ਖਾਲਸੇ ਦੇ ਸਿਰਜਨਾ ਦਿਵਸ ‘‘ਵਿਸਾਖੀ’’ ਦੀ ਵੰਗਾਰ ਸਿੱਖ ਪੰਥ ਨੂੰ ਮੁੜ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਦਾ ਪ੍ਰਣ ਕਰੀਏ

ਖਾਲਸੇ ਦੇ ਸਿਰਜਨਾ ਦਿਵਸ ‘‘ਵਿਸਾਖੀ’’ ਦੀ ਵੰਗਾਰ ਸਿੱਖ ਪੰਥ ਨੂੰ ਮੁੜ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਦਾ ਪ੍ਰਣ ਕਰੀਏ

ਸ:ਜੰਗ ਸਿੰਘ
ਵਟੱਸ ਅੱਪ ਨੰ
+1 415 603 7380
ਇਹ ਮੰਨਿਆ ਜਾਂਦਾ ਕਿ ਕੁਝ ਸਮੇਂ ਬਾਅਦ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ।ਅੱਜ ਜਦੋਂ ਖਾਲਸਾ ਪੰਥ ਆਪਣੀ 324ਵੀਂ ਵਰ੍ਹੇ ਗੰਢ ਨੂੰ ਮਨਾ ਰਿਹਾ ਹੈ ਜੇ ਕਰ ਇਸ ਸਮੇਂ ਨੂੰ ਗੁਰੁੂ ਸਾਹਿਬ ਦੇ ਉਸ ਸਮੇਂ ਨਾਲ ਮੇਲ ਕਰਾਈਏ ਤਾਂ ਕਾਫੀ ਹੱਦ ਤਕ ਸਚਾਈ ਉਸ ਨਾਲ ਮੇਲ ਖਾਂਦੀ ਨਜਰੀ ਪੈਂਦੀ ਦਿਸੇਗੀ। ਖਾਲ਼ਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦੇਸ਼ ਵਿੱਚ ਮੁਗਲ ਸ਼ਾਸ਼ਕ ਔਰੰਗਜੇਬ ਰਾਜ ਕਰਦਾ ਸੀ ਜੋ ਕਿ ਸਮੇਂ ਦਾ ਬੜਾ ਜਾਲਮ ਤੇ ਨਿਰਦੱਈ ਸੀ ਉਸ ਨੇ ਕਸਮ ਖਾਧੀ ਸੀ ਕਿ ਉਹ ਭਾਰਤ ਵਿੱਚੋਂ ਹਿੰਦੂ ਧਰਮ ਨੂੰ ਸਦਾ ਲਈ ਖਤਮ ਕਰਕੇ ਮੁਸਲਿਮ ਧਰਮ ਦਾ ਡੰਕਾ ਵਜਾਵੇਗਾ। ਇਸ ਮੰਤਵ ਨਾਲ ਉਹ ਜੰਮੂ ਕਸ਼ਮੀਰ ਦੇ ਬ੍ਰਾਹਮਣਾਂ ਨੁੂੰ ਬੜਾ ਤੰਗ ਤੇ ਪਰੇਸ਼ਾਨ ਕਰਦਾ ਸੀ। ਉਹ ਹਰ ਰੋਜ ਸਵਾ ਮਣ ਹਿੰਦੂਆਂ ਦੇ ਜੰਜੂ ਲਾਹ ਕੇ ਰੋਟੀ ਖਾਂਦਾ ਸੀ।
ਉਸ ਦੇ ਜੁਲਮ ਜਬਰ ਤੋਂ ਤੰਗ ਪਰੇਸ਼ਾਨ ਹੋ ਕੇ ਜੰਮੂ ਕਸ਼ਮੀਰ ਦੇ ਬ੍ਰਾਹਮਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਆਏ ਕਿ ਔਰੰਗਜੇਬ ਬਾਦਸ਼ਾਹ ਜੁਲਮ ਕਰਕੇ ਉਨਾਂ ਨੂੰ ਜਬਰੀ ਮੁਸਲਮਾਨ ਧਰਮ ਵਿੱਚ ਤਬਦੀਲ ਕਰਵਾ ਰਿਹਾ ਹੈ ਤਾਂ ਉਸ ਸਮੇਂ ਗੁਰੂੁ ਸਾਹਿਬ ਕੋਲ ਬੈਠੇ ਉਨਾਂ ਦੇ ਸਪੁੱਤਰ ਸ੍ਰੀ ਗੋਬਿੰਦ ਰਾਏ ਜਿਨਾਂ ਦੀ ਉਮਰ ਸਿਰਫ ਨੌਂ ਸਾਲਾਂ ਦੀ ਸੀ, ਆਪਣੇ ਪਿਤਾ ਨੂੰ ਕਿਸੇ ਡੂੰਘੀ ਸੋਚ ਵਿਚਾਰ ਵਿੱਚ ਡੁੱਬੇ ਹੋਣ ਦਾ ਕਾਰਨ ਪੁਛਿਆ ਤਾਂ ਗੁਰੂੁ ਸਾਹਿਬ ਨੇ ਗੋਬਿੰਦ ਰਾਏ ਨੂੰ ਕਿਹਾ ਕਿ ਇਨਾਂ ਦੇ ਧਰਮ ਨੂੰ ਬਚਾਉਣ ਲਈ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਜਰੂਰਤ ਹੈ। ਕਸ਼ਮੀਰੀ ਪੰਡਤਾਂ ਦੀ ਜਬਰ ਜੁਲਮ ਦੀ ਫਰਿਆਦ ਤੇ ਆਪਣਾ ਪ੍ਰਤੀਕਰਮ ਦੇਂਦਿਆਂ ਝੱਟ ਇਹ ਕਹਿ ਦਿੱਤਾ ਹੈ ਕਿ ਆਪ (ਗੁਰੂੁ ਤੇਗ ਬਹਾਦਰ ਸਾਹਿਬ) ਜੀ ਤੋਂ ਮਹਾਨ ਹੋਰ ਕੋਈ ਸ਼ਖਸ਼ੀਅਤ ਨਹੀਂ ਹੋ ਸਕਦੀ ਜੋ ਇਨਾਂ ਦੇ ‘‘ਹਿੰਦੂ ਧਰਮ’’ ਨੂੰ ਔਰੰਗਜੇਬ ਦੇ ਜੁਲਮਾਂ ਤੋਂ ਬਚਾ ਸਕੇ। ਸ੍ਰੀ ਗੁਰੂੁ ਤੇਗ ਬਹਾਦਰ ਨੇ ਕਸ਼ਮੀਰੀ ਪੰਡਤਾਂ ਨੂੁੰ ਕਿਹਾ ਕਿ ਔਰੰਗਜੇਬ ਨੂੰ ਜਾ ਕੇ ਆਖ ਦਿਉ ਕਿ ਉਹ ਗੁਰੂੁ ਤੇਗ ਬਹਾਦਰ ਕੋਲੋਂ ਪਹਿਲਾਂ ਆਪਣੀ ਈਨ ਮਨਵਾ ਲਵੇ, ਫਿਰ ਅਸੀ ਸਾਰੇ (ਕਸ਼ਮੀਰੀ ਪੰਡਤ) ਵੀ ਤੁਹਾਡੀ ਈਨ ਪ੍ਰਵਾਨ ਕਰ ਲਵਾਂਗੇ। ਜਦੋਂ ਇਹ ਸੂਚਨਾ ਔਰੰਗਜੇਬ ਨੂੰ ਮਿਲੀ ਤਾਂ ਉਸ ਨੇ ਝੱਟ ਗੁਰੁੂ ਸਾਹਿਬ ਨੂੰ ਦਿੱਲੀ ਬੁੱਲਾ ਭੇਜਿਆ। ਜਦੋਂ ਗੁਰੂੁ ਸਾਹਿਬ ਨੇ ਦਿੱਲੀ ਨੂੰ ਜਾਣ ਦੇ ਚਾਲੇ ਪਾਏ ਤਾਂ ਉਨਾਂ ਨਾਲ ਤਿੰਨ ਸ਼ਰਧਾਲੂ ਭਾਈ ਮੱਤੀ ਦਾਸ,ਭਾਈ ਸੱਤੀ ਦਾਸ ਅਤੇ ਭਾਈ ਦਿਆਲਾ ਵੀ ਸਨ। ਔਰੰਗਜੇਬ ਨੇ ਗੁਰੂੁ ਸਾਹਿਬ ਨੂੰ ਮਨਾਉਣ ਦੇ ਸਭ ਯਤਨ ਕਰ ਵੇਖੇ ਜਦੋਂ ਕੋਈ ਗੱਲ ਨੇਪਰੇ ਚੜ੍ਹਦੀ ਨਾ ਨਜ਼ਰ ਆਈ ਤਾਂ ਗੁਰੁੂ ਸਾਹਿਬ ਵਿੱਚ ਡਰ ਖੌਫ ਪੈਦਾ ਕਰਨ ਦੇ ਮੰਤਵ ਨਾਲ ਉਨਾਂ ਦੇ ਸਾਹਮਣੇ ਉਕਤ ਤਿੰਨੇ ਸ਼ਰਧਾਲੂਆਂ ਇਕ ਨੂੰ ਜੀਊਂਦੇ ਆਰੇ ਨਾਲ ਚਿਰਵਾ ਕੇ, ਦੂਜੇ ਨੂੰ ਰੂੰ ਦੇ ਗੋਹੜ੍ਹੇ ਵਿੱਚ ਸਾੜ੍ਹ ਕੇ ਤੇ ਤੀਸਰੇ ਨੂੰ ਪਾਣੀ ਦੇ ਦੇਗੇ ਵਿੱਚ ਆਲੂਆਂ ਵਾਂਗ ਉਬਾਲ ਕੇ ਇਹੋ ਜਿਹੇ ਭੈਭੀਤ ਕਰਨ ਵਾਲੇ ਤਸੀਹੇ ਦੇ ਕੇ ਸ਼ਹੀਦ ਕਰਨ ਉਪਰੰਤ ਜਦੋਂ ਸ੍ਰੀ ਗੁਰੁੂ ਤੇਗ ਬਹਾਦਰ ਸਾਹਿਬ ਉਤੇ ਇਸ ਕਿਸੇ ਦਾ ਕੋਈ ਅਸਰ ਨਾ ਹੋਇਆ ਤੇ ਉਹ ਆਪਣੇ ਦ੍ਰਿੜ੍ਹ ਵਿਸ਼ਵਾਸ਼ ਤੇ ਡੱਟੇ ਰਹੇ ਤਾਂ ਔਰੰਗਜੇਬ ਬਾਦਸ਼ਾਹ ਦੇ ਹੁਕਮਾਂ ਤੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਰੇਆਮ ਜੰਨਤਾ ਦੇ ਸਾਹਮਣੇ ਜਲਾਦਾਂ ਨੇ ਤਲਵਾਰ ਨਾਲ ਗੁਰੂੁ ਸਾਹਿਬ ਦਾ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤਾ।
ਇਸ ਸਮੇਂ ਵੀ ਔਰੰਗਜੇਬ ਵਰਗੀ ਇਕ ਹੋਰ ਜਾਬਰ ਰੂਹ ਦੇ ਰੂਪ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਦਾ ਸਬੰਧ ਹਿੰਦੂ ਧਰਮ ਨਾਲ ਹੈ ਭਾਵ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੋ ਇਸ ਸਮੇਂ ਦਿੱਲੀ ਦੇ ਤਖਤ ਤੇ ਰਾਜ ਕਰ ਰਿਹਾ ਹੈ। ਇਸ ਨੇ ਵੀ ਕਸਮ ਖਾ ਰੱਖੀ ਹੈ ਕਿ ਉਹ ਵੀ ਦੇਸ਼ ਵਿੱਚ ਹਿੰਦੂਆਂ ਤੋਂ ਬਿਨਾ ਹੋਰ ਕਿਸੇ ਧਰਮ ਨੂੰ ਰਹਿਣ ਨਹੀ ਦੇਵੇਗਾ। ਭਾਰਤ ਦੇਸ਼ ਜਿਹੜਾ ਬਹੁਤ ਸਾਰੇ ਧਰਮਾਂ, ਮਜਬਾਂ ਨੂੰ ਮੰਨਣ ਵਾਲਾ ਭਰਾਤਰੀ ਏਕੇ ਦਾ ਪ੍ਰਤੀਕ ਹੋਣ ਦੇ ਨਾਲ ਵੱਖ ਵੱਖ ਖੂਬਸੂਰਤ ਫੁੱਲਾਂ ਦੀ ਮਹਿਕ ਵੰਡਦੇ ਗੁਲਦੱਸਤੇ ਦੇ ਨਿਆਈਂ ਹੈ। ਉਸ ਖੁਸ਼ਬੋ ਨੂੰ ਖਤਮ ਕਰਕੇ ਭਾਰਤ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਵੱਲ ਲਗਾ ਹੋਇਆ ਹੈ। ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜਿਨਾਂ ਨੂੰ ‘‘ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਤੇ ਜਿਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਸੀ, ਅੱਜ ਉਸੇ ਸਿੱਖ ਧਰਮ ਨੂੰ ਖਤਮ ਕਰਨ ਲਈ ਉਸ ਨੇ ਪੰਜਾਬ ਦੇ ਬਹੁ ਗਿਣਤੀ ਵਰਗ ‘‘ਸਿੱਖ’’ ਕਿਰਸਾਨਾਂ ਦੀਆਂ ਜਮੀਨਾਂ ਉਨ੍ਹਾਂ ਕੋਲੋਂ ਖੋਹ ਕੇ ਅੰਬਾਨੀਆਂ ਅਡਾਨੀਆਂ ਆਪਣੇ ਦੋ ਕਾਰਪੋਰੇਟ ਗੁਜਰਾਤੀ ਮਿੱਤਰਾਂ ਦੇ ਹਵਾਲੇ ਕਰਕੇ ਸਿੱਖ ਰਾਜ ਦੇ ਪਹਿਲੇ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਆਪਣੇ ਰਾਜ ਵਿੱਚ ਰਜਵਾੜਿਆਂ ਤੋਂ ਜਮੀਨਾਂ ਲੈ ਕੇ ਮੁਜਾਰਿਆਂ ਨੂੰ ਜਮੀਨਾਂ ਦੇ ਕੇ ਉਨਾਂ ਦੇ ਮਾਲਕ ਬਣਾਇਆ ਸੀ।
ਉਨ੍ਹਾਂ ਦੀਆਂ ਜਮੀਨਾਂ ਖੋਹ ਕੇ ਸਿੱਖ ਕਿਸਾਨਾਂ ਦੀ ਹੋਂਦ ਨੂੰ ਸਦਾ ਲਈ ਖਤਮ ਕਰ ਰਿਹਾ ਸੀ ।ਪਰ ਇਨ੍ਹਾਂ ਸਿੱਖ ਕਿਸਾਨਾਂ ਨੇ ਸਾਰੇ ਭਾਰਤ ਦੇ ਕਿਸਾਨਾਂ ਨੂੰ ਇਕਠਿਆਂ ਕਰਕੇ 384 ਦਿਨ ਅਤਿ ਕਠਿਨਾਈਆਂ ਵਿੱਚ ਦਿੱਲੀ ਦੇ ਬਾਰਡਰਾਂ ਤੇ ਲੰਮੀ ਲੜਾਈ ਲੜ ਕੇ ਇਸੇ ਜਾਬਰ ਸ੍ਰੀ ਨਰਿੰਦਰ ਮੋਦੀ ਹੁਕਮਰਾਨ ਕੋਲੋਂ ਬਿਨਾ ਸ਼ਰਤ ਤਿੰਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਸੀ। ਇਸ ਤੋਂ ਕੁਝ ਸਬਕ ਸਿੱਖਣ ਦੀ ਬਜਾਏ ਹਾਲੇ ਵੀ ਆਪਣੇ ਹੱਠ ਤੇ ਕਾਇਮ ਹੈ। ਇਸ ਜਾਬਰ ਬਣੇ ਮੋਦੀ ਬਾਰੇ ਹੋਰ ਕੁਝ ਲਿਖਣ ਤੋਂ ਪਹਿਲਾ ਇਹ ਜਰੂਰੀ ਹੈ ਕਿ ਖਾਲਸਾ ਪੰਥ ਦੇ ਮਹਾਨ ਪੁਰਬ ਬਾਰੇ ਵਿਚਾਰ ਚਰਚਾ ਕਰ ਲਈਏ। ਸਿੱਖ ਪੰਥ ਦੇ ਇਤਿਹਾਸ ਵਿੱਚ 13 ਅਪ੍ਰੈਲ 1699 ਦੀ ਵਿਸਾਖੀ ਦੇ ਦਿਵਸ ਦਾ ਇਕ ਨਿਵੇਕਲਾ ਤੇ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਦਸਮ ਪਾਤਸ਼ਾਹ, ਸਾਹਿਬ-ਏ-ਕਮਾਲ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਇਕ ਅਜਿਹਾ ਵਰਤਾਰਾ ਵਰਤਾਇਆ ਕਿ ਇਸ ਪਵਿੱਤਰ ਦਿਹਾੜੇ ਵਾਲੇ ਦਿਨ ਦੇਸ਼ ਦੇ ਹਜਾਰਾਂ ਲੋਕਾਂ ਦਾ ਇਕੱਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਜਿਸ ਵਿੱਚ ਲਹੂ ਨਾਲ ਲਿੱਬੜੀ ਨੰਗੀ ਤਲਵਾਰ ਲੈ ਕੇ ਪੂਰੇ ਜਾਹੋ ਜਲਾਲ ਨਾਲ ਭਰੇ ਪੰਡਾਲ ਵਿੱਚ ਪੰਜ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ। ਇਸ ਕੜਕਵੀਂ ਅਵਾਜ ਨੂੰ ਸੁਣ ਕੇ ਹਾਜਰ ਸੰਗਤਾਂ ਵਿੱਚ ਖਲਬੱਲ਼ੀ ਮੱਚ ਗਈ। ਇਸ ਮੌਕੇ ਭਾਈ ਦਇਆ ਸਿੰਘ ਵਾਸੀ ਲਾਹੌਰ, ਭਾਈ ਧਰਮ ਸਿੰਘ ਵਾਸੀ ਹਸਤਨਾ ਪੁਰ (ਦਿੱਲੀ), ਭਾਈ ਹਿੰਮਤ ਸਿੰਘ ਵਾਸੀ ਜਗਨ ਨਾਥ ਪੁਰੀ (ਉੜੀਸਾ‘ ਭਾਈ ਮੋਹਕਮ ਸਿੰਘ ਨਿਵਾਸੀ ਦਵਾਰਕਾ (ਗੁਜਰਾਤ), ਭਾਈ ਸਾਹਿਬ ਸਿੰਘ ਵਾਸੀ ਬਿਦਰ (ਕਰਨਾਟਕਾ) ਇਕ ਇਕ ਕਰਕੇ ਹੱਥ ਜੋੜ੍ਹ ਕੇ ਸੀਸ ਭੇਟ ਕਰਨ ਲਈ ਨਿੱਤਰ ਕੇ ਆਏ । ਜਿਨਾਂ ਨੂੰ ਗੁਰੂੁ ਸਾਹਿਬ ਲਾਗਲੇ ਤੰਬੂ ਵਿੱਚ ਲੈ ਕੇ ਗਏ ਤੇ ਉਨਾਂ ਨੂੰ ਸਿੰਘ ਸਜਾ ਕੇ ਲਿਆਏ ਜਿਸ ਨੂੰ ਉਨਾਂ ਨੇ ‘‘ਖਾਲਸੇ’’ ਦਾ ਨਾਂ ਦਿੱਤਾ। ਇਨਾਂ ਪੰਜਾਂ ਪਿਆਰਿਆ ਕੋਲੋਂ ਬਾਅਦ ਵਿੱਚ ਅੰਮ੍ਰਿਤ ਛੱਕ ਕੇ ਗੁਰੁੂ ਚੇਲਾ ਇਕ ਹੋਣ ਦਾ ਮਾਣ ਬਖਸ਼ਿਆ।
ਇਸੇ ਖਾਲਸਾ ਪੰਥ ਨੇ ਬਾਅਦ ਵਿੱਚ ਅਜਿਹਾ ਜੰਗ ਜੂ ਇਤਿਹਾਸ ਸਿਰਜਿਆ ਜਿਸ ਨੇ ਜਾਲਮ ਮੁਗਲੀ ਹਕੂਮਤ ਦਾ ਤਹਿਸ ਨਹਿਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਪਹਿਲਾ ਸਿੱਖ ਰਾਜ ਸਥਾਪਤ ਕੀਤਾ। ਬਾਅਦ ਵਿੱਚ ਇਸੇ ਕੌਮ ਦੇ ਮਹਾਰਾਜਾ ਰਣਜੀਤ ਸਿੰਘ ਨੇ 50 ਵਰ੍ਹੇ ਦੇ ਕਰੀਬ ਦੇਸ਼ ਤੇ ਰਾਜ ਕੀਤਾ। ਇਸੇ ਕੌਮ ਨੇ ਬਾਅਦ ਵਿੱਚ ਅੰਗਰੇਜਾਂ ਦੇ ਰਾਜ ਨੂੰ ਚਲਦਾ ਕਰਨ ਲਈ ਆਪਣੀ ਅਣਗਿਣਤ ਕੁਰਬਾਨੀਆ ਦਿੱਤੀਆਂ, ਜੇ ਕਰ ਕਾਂਗਰਸ ਪਾਰਟੀ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਦਨੀਤੀ ਨਾਲ ਇਨਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ 1984 ਵਿੱਚ ਹਮਲਾ ਕਰਕੇ ਉਸ ਨੂੰ ਢਹਿ ਢੇਰੀ ਕੀਤਾ ਤਾਂ ਇਸੇ ਕੌਮ ਦੇ ਵਾਰਸਾਂ ਨੇ ਉਸ ਦਾ ਬਦਲਾ ਲਿਆ ਭਾਵੇਂ ਇਸ ਦੇ ਇਵਜ ਵਿੱਚ ਉਨਾਂ ਨੁੂੰ ਅਣਗਿਣਤ ਕੁਰਬਾਨੀਆ ਦੇਣੀਆਂ ਪਈਆਂ ਤੇ ਇਸ ਕੌਮ ਤੇ ਦਸ ਵਰ੍ਹੇ ਜੁਲਮ ਕਰਕੇ ਨੌਜੁਆਨੀ ਦਾ ਇਤਨਾ ਘਾਣ ਕੀਤਾ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਰਹੱਦੀ ਜਿਲਿਆਂ ਵਿੱਚ ਕਈ ਦਹਾਕਿਆਂ ਤਕ ਸਿੱਖ ਨੌਜੁਆਨਾਂ ਦੀਆਂ ਬਰਾਤਾਂ ਤਕ ਨਹੀਂ ਸਨ ਚੜ੍ਹ ਸਕੀਆਂ।
ਇਸ ਕੱਟੜ ਪ੍ਰਧਾਨ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੇਸ਼ ਵੱਖ ਵੱਖ ਧਰਮਾਂ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਈਸਾਈਆਂ, ਪਾਰਸੀਆਂ ਆਦਿ ਕਈ ਧਰਮਾਂ, ਬੋਲੀਆਂ, ਪਹਿਰਾਵਿਆਂ ਵਾਲਾ ਖੁਸ਼ਬੋਈ ਵੰਡਦਾ ਰੰਗ ਬਿਰੰਗੇ ਫੁਲਾਂ ਦੇ ਗੁੱਲਦਸਤੇ ਵਰਗਾ ਦੇਸ਼ ਹੈ। ਦੇਸ਼ ਦੇ ਲੋਕ ਇਸ ਨੂੰ ਇਕ ਰੰਗ ਵਿੱਚ ਕਦੇ ਵੀ ਤਬਦੀਲ ਨਹੀਂ ਹੋਣ ਦੇਣਗੇ। ਦੇਸ਼ ਦੀ ਅਜਾਦੀ ਤੋਂ ਬਾਅਦ ਦੀਆਂ ਦੇਸ਼ ਵਿੱਚ ਬਣੀਆਂ ਸਰਕਾਰਾਂ ਵਲੋਂ ਵੱਖ ਵੱਖ ਢੰਗ ਤਰੀਕੇ ਅਪਣਾਅ ਕੇ ਪੰਜਾਬ ਨੂੰ ਦਬਾਉਣ ਦਾ ਹਰ ਕੋਹਝੇ ਤੋਂ ਕੋਹਝਾ ਹਥਿਆਰ ਵਰਤਿਆ ਜਾਂਦਾ ਰਿਹਾ ਹੈ। ਸਾਰੇ ਦੇਸ਼ ਵਿੱਚ ਬੋਲੀਆਂ ਦੇ ਅਧਾਰ ਤੇ ਸੂਬੇ ਬਣਾ ਦਿੱਤੇ ਪਰ ਪੰਜਾਬੀ ਸੂਬਾ ਬਣਾਉਣ ਲਈ ਪੰਜਾਬੀਆਂ ਨੂੰ ਕਈ ਦਹਾਕੇ ਲੜਾਈ ਲੜ੍ਹਣ ਉਪਰੰਤ ਅਣਗਿਣਤ ਕੁਰਬਾਨੀਆਂ ਦੇ ਕੇ ਜਿਹੜਾ ਕੱਟ ਵੱਢ ਕਰਕੇ ‘ਪੰਜਾਬੀ ਸੂਬਾ’ ਬਣਾ ਕੇ ਦਿੱਤਾ ਉਹ ਸਭ ਦੇ ਸਾਹਮਣੇ ਹੈ। ਕਦੇ ਉਸ ਦੀ ਰਾਜਧਾਨੀ ‘‘ਚੰਡੀਗੜ੍ਹ’’ ਖੋਹੀ ਜਾਂਦੀ ਹੈ ਕਦੇ ਉਸ ਦੇ ਪੰਜਾਬੀ ਬੋਲਦੇ ਇਲਾਕੇ, ਕਦੇ ਦਰਿਆਈ ਪਾਣੀ ਤੇ ਡੈਮਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾਂਦਾ, ਕਦੇ ਜਨਤਕ ਥਾਵਾਂ ਤੇ ਕਕਾਰ ਪਹਿਨਣ ਤੋਂ ਵਰਜ ਕੇ ਸਿੱਖ ਕੌਮ ਨਾਲ ਵਿਤਕਰੇ ਤੇ ਵਿਤਕਰਾ ਕਰਕੇ ਉਨਾਂ ਨੂੰ ਇਨਾ ਸਮੱਸਿਆਵਾਂ ਵਿੱਚ ਉਲਝਾਇਆ ਜਾ ਰਿਹਾ ਹੈ ਤਾਂ ਕਿ ਉਹ ਦੇਸ਼ ਤੇ ਰਾਜ ਕਰਨ ਦੀ ਸ਼ਕਤੀ ਤੇ ਭਾਵਨਾ ਵਾਲੇ ਪਾਸੇ ਸੋਚ ਹੀ ਨਾ ਸਕਣ! ਸਿੱਖਾਂ ਨੂੰ ਆਪਸ ਵਿੱਚ ਵੰਡ ਕੇ ਰਖਣਾ ,ਉਨਾਂ ਨੂੰ ਇਕ ਦੂਜੇ ਨਾਲ ਲੜਾਈ ਜਾਣਾ ਵੀ ਇਸ ਕੱਟੜ ਹਿੰਦੂ ਲਾਣੇ ਦੀ ਇਕ ਡੂੰਘੀ ਤੇ ਗਹਿਰੀ ਚਾਲ ਹੈ। ਜਿਸ ਨੂੰ ਸਿੱਖ ਜਗਤ ਨੂੰ ਸਮਝਣ ਦੀ ਜਰੂਰਤ ਹੈ। ਜਿਸ ਵਿੱਚ ਹਿੰਦੂਆਂ ਦੀ ਕੱਟੜ ਸੰਸਥਾ ਰ.ਸ. ਸ. ਮੁੱਖ ਤੌਰ ’ਤੇ ਰੋਲ ਅਦਾ ਕਰਦੀ ਆ ਰਹੀ ਹੈ। ਉਸ ਨੇ ਬੜੀ ਵੱਡੀ ਗਿਣਤੀ ਵਿੱਚ ਆਪਣੇ ਬੰਦੇ ਵੱਖ ਵੱਖ ਰਾਜਨੀਤਕ ਪਾਰਟੀਆਂ ਤੇ ਧਰਮਾਂ ਵਿੱਚ ਉਨਾਂ ਦੇ ਸਰੂਪਾਂ ਵਾਲੇ ਉਨਾਂ ਵਿੱਚ ਵਾੜ ਰਖੇ ਹਨ ਤਾਂ ਕਿ ਵਿਰੋਧੀ ਪਾਰਟੀਆਂ ਵਲੋਂ ਕੋਈ ਠੋਸ ਯੋਜਨਾ ਬਣਾ ਕੇ ਭਾਜਪਾ ਸਰਕਾਰ ਵਿਰੱਧ ਇਕ ਜੁੱਟ ਹੋ ਕੇ ਜਦੋਜਹਿਦ ਨਾ ਕਰ ਸਕਣ। ਇਹੋ ਕੁਝ ਸਿੱਖਾਂ ਨਾਲ ਕੀਤਾ ਜਾ ਰਿਹਾ ਹੈ। ਸਿੱਖ ਕੌਮ ਦੇ ਆਗੂਆਂ ਨੂੰ ਡੁੰਘਾਈ ਨਾਲ ਇਸ ਚਾਲ ਨੂੰ ਸਮਝਣ ਤੇ ਉੇਸ ਤੇ ਵਿਚਾਰ ਕਰਨ ਦੀ ਜਰੂਰਤ ਹੈ। ਸੰਸਾਰ ਭਰ ਦੇ ਸਿੱਖਾਂ ਨੂੰ ਇਕ ਸੋਚ ਬਣਾਉਣੀ ਪਵੇਗੀ ਤਾਂ ਹੀ ਉਹ ਪੰਜਾਬ ਤੇ ਆਪਣੇ ਸਿੱਖ ਧਰਮ ਨਾਲ ਹੋ ਰਹੇ ਧੱਕੇ ਤੇ ਵਿਤਕਰਿਆ ਨੂੰ ਖਤਮ ਕਰਾ ਕੇ ਅੱਗੇ ਵੱਧ ਸਕਦੇ ਹਨ। ਅੱਜ ਜਿਸ ਬਾਦਲ ਟੋਲੇ ਕੋਲ ਸ਼੍ਰੋਮਣੀ ਅਕਾਲੀ ਦੱਲ ਤੇ ਸ਼੍ਰੋਮਣੀ ਕਮੇਟੀ ਹੈ, ਉਹ ਭਾਜਪਾ ਨਾਲ ਰੱਲ ਕੇ ਉਸ ਦਾ ਕੰਮ ਕਰਦੀ ਆ ਰਹੀ ਹੈ। ਉਹ ਸੱਚੇ ਸਿੱਖ ਆਗੂ ਨਾ ਹੋ ਕੇ ਸਿਰਫ ਰਾਜ ਗੱਦੀ ਦੇ ਭੁੱਖੇ, ਪੰਜਾਬ ਨੂੁੰ ਲੁੱਟਣ ਤੇ ਧੰਨ ਕਮਾਊ, ਸਿੱਖਰਾਂ ਦੇ ਲਾਲਚੀ ਹੋਣ ਦੇ ਨਾਲ ਸਿੱਖ ਧਰਮ ਤੇ ਉਸ ਦੇ ਜੁਝਾਰੂ ਇਤਿਹਾਸ ਨੂੰ ਜਾਣਨ ਤੋਂ ਕੋਰੇ ਹਨ। ਉਹਨਾਂ ਨੇ ਵੋਟਾਂ ਤੇ ਰਾਜ ਗੱਦੀ ਲਈ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਸਭ ਕੁਝ ਦਾਅ ਤੇ ਲਗਾਉਣ ਦੇ ਨਾਲ ਸਿੱਖ ਕੌਮ ਦੇ ਜਥੇਦਾਰ ਸਾਹਿਬਾਨ ਸਮੇਤ ਸ੍ਰੀ ਅਕਾਲ ਤੱਖਤ ਸਾਹਿਬ ਦੇ ਸਵੈਮਾਣ ਨੂੰ ਢਾਹ ਲਗਾਉਣ ਤੋਂ ਵੀ ਜਰਾ ਜਿੰਨੀ ਸ਼ਰਮ ਹਯਾ ਮਹਿਸੂਸ ਨਹੀਂ ਕੀਤੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਰਗੇ ਆਗੂ ਉਨਾਂ ਦੇ ਲਫਾਫਿਆਂ ਵਿਚੋਂ ਨਿਕਲਣ ਵਾਲੇ ਬਣਾਏ ਜਾਂਦੇ ਆ ਰਹੇ ਹਨ ਦੇ ਨਾਲ ਨਾਲ ਇਸੇ ਸੁਆਰਥੀ ਲੀਡਰਸ਼ਿਪ ਵਲੋਂ ਆਪਣੀ ਮਨ ਮਰਜੀ ਦੇ ਤੱਖਤਾਂ ਦੇ ਜਥੇਦਾਰ ਥਾਪੇ ਜਾਂਦੇ ਰਹੇ ਹਨ ਤਾਂ ਕਿ ਲੋੜ ਪੈਣ ਤੇ ਉਨਾਂ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਿਆ ਜਾ ਸਕੇ। ਬਾਦਲ ਲਾਣੇ ਦੇ ਸੁਆਰਥੀ ਸਿੱਖ ਆਗੂਆਂ ਨੇ ਇਸ ਜੁਝਾਰੂ ਸਿੱਖ ਕੌਮ ਨੂੰ ਇਥੋਂ ਤਕ ਨਿਘਾਰ ਤੇ ਪੁੱਜਾ ਦਿਤਾ ਹੈ। ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਦਾ ਪੰਜਾਬੀ ਸੂਬੇ ਵਿੱਚ ਹੀ ਭੋਗ ਪਵਾਉਣ ਦੇ ਨਾਲ ਪੰਜਾਬ ਤੇ ਪੰਜਾਬੀਅਤ ਸਭ ਕੁਝ ਨੂੰ ਖਤਮ ਕਰਕੇ ਰੱਖ ਦਿੱਤਾ ਹੈ।
ਇਨ੍ਹਾਂ ਅਕਾਲੀ ਆਗੂਆ ਨੇ ਭਾਜਪਾ ਦੀ ਨੀਤੀ ਅਨੁਸਾਰ ਪੰਜਾਬ ਦੀ ਬਹੁਤੀ ਵਿਦਿਆ ਨੂੰ ਸੀ. ਬੀ. ਐਸ. ਈ. ਦੇ ਅਧੀਨ ਕਰਵਾ ਕੇ ਪੰਜਾਬ ਵਿੱਚ ਹਿੰਦੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਪੜਾਉਣਾ ਸ਼ੁਰੂ ਕਰਾ ਕੇ ਪੰਜਾਬੀ ਸੂਬੇ ਤੇ ਪੰਜਾਬੀ ਮਾਂ ਬੋਲੀ ਨਾਲ ਵੱਡੀ ਬੇਇਨਸਾਫੀ ਵੀ ਕੀਤੀ ਹੈ। ਪੰਜਾਬ ਦਾ ਇਤਿਹਾਸ ਜਿਸ ਵਿੱਚ ਸਿੱਖ ਗੁਰੂੁ ਸਾਹਿਬਾਨ ਬਾਰੇ ਬਹੁਤ ਹੀ ਨਿੰਦਣਯੋਗ ਗੱਲਾਂ ਲਿਖੀਆਂ ਹੋਈਆਂ ਹਨ ਸਕੂਲਾਂ ਵਿੱਚ ਪੜਾਇਆ ਜਾਣਾ ਸ਼ੁਰੂ ਕਰਕੇ ਸਿੱਖ ਕੌਮ ਨਾਲ ਵੀ ਵੱਡਾ ਧਰੋਹ ਕਮਾਇਆ ਹੈ। ਜਿਸ ਵਿਰੁਧ ਪੰਜਾਬ ਦੇ ਹਿਤੈਸ਼ੀ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਦੇ ਦਫਤਰ ਅੱਗੇ ਧਰਨਾ ਲਗਾ ਕੇ ਇਹ ਮੰਗ ਕਰਦੇ ਆ ਰਹੇ ਹਨ ਜਿਸ ਲੇਖਕ ਨੇ ਇਤਿਹਾਸ ਦੀ ਇਹ ਪੁਸਤਕ ਲਿਖੀ ਹੈ, ਜਿਨ੍ਹਾਂ ਅਧਿਕਾਰੀਆਂ ਨੇ ਇਤਿਹਾਸ ਦੀ ਇਸ ਪੁਸਤਕ ਨੂੰ ਪੰਜਾਬ ਵਿੱਚ ਪੜ੍ਹਾਉਣ ਦੀ ਆਗਿਆ ਦਿੱਤੀ ਹੈ ਉਨਾਂ ਵਿਰੁਧ ਮੁਕਦਮਾ ਦਰਜ ਕੀਤਾ ਜਾਵੇ। ਇਸ ਕਿਤਾਬ ਨੂੰ ਸਕੂਲਾਂ ਵਿੱਚ ਪੜਾਉਣਾ ਬੰਦ ਕੀਤਾ ਜਾਵੇ। ਇਸੇ ਕਰਕੇ ਪੰਜਾਬ ਦੇ ਲੋਕਾਂ ਨੇ 2022 ਦੀਆ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਅਕਾਲੀ ਦਲ ਜਿਸ ਨੇ ਆਪਣੀ ਪਾਰਟੀ ਦਾ ਨਾਂ ਬਦਲ ਕੇ ‘ਪੰਜਾਬ ਪਾਰਟੀ’ ਰੱਖ ਲਿਆ ਸੀ। ਇਨ੍ਹਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਹੋਣ ਕਾਰਨ ਨਿਹੰਗਾਂ ਦੇ ਬਾਟੇ ਵਾਂਗ ਮਾਂਜ ਕੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ ਸਿਰਫ 2 ਸੀਟਾਂ ਦੇ ਕੇ ਪੰਜਾਬ ਦੀ ਸਿਆਸਤ ਵਿੱਚੋਂ ਚਲਦਾ ਕਰ ਦਿੱਤਾ ਹੈ। ਪੰਜਾਬ ਵਿੱਚੋਂ ਹੋਰ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਤੋਰ ਕੇ ਪੰਜਾਬ ਦੀ ਵਾਂਗ ਡੋਰ ਆਮ ਆਦਮੀ ਪਾਰਟੀ ਦੇ ਹਵਾਲੇ ਕਰ ਦਿੱਤੀ ਹੈ। ਅੱਜ ਸਮੇਂ ਦੀ ਅਹਿਮ ਲੋੜ ਹੈ ਕਿ ਪੰਜਾਬ ਵਿੱਚ ਸਿੱਖਾਂ ਦੀ ਰਾਜਨੀਤਕ ਪਾਰਟੀ ਬਣਾਉਣ ਦੇ ਨਾਲ ਸਿੱਖ ਕੌਮ ਦੀ ਧਾਰਮਿਕ ਸੰਸਥਾ ਨੂੰ ਵੀ ਹੋਂਦ ਵਿੱਚ ਲਿਆਉਣ ਦੀ ਵੱਡੀ ਜਰੂਰਤ ਹੈ ਆਉ, ਆਪਾਂ ਇਸ ਵਿਸਾਖੀ ਦੇ ਪੁਰਬ ਮੌਕੇ ਸਹੁੰ ਖਾਈਏ ਇਕ ਤਾਂ ਸੰਸਾਰ ਭਰ ਦੇ ਸਾਰੇ ਸਿੱਖ ਬੁੱਧੀਜੀਵੀ, ਚਿੰਤਕ ਆਪਣੀਆਂ ਸਾਰੀਆਂ ਲਾਲਸਾਵਾਂ ਤੇ ਵਿਤਕਰੇ ਛੱਡ ਕੇ ਸਿੱਖ ਪੰਥ ਦਾ ਇਕ ਅਜਿਹਾ ਸ਼੍ਰੋਮਣੀ ਅਕਾਲੀ ਦੱਲ ਬਣਾਈਏ ਜਿਸ ਵਿੱਚ ਅਜਿਹੇ ਲੀਡਰ ਚੁੱਣੇ ਜਾਣ ਜੋ ਸੱਚੇ ਸੁੱਚੇ, ਇਮਾਨਦਾਰ ਤੇ ਨਿਰਸੁਆਰਥ ਹੋਣ, ਜਿਸ ਤਰ੍ਹਾਂ ਦੇ ਲੀਡਰ 1920 ਦੇ ਮੁੱਢਲੇ ਸ਼੍ਰੋਮਣੀ ਅਕਾਲੀ ਦੱਲ ਦੇ ਸਮੇਂ ਚੁਣੇ ਜਾਂਦੇ ਸਨ। ਜੋ ਸਿੱਖ ਪੰਥ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਦੇ ਨਾਲ ਕੇਂਦਰ ਦੀ ਮੌਜੂਦਾ ਕਟੱੜ੍ਹ ਹਿੰਦੂ ਮੋਦੀ ਦੀ ਜਾਲਮ ਸਰਕਾਰ ਦਾ ਬੂਥਾ ਭੰਨਣ ਦੇ ਸਮਰੱਥ ਹੋਣ। ਅੱਜ ਅਜਿਹੇ ਨਿਰਪੱਖ ਸਿੱਖ ਆਗੂਆਂ ਦੀ ਲੋੜ ਹੈ ਜੋ ਪੰਜਾਬ ਹੀ ਨਹੀਂ ਬਲਕਿ ਸੰਸਾਰ ਭਰ ਦੇ ਸਾਰੇ ਵਰਗਾਂ ਤੇ ਪਾਰਟੀਆਂ ਦੇ ਸਿੱਖਾਂ ਨੂੰ ਇਕ ਪਲੇਟਫਾਰਮ ਤੇ ਖੜ੍ਹੀ ਕਰਕੇ ਇਕ ਸਰਬ ਪ੍ਰਵਾਣਿਤ ਪਾਰਟੀ ਸਥਾਪਤ ਕਰਨ ਦੇ ਸਮਰੱਥ ਹੋਣ ਜੋ ਸਿੱਖ ਕੌਮ ਦੀ ਖੁਸੀ ਹੋਈ ਆਨ, ਬਾਨ ਤੇ ਸ਼ਾਨ ਨੂੰ ਮੁੜ ਕਾਇਮ ਕਰਨ ਦੇ ਸਮਰੱਥ ਹੋਵੇ।