ਭਾਈਵਾਲਾਂ ਦੀਆਂ ਗ਼ਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਾਂ: ਪੁਰੀ

ਭਾਈਵਾਲਾਂ ਦੀਆਂ ਗ਼ਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਾਂ: ਪੁਰੀ

ਪਟਿਆਲਾ,-
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਬਠਿੰਡਾ ਛਾਉਣੀ ’ਚ ਵਾਪਰੀ ਘਟਨਾ ਅਤਿਵਾਦੀ ਹਮਲਾ ਨਹੀਂ ਸੀ ਸਗੋਂ ਉਹ ਅੰਦਰੂਨੀ ਮਾਮਲਾ ਹੈ। ਹਰਦੀਪ ਸਿੰਘ ਪੁਰੀ ਸਥਾਨਕ ਰੇਲਵੇ ਵਰਕਸ਼ਾਪ ਦੇ ਆਡੀਟੋਰੀਅਮ ’ਚ ਰੁਜ਼ਗਾਰ ਮੇਲੇ ਦੌਰਾਨ ਨਿਯੁਕਤੀ ਪੱਤਰ ਵੰਡਣ ਲਈ ਪੁੱਜੇ ਸਨ, ਜਿਸ ਵਿੱਚ ਉਨ੍ਹਾਂ 56 ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅੰਮ੍ਰਿਤਪਾਲ ਸਿੰਘ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਮਾਮਲਾ ਨਹੀਂ ਹੈ ਪਰ ਬਠਿੰਡਾ ਘਟਨਾ ਬਾਰੇ ਉਨ੍ਹਾਂ ਦੀ ਅਧਿਕਾਰੀਆਂ ਨਾਲ ਗੱਲ ਹੋਈ ਹੈ। ਉਥੇ ਕਿਸੇ ਅੰਦਰੂਨੀ ਮਾਮਲੇ ਕਾਰਨ ਘਟਨਾ ਵਾਪਰੀ ਹੈ। ਸ੍ਰੀ ਪੁਰੀ ਨੇ ਪੰਜਾਬ ਦੀ ਰਾਜਨੀਤੀ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਲਏ ਬਿਨਾਂ ਕਿਹਾ ਕਿ ਪਹਿਲਾਂ ਉਨ੍ਹਾਂ ਦਾ ਜਿਹੜੀ ਪਾਰਟੀ ਨਾਲ ਗੱਠਜੋੜ ਸੀ, ਉਸ ਪਾਰਟੀ ਦੇ ਆਗੂ ਗ਼ਲਤੀਆਂ ਕਰਦੇ ਸਨ ਤੇ ਭੁਗਤਣਾ ਉਨ੍ਹਾਂ ਨੂੰ ਪੈਂਦਾ ਸੀ। ਉਨ੍ਹਾਂ ਕਿਹਾ ਕਿ ਕਿਸੇ ਦੇ ਗਲਤ ਕੰਮਾਂ ਦਾ ਖ਼ਮਿਆਜ਼ਾ ਉਹ ਅੱਜ ਵੀ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਸੰਗਠਨ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਜਲੰਧਰ ਦੀ ਜ਼ਿਮਨੀ ਚੋਣ ਬਾਰੇ ਕਿਹਾ ਕਿ ਜਲੰਧਰ ਦਾ ਮਜ਼ਬੂਤ ਉਮੀਦਵਾਰ ਐਲਾਨ ਦਿੱਤਾ ਹੈ, ਉੱਥੇ ਪਾਰਟੀ ਦਾ ਚੰਗਾ ਪ੍ਰਦਰਸ਼ਨ ਰਹੇਗਾ। ਜਾਣਕਾਰੀ ਅਨੁਸਾਰ ਅੱਜ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਰੇਲਵੇ ਵਰਕਸ਼ਾਪ ਵਿਚ ਪੁੱਜਣ ’ਤੇ ਪਟਿਆਲਾ ਦੇ ਟਕਸਾਲੀ ਭਾਜਪਾ ਆਗੂ ਗ਼ੈਰਹਾਜ਼ਰ ਰਹੇ।