ਮੁਦਰਾ ਯੋਜਨਾ ਦਾ ਮਖੌਲ ਉਡਾਉਣ ਵਾਲਿਆਂ ਨੂੰ ਆਮ ਆਦਮੀ ਦੀ ਸਮਰੱਥਾ ਦਾ ਨਹੀਂ ਪਤਾ: ਮੋਦੀ

ਮੁਦਰਾ ਯੋਜਨਾ ਦਾ ਮਖੌਲ ਉਡਾਉਣ ਵਾਲਿਆਂ ਨੂੰ ਆਮ ਆਦਮੀ ਦੀ ਸਮਰੱਥਾ ਦਾ ਨਹੀਂ ਪਤਾ: ਮੋਦੀ

ਪ੍ਰਧਾਨ ਮੰਤਰੀ ਨੇ ਵਰਚੁਅਲੀ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ‘ਨਵਾਂ ਭਾਰਤ’ ਨਵੀਆਂ ਨੀਤੀਆਂ ਅਤੇ ਰਣਨੀਤੀਆਂ ਨਾਲ ਅੱਗੇ ਵਧ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਬੀਤੇ ਦੇ ‘ਪ੍ਰਤੀਕਿਰਿਆ ਆਧਾਰਿਤ ਦ੍ਰਿਸ਼ਟੀਕੋਣ’ ਨੂੰ ਛੱਡ ਤਕਨਾਲੋਜੀ ਅਤੇ ਬੁਨਿਆਦੀ ਢਾਂਚੇ ਦੇ ਮਾਮਲਿਆਂ ’ਚ ਸਰਗਰਮ ਨਜ਼ਰੀਆ ਅਪਣਾ ਕੇ ਕੰਮ ਕਰ ਰਹੀ ਹੈ। ਸ੍ਰੀ ਮੋਦੀ ਨੇ ਰੁਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਲਘੂ ਅਤੇ ਸੂਖਮ ਉੱਦਮਾਂ ਲਈ ਮੁਦਰਾ ਕਰਜ਼ਾ ਪ੍ਰਾਜੈਕਟ ਨਾਲ ਅੱਠ ਕਰੋੜ ਤੋਂ ਵਧ ਨਵੇਂ ਉੱਦਮੀ ਤਿਆਰ ਹੋਏ ਹਨ ਅਤੇ ਸਰਕਾਰ ਦੀਆਂ ਨੀਤੀਆਂ ਤੇ ਰਣਨੀਤੀਆਂ ਨੇ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹੇ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜੋ ਖੁਦ ਨੂੰ ਵੱਡਾ ਅਰਥਸ਼ਾਸਤਰੀ ਮੰਨਦੇ ਹਨ ਅਤੇ ਕਿਹਾ ਕਿ ਇਹ ਲੋਕ ਵੱਡੇ ਕਾਰੋਬਾਰੀਆਂ ਨੂੰ ਫੋਨ ’ਤੇ ਕਰਜ਼ ਦਿੰਦੇ ਸਨ ਪਰ ਅੱਜ ਉਹ ਮੁਦਰਾ ਯੋਜਨਾ ਦਾ ਮਖੌਲ ਉਡਾ ਰਹੇ ਹਨ।

ਉਨ੍ਹਾਂ ਕਿਸੇ ਦਾ ਨਾਮ ਨਹੀਂ ਲਿਆ ਪਰ ਸਿੱਧਾ ਇਸ਼ਾਰਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਵੱਲ ਸੀ। ਮੋਦੀ ਨੇ ਕਿਹਾ ਕਿ ਇਸ ਯੋਜਨਾ ਤਹਿਤ 23 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ ਜਿਸ ’ਚ 70 ਫ਼ੀਸਦੀ ਲਾਭਪਾਤਰੀ ਮਹਿਲਾਵਾਂ ਹਨ। ਪ੍ਰੋਗਰਾਮ ਦੌਰਾਨ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ’ਚ 71,506 ਭਰਤੀਆਂ ਲਈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਪ੍ਰਧਾਨ ਮੰਤਰੀ ਨੇ 2014 ’ਚ ਸੱਤਾ ’ਚ ਆਉਣ ਮਗਰੋਂ ਬਦਲਾਅ ਦੇ ਪੈਮਾਨੇ ਨੂੰ ਦਰਸਾਉਣ ਲਈ ਵਿਕਾਸ ਦੇ ਕਈ ਅੰਕੜਿਆਂ ਦਾ ਵੀ ਹਵਾਲਾ ਦਿੱਤਾ।