ਹੈ ਤਾਂ ਉਹ ਵੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਆਬਕਾਰੀ ਨੀਤੀ ਦੀ ਤਰਜ਼ ’ਤੇ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਨੀਤੀ ਵਾਂਗ ਪੰਜਾਬ ਦੀ ‘ਆਪ’ ਸਰਕਾਰ ਨੇ ਸਾਰਾ ਕਾਰੋਬਾਰ ਕੁਝ ਚੋਣਵੇਂ ਠੇਕੇਦਾਰਾਂ ਹਵਾਲੇ ਕਰ ਕੇ ਸ਼ਰਾਬ ਦੇ ਕਾਰੋਬਾਰ ’ਤੇ ਏਕਾਧਿਕਾਰ ਕਾਇਮ ਕਰਵਾ ਦਿੱਤਾ ਹੈ। ਇਨ੍ਹਾਂ ’ਚੋਂ ਦੋ ਠੇਕੇਦਾਰਾਂ ਬ੍ਰਿੰਡਕੋ ਅਤੇ ਆਨੰਤ ਵਾਈਨਜ਼, ਜਿਨ੍ਹਾਂ ਕੋਲ ਅੱਧਾ ਸ਼ਰਾਬ ਕਾਰੋਬਾਰ ਹੈ, ਨੂੰ ਦਿੱਲੀ ਵਿਚ ਵੀ ਸ਼ਰਾਬ ਦੇ ਕਾਰੋਬਾਰ ਵਿਚ ਵੱਡਾ ਹਿੱਸਾ ਪ੍ਰਾਪਤ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਨੂੰ ਪੜਤਾਲ ਵਾਸਤੇ ਸੱਦਣ ’ਤੇ ਪੰਜਾਬ ਦੇ ਮੁੱਖ ਮੰਤਰੀ ਦੇ ਤੁਰੰਤ ਦਿੱਲੀ ਪੁੱਜਣ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੇਕਰ ਕੋਈ ਵੀ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਤੇ ਇੱਥੇ ਕਲਾਕਾਰਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ।

ਸ਼ਾਹ ਵੱਲੋਂ ਸੌਂਧੀ ਨਾਲ ਸਟੇਜ ਸਾਂਝੀ ਕਰਨ ਦੀ ਆਲੋਚਨਾ

ਅਕਾਲੀ ਦਲ ਦੇ ਪ੍ਰਧਾਨ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਸ਼ਿਆਂ ਦੇ ਮਾਮਲੇ ਦੇ ਦੋਸ਼ੀ ਪਰਸ਼ੋਤਮ ਸੌਂਧੀ ਨੂੰ ਸਨਮਾਨਿਤ ਕਰਨ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜੋ ਵਿਅਕਤੀ 22 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ ਤੇ ਦੋਸ਼ੀ ਠਹਿਰਾਇਆ ਗਿਆ, ਉਹ ਇੰਦਰ ਇਕਬਾਲ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ਵੇਲੇ ਗ੍ਰਹਿ ਮੰਤਰੀ ਨਾਲ ਸਟੇਜ ਸਾਂਝੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਨਿੰਦਣਯੋਗ ਗੱਲ ਹੈ ਕਿ ਜਦੋਂ ਸਾਰੀ ਦੁਨੀਆਂ ਨੇ ਵੇਖਿਆ ਕਿ ਸੋਂਧੀ ਦਾ ਭਾਜਪਾ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਗਿਆ ਤਾਂ ਭਾਜਪਾ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੋਂਧੀ ਦਾ ਨਾਂ ਮੈਂਬਰਸ਼ਿਪ ਫਾਰਮ ਵਿਚ ਨਹੀਂ ਹੈ। ਉਨ੍ਹਾਂ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਇਕ ਨਸ਼ਾ ਤਸਕਰ ਨੂੰ ਗ੍ਰਹਿ ਮੰਤਰੀ ਕੋਲ ਲਿਜਾਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇੰਦਰ ਇਕਬਾਲ ਸਿੰਘ ਨੇ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਉਹ ਸੋਂਧੀ ਦੇ ਕਾਰੋਬਾਰੀ ਸਾਥੀ ਹਨ ਤੇ ਹਰ ਵੇਲੇ ਸੋਂਧੀ ਉਨ੍ਹਾਂ ਦੇ ਨਾਲ ਹੀ ਸਫਰ ਕਰਦਾ ਹੈ।