ਨਿਹੰਗ ਸਿੰਘਾਂ ਦੇ ਰਵਾਇਤੀ ਮਹੱਲੇ ਨਾਲ ਵਿਸਾਖੀ ਮੇਲਾ ਸਮਾਪਤ

ਨਿਹੰਗ ਸਿੰਘਾਂ ਦੇ ਰਵਾਇਤੀ ਮਹੱਲੇ ਨਾਲ ਵਿਸਾਖੀ ਮੇਲਾ ਸਮਾਪਤ

ਸ਼ਿੰਗਾਰੇ ਹਾਥੀ, ਊਠ ਤੇ ਘੋੜੇ ਬਣੇ ਖਿੱਚ ਦੇ ਕੇਂਦਰ; ਵੱਡੀ ਗਿਣਤੀ ਸ਼ਰਧਾਲੂਆਂ ਨੇ ਮੱਥਾ ਟੇਕਿਆ
ਤਲਵੰਡੀ ਸਾਬੋ – ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਵਿਸਾਖੀ ਮੇਲਾ ਅੱਜ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਨਿਹੰਗ ਜਥੇਬੰਦੀਆਂ ਵੱਲੋਂ ਕੱਢੇ ਗਏ ਰਵਾਇਤੀ ਮਹੱਲੇ ਨਾਲ ਸਮਾਪਤ ਹੋ ਗਿਆ ਹੈ। ਮੇਲੇ ਦੇ ਆਖਰੀ ਦਿਨ ਅੱਜ ਵੱਡੀ ਗਿਣਤੀ ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਤਖ਼ਤ ਸਾਹਿਬ ਸਮੇਤ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ।

ਚਾਰ ਦਿਨ ਚੱਲੇ ਇਸ ਮੇਲੇ ਦੌਰਾਨ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਤੇ ਨਿਹੰਗ ਸਿੰਘ ਧਾਰਮਿਕ ਜਥੇਬੰਦੀ ਬੁੱਢਾ ਦਲ ਨੇ ਅੰਮ੍ਰਿਤ ਸੰਚਾਰ ਕਰ ਕੇ ਵੱਡੀ ਗਿਣਤੀ ਸੰਗਤ ਨੂੰ ਗੁਰੂ ਵਾਲੇ ਬਣਾਇਆ। ਮੇਲੇ ਮੌਕੇ ਬੁੱਢਾ ਦਲ ਵੱਲੋਂ ਗਤਕਾ ਮੁਕਾਬਲੇ ਕਰਵਾਏ ਗਏ ਤੇ ਤਰਕਸ਼ੀਲ ਸੁਸਾਇਟੀ ਨੇ ਦੋ ਦਿਨ ਕੀਤੇ ਪ੍ਰੋਗਰਾਮ ਵਿੱਚ ਲੋਕਾਂ ਨੂੰ ਵਹਿਮ ਭਰਮ ਛੱਡਣ ਲਈ ਪ੍ਰੇਰਿਆ। ਮੇਲੇ ਦੇ ਆਖਰੀ ਦਿਨ ਅੱਜ ਸਵੇਰੇ ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹੱਲਾ ਕੱਢਿਆ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮਗਰੋਂ ਬਾਅਦ ਦੁਪਹਿਰ ਨਿਹੰਗ ਸਿੰਘ ਜਥੇਬੰਦੀਆਂ ਨੇ ਮਹੱਲਾ ਕੱਢਿਆ। ਨਿਹੰਗ ਜਥੇਬੰਦੀਆਂ ਸ਼ਿੰਗਾਰੇ ਹੋਏ ਘੋੜਿਆਂ, ਊਠਾਂ ਤੇ ਹਾਥੀਆਂ ’ਤੇ ਸਵਾਰ ਹੋ ਕੇ ਗੁਰਦੁਆਰਾ ਦੇਗਸਰ ਬੇਰ ਸਾਹਿਬ ਇਕੱਠੀਆਂ ਹੋਈਆਂ। ਇੱਥੋਂ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਅਰਦਾਸ ਕਰਨ ਮਗਰੋਂ ਨਗਾੜਿਆਂ ਦੀਆਂ ਚੋਟਾਂ ਅਤੇ ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਮਹੱਲਾ ਰਵਾਨਾ ਹੋਇਆ। ਤਖ਼ਤ ਸਾਹਿਬ ਦੀ ਪਰਿਕਰਮਾ ਕਰਕੇ ਅਤੇ ਇਤਿਹਾਸਕ ਗੁਰਦੁਆਰਾ ਮਹੱਲਸਰ ਵਿੱਚ ਮੱਥਾ ਟੇਕ ਕੇ ਇਹ ਮਹੱਲਾ ਸਥਾਨਕ ਬੱਸ ਅੱਡੇ ਕੋਲ ਖੁੱਲ੍ਹੇ ਮੈਦਾਨ ’ਚ ਪਹੁੰਚਿਆ। ਇੱਥੇ ਘੋੜ ਸਵਾਰ ਨਿਹੰਗ ਸਿੰਘਾਂ ਨੇ ਦੋ-ਦੋ ਤੇ ਤਿੰਨ-ਤਿੰਨ ਘੋੜਿਆਂ ਦੀ ਸਵਾਰੀ ਕੀਤੀ, ਕਿੱਲਾ ਪੁੱਟਣ ਤੇ ਗਤਕੇ ਦੇ ਕਰਤੱਬ ਦਿਖਾਏ। ਇਸ ਮੌਕੇ ਕੁਸ਼ਤੀਆਂ ਵੀ ਕਰਵਾਈਆਂ ਗਈਆਂ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ ਤੇ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।