ਛਾਉਣੀ ਕਤਲ ਕਾਂਡ – ਪੁਲੀਸ ਵੱਲੋਂ ਫੌਜ ਦੇ 12 ਜਵਾਨ ਤਲਬ

ਛਾਉਣੀ ਕਤਲ ਕਾਂਡ – ਪੁਲੀਸ ਵੱਲੋਂ ਫੌਜ ਦੇ 12 ਜਵਾਨ ਤਲਬ

ਪੜਤਾਲ ਲਈ ਨੋਟਿਸ ਜਾਰੀ; ਪੁਲੀਸ ਨੂੰ ਹਮਲਾਵਰ ਛਾਉਣੀ ਦੇ ਅੰਦਰੋਂ ਹੀ ਹੋਣ ਦਾ ਸ਼ੱਕ
ਬਠਿੰਡਾ- ਇੱਥੇ ਫੌਜੀ ਛਾਉਣੀ ਵਿੱਚ 12 ਅਪਰੈਲ ਨੂੰ ਚਾਰ ਜਵਾਨਾਂ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲੀਸ ਯਤਨ ਕਰ ਰਹੀ ਹੈ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ’ਚ ਪੁੱਛਗਿਛ ਲਈ ਫੌਜ ਦੇ ਕਰੀਬ ਇੱਕ ਦਰਜਨ ਜਵਾਨਾਂ ਨੂੰ ਧਾਰਾ ਆਈਪੀਸੀ ਦੀ ਧਾਰਾ 160 ਤਹਿਤ ਨੋਟਿਸ ਜਾਰੀ ਕੀਤਾ ਹੈ।

ਸੂਤਰਾਂ ਅਨੁਸਾਰ ਪੁਲੀਸ ਅਤੇ ਫੌਜ ਦੀ ਜਾਂਚ ਟੀਮ ਨੂੰ ਸ਼ੱਕ ਹੈ ਕਿ ਵਾਰਦਾਤ ਨੂੰ ਛਾਉਣੀ ਦੇ ਅੰਦਰਲੇ ਵਿਅਕਤੀਆਂ ਵੱਲੋਂ ਹੀ ਅੰਜਾਮ ਦਿੱਤਾ ਹੋ ਸਕਦਾ ਹੈ। ਪੁਲੀਸ ਦੇ ਉੱਚ ਅਧਿਕਾਰੀਆਂ ਨੇ ਘਟਨਾ ’ਚ ਬਾਹਰੀ ਤਾਕਤਾਂ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ। ਪਤਾ ਲੱਗਾ ਹੈ ਕਿ ਫੌਜ ਵੱਲੋਂ ਛਾਉਣੀ ਅੰਦਰ ਤਾਇਨਾਤ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ ਕਰ ਕੇ ਸਾਰੇ ਪੱਖ ਖੰਘਾਲਣ ਦੇ ਯਤਨ ਕੀਤੇ ਜਾ ਰਹੇ ਹਨ। ਵਾਰਦਾਤ ’ਚ ਮਾਰੇ ਗਏ ਜਵਾਨਾਂ ਦੀ ਕਿਸੇ ਨਾਲ ਤਕਰਾਰ ਦੀ ਘੋਖ ਵੀ ਕੀਤੀ ਜਾਵੇਗੀ।

ਪਤਾ ਲੱਗਾ ਹੈ ਕਿ ਤਾਣੀ ਸੁਲਝਾਉਣ ਦੇ ਉਦੇਸ਼ ਨਾਲ ਦਿੱਲੀ ਤੋਂ ਫੌਜ ਦੇ ਅਧਿਕਾਰੀਆਂ ਦੀ ਟੀਮ ਨੇ ਛਾਉਣੀ ’ਚ ਪਹੁੰਚ ਕੇ ਘਟਨਾ ਸਥਾਨ ਦਾ ਨਿਰੀਖ਼ਣ ਕੀਤਾ। ਉਨ੍ਹਾਂ ਤਕਨੀਕੀ ਢੰਗ ਨਾਲ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕਾਤਲ ਖੁਦ ਦੇ ਬਚਾਅ ਲਈ ਕਿਹੜੀ ਦਿਸ਼ਾ ਤਰਫ਼ ਜਾ ਸਕਦੇ ਹਨ। ਹਮਲਾਵਰਾਂ ਦੇ ਸੰਭਾਵਿਤ ਤੌਰ ’ਤੇ ਜੰਗਲ ’ਚ ਲੁਕਣ ਦੇ ਸ਼ੱਕ ਅਧੀਨ ਉਥੇ ਚਲਾਈ ਤਲਾਸ਼ੀ ਮੁਹਿੰਮ ਦੇ ਵੀ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ। ਸੂਤਰਾਂ ਅਨੁਸਾਰ ਪੁਲੀਸ ਦੇ ਸ਼ੱਕ ਦੀ ਸੂਈ ਫੌਜ ਦੇ ਦੋ ਗੰਨਰਾਂ ’ਤੇ ਵੱਧ ਹੈ। ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਪੁਲੀਸ ਅਧਿਕਾਰੀ ਮੀਡੀਆ ਨੂੰ ਜ਼ਿਆਦਾ ਜਾਣਕਾਰੀ ਦੇਣ ਤੋਂ ਸੰਕੋਚ ਵਰਤ ਰਹੇ ਹਨ। ਉਂਜ ਬਠਿੰਡਾ ਜ਼ੋਨ ਦੇ ਏਡੀਜੀਪੀ ਐਸ.ਪੀ.ਐਸ. ਪਰਮਾਰ ਦਾ ਕਹਿਣਾ ਸੀ ਕਿ ਫੌਜ ਅਤੇ ਪੁਲੀਸ ਵੱਲੋਂ ਘਟਨਾ ਨੂੰ ਵੱਖ-ਵੱਖ ਪਹਿਲੂਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਤੀਜਾ ਆਉਣ ’ਤੇ ਉਹ ਮੀਡੀਆ ਨਾਲ ਸਾਂਝਾ ਕਰਨਗੇ।