ਜਲ੍ਹਿਆਂਵਾਲੇ ਬਾਗ ਦਾ ਹਿਰਦੇ ਵਲੂੰਧਰਨ ਵਾਲਾ ਖੂਨੀ ਸਾਕਾ

ਜਲ੍ਹਿਆਂਵਾਲੇ ਬਾਗ ਦਾ ਹਿਰਦੇ ਵਲੂੰਧਰਨ ਵਾਲਾ ਖੂਨੀ ਸਾਕਾ

ਪ੍ਰਿਥੀਪਾਲ ਸਿੰਘ ਮਾੜੀਮੇਘਾ
ਪੰਜਾਬ ਦੇ ਇਤਿਹਾਸ ਵਿਚ 13 ਅਪ੍ਰੈਲ ਦਾ ਦਿਨ ਬਹੁਤ ਮਹੱਤਵਪੂਰਨ ਹੈ। ਇਸ ਦਿਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿਚ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਧਰਮਾਂ-ਜਾਤਾਂ ਦੇ ਲੋਕਾਂ ਦਾ ਮਹਾਨ ਇਕੱਠ ਕਰਕੇ ਇਕੋ ਬਾਟੇ (ਬਰਤਨ) ਵਿਚੋਂ ਹਜ਼ਾਰਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ, ਮੁਗ਼ਲ ਜ਼ਾਲਮਾਂ ਨਾਲ ਟੱਕਰ ਲੈਣ ਵਾਸਤੇ ਜਾਤ-ਪਾਤ, ਛੂਆ-ਛਾਤ ਅਤੇ ਊਚ-ਨੀਚ ਦੇ ਭੇਦ-ਭਾਵ ਤੋਂ ਮੁਕਤ ਇਕ ਖਾਲਸਾ ਫੌਜ ਤਿਆਰ ਕੀਤੀ ਸੀ। ਇਸੇ ਹੀ ਦਿਨ 13 ਅਪ੍ਰੈਲ, 1919 ਨੂੰ ਜਲ੍ਹਿਆਂਵਾਲੇ ਬਾਗ ਵਿਚ ਹਿਰਦੇ ਵਲੂੰਧਰਨ ਵਾਲਾ ਖੂਨੀ ਕਾਂਡ ਵਾਪਰਿਆ ਸੀ। ਵਿਸਾਖੀ ਦਾ ਇਹ ਪਵਿੱਤਰ ਦਿਨ ਬੜਾ ਖੁਸ਼ੀਆਂ ਭਰਪੂਰ ਹੁੰਦਾ ਹੈ। ਇਸ ਦਿਨ-ਤਿਉਹਾਰ ’ਤੇ ਫਸਲਾਂ ਪੱਕ ਕੇ ਸਾਂਭਣ ਦੇ ਯੋਗ ਹੋ ਜਾਂਦੀਆਂ ਹਨ। ਮੇਰੀ ਇਬਾਰਤ ਵਿਚ ਸਿਰਫ ਜਲ੍ਹਿਆਂਵਾਲੇ ਬਾਗ ਦੇ ਦੁਖਾਂਤ ਦਾ ਹੀ ਵਰਨਣ ਕੀਤਾ ਗਿਆ ਹੈ।
ਜਲ੍ਹਿਆਂਵਾਲਾ ਬਾਗ ਸਿੱਖਾਂ ਦੇ ਪ੍ਰਸਿੱਧ ਸਥਾਨ ਹਰਿਮੰਦਰ ਸਾਹਿਬ ਦੇ ਨਜ਼ਦੀਕ ਹੈ। ਖੂਨੀ ਕਾਂਡ ਵਾਪਰਨ ਵੇਲੇ ਬਾਗ ਉੱਚੀਆਂ ਇਮਾਰਤਾਂ ਅਤੇ ਕੰਧਾਂ ਵਿਚ ਘਿਰਿਆ ਹੋਇਆ ਸੀ ਤੇ ਹੁਣ ਵੀ ਉਸੇ ਤਰ੍ਹਾਂ ਹੈ। ਬਾਗ ਦੇ ਅੰਦਰ ਜਾਨ ਲਈ ਤਿੰਨ ਜਾਂ ਚਾਰ ਭੀੜੇ ਜਿਹੇ ਰਸਤੇ ਸਨ। ਬਾਗ ਵਿਚ ਇਕ ਖੂਹ ਅਤੇ ਸਮਾਧ ਹੈ। ਹੁਣ ਇਹ ਦੋਵੇਂ ਥਾਵਾਂ ਸ਼ਹੀਦੀ ਸਥਾਨ ਕਰਕੇ ਜਾਣੀਆਂ ਜਾਂਦੀਆਂ ਹਨ।
ਬਾਗ ਦੇ ਖੂਨੀ ਕਾਂਡ ਦਾ ਪਿਛੋਕੜ ਇਹ ਹੈ ਕਿ ਉਸ ਵਕਤ ਲੋਕ ਬੜੇ ਰੋਹ ਵਿਚ ‘ਰੌਲਟ ਕਾਨੂੰਨ’ ਵਿਰੁੱਧ ਲੜ ਰਹੇ ਸਨ ਅਤੇ ਦੇਸ਼ ਭਰ ’ਚੋਂ ਲੜਾਈ ਦਾ ਕੇਂਦਰ ਸੀ ਅੰਮ੍ਰਿਤਸਰ। ਅੰਗਰੇਜ਼ ਹਾਕਮ ਰੌਲਟ ਕਾਨੂੰਨ ਲਾਗੂ ਕਰਕੇ ਆਜ਼ਾਦੀ ਦਾ ਅੰਦੋਲਨ ਕੁਚਲਣਾ ਚਾਹੁੰਦੇ ਸਨ। ਰੌਲਟ ਕਾਨੂੰਨ ਏਨਾ ਜਨ ਘਾਤਕ ਸੀ ਕਿ ਇਸ ਕਾਨੂੰਨ ਵਿਰੁੱਧ ਕਿਸੇ ਨੂੰ ਵੀ ਦਲੀਲ, ਵਕੀਲ ਤੇ ਅਪੀਲ ਕਰਨ ਦਾ ਅਧਿਕਾਰ ਨਹੀਂ ਸੀ। ਡਾ: ਸਤਿਆਪਾਲ ਤੇ ਡਾ: ਸੈਫੂਦੀਨ ਕਿਚਲੂ ਦੀ ਅਗਵਾਈ ਹੇਠ 1919 ਦੇ ਫਰਵਰੀ, ਮਾਰਚ ਤੇ ਅਪ੍ਰੈਲ ਮਹੀਨਿਆਂ ਵਿਚ ਹਜ਼ਾਰਾਂ ਲੋਕਾਂ ਨੇ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ। ਲੋਕ ਰੋਹ ਨੂੰ ਦਬਾਉਣ ਵਾਸਤੇ ਬਰਤਾਨਵੀ ਹਕੂਮਤ ਨੇ 29 ਮਾਰਚ, 1919 ਨੂੰ ਪਹਿਲਾਂ ਡਾ: ਸਤਿਆਪਾਲ ਤੇ ਫਿਰ 4 ਅਪ੍ਰੈਲ ਨੂੰ ਡਾ: ਸੈਫੂਦੀਨ ਕਿਚਲੂ ਤੇ ਹੋਰ ਆਗੂਆਂ ’ਤੇ ਪਾਬੰਦੀ ਲਾ ਦਿੱਤੀ ਕਿ ਉਹ ਜਲਸਿਆਂ ਵਿਚ ਬੋਲ ਅਤੇ ਅਖ਼ਬਾਰਾਂ-ਰਸਾਲਿਆਂ ਵਿਚ ਲਿਖ ਨਹੀਂ ਸਕਦੇ। ਇਸ ਪਾਬੰਦੀ ਦੇ ਵਿਰੋਧ ਵਿਚ 6 ਅਪ੍ਰੈਲ ਨੂੰ ਅੰਮ੍ਰਿਤਸਰ ਸਮੇਤ ਪੰਜਾਬ ਭਰ ਵਿਚ ਬੜੀ ਜ਼ਬਰਦਸਤ ਹੜਤਾਲ ਹੋਈ ਸੀ।
9 ਅਪ੍ਰੈਲ ਨੂੰ ਹਿੰਦੂਆਂ ਦਾ ਪ੍ਰਸਿੱਧ ਤਿਉਹਾਰ ਰਾਮਨੌਮੀ ਸੀ। ਸ਼ਹਿਰ ਵਿਚ ਪੂਰੀਆਂ ਰੌਣਕਾਂ ਸਨ। ਦੁਕਾਨਾਂ ਸਜੀਆਂ ਹੋਈਆਂ ਸਨ। ਨੇੜਲੇ ਪਿੰਡਾਂ ਦੇ ਲੋਕ ਵੀ ਸ਼ਹਿਰ ਵਿਚ ਆਏ ਹੋਏ ਸਨ। ਹਿੰਦੂ-ਸਿੱਖਾਂ ਤੇ ਮੁਸਲਮਾਨਾਂ ਨੇ ਰਾਮਨੌਮੀ ਵਾਲੇ ਦਿਨ ਸ਼ਹਿਰ ਵਿਚ ਸਾਂਝੇ ਤੌਰ ’ਤੇ ਜਲੂਸ ਕੱਢਿਆ। ਇਕੱਠਿਆਂ ਨੇ ਲੰਗਰ ਛਕੇ। ਛਬੀਲਾਂ ’ਤੇ ਇਕ-ਦੂਜੇ ਹੱਥੋਂ ਪਾਣੀ ਲੈ-ਲੈ ਪੀਤਾ। ਆਪਸੀ ਟੋਪੀਆਂ ਵਟਾ ਕੇ ਹਿੰਦੂ ਤੇ ਮੁਸਲਮਾਨਾਂ ਨੇ ਏਕਤਾ ਦਾ ਇਜ਼ਹਾਰ ਕੀਤਾ। ਹਿੰਦੂ, ਸਿੱਖ ਤੇ ਮੁਸਲਿਮ ਏਕਤਾ ਨੂੰ ਦੇਖ ਕੇ ਅੰਗਰੇਜ਼ ਹਾਕਮ ਅੱਗ ਦੇ ਭੰਬੂਕੇ ਵਾਂਗੂੰ ਮਚ ਉਠੇ।
10 ਅਪ੍ਰੈਲ ਨੂੰ ਅੰਗਰੇਜ਼ ਅਫਸਰ ਡੀ. ਸੀ. ਨੇ ਡਾ: ਸਤਿਆਪਾਲ ਤੇ ਡਾ: ਸੈਫੂਦੀਨ ਕਿਚਲੂ ਨੂੰ ਆਪਣੀ ਕੋਠੀ ਵਿਚ ਸੱਦ ਕੇ ਧੋਖੇ ਨਾਲ ਗ੍ਰਿਫ਼ਤਾਰ ਕਰ ਲਿਆ। ਦੋਵਾਂ ਨੂੰ ਅੰਮ੍ਰਿਤਸਰ ਤੋਂ ਦੂਰ ਧਰਮਸ਼ਾਲਾ ਵਿਚ ਲਿਜਾ ਕੇ ਨਜ਼ਰਬੰਦ ਕਰ ਦਿੱਤਾ। ਗ੍ਰਿਫਤਾਰੀ ਦੀ ਖ਼ਬਰ ਸਾਰੇ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ। ਲੋਕ ਸਾਰੇ ਕਾਰੋਬਾਰ ਬੰਦ ਕਰਕੇ ਐਚਸੈਨ ਪਾਰਕ (ਤਿਕੋਨੀ, ਨੇੜੇ ਭੰਡਾਰੀ ਪੁਲ) ਵਿਚ ਇਕੱਤਰ ਹੋ ਗਏ। ਲੋਕਾਂ ਵਿਚ ਬੜਾ ਰੋਹ ਸੀ। ਪਾਰਕ ਤੋਂ ਹਜ਼ੂਮ, ਰਤਨ ਚੰਦ ਰੱਤੂ ਤੇ ਬੁੱਗਾ ਦੀ ਅਗਵਾਈ ਹੇਠ ਡੀ. ਸੀ. ਨੂੰ ਮਿਲਣ ਵਾਸਤੇ ਪੌੜੀਆਂ ਵਾਲੇ ਪੁਲ ਨੂੰ ਤੁਰ ਪਿਆ। ਲੋਕ ਪੁਲ ਪਾਰ ਕਰ ਰਹੇ ਸਨ ਤੇ ਅੱਗੋਂ ਫੌਜ ਨੇ ਗੋਲੀ ਚਲਾ ਦਿੱਤੀ। 5-6 ਲੋਕ ਮਾਰੇ ਗਏ। ਲੋਕ ਫਿਰ ਐਚਸੈਨ ਪਾਰਕ ਵਿਚ ਆ ਗਏ। ਲੋਕ ਜਲੂਸ ਦੀ ਸ਼ਕਲ ਵਿਚ ਭੰਡਾਰੀ ਪੁਲ ਨੂੰ ਤੁਰ ਪਏ। ਪੁਲਿਸ ਨੇ ਜਲੂਸ ਨੂੰ ਰੋਕ ਲਿਆ। ਲੋਕ ਇਕ ਵਾਰ ਰੁਕਣ ਤੋਂ ਬਾਅਦ ਫਿਰ ਤੁਰ ਪਏ। ਜਦੋਂ ਲੋਕ ਪੁਲ ਪਾਰ ਕਰਨ ਲੱਗੇ ਤਾਂ ਅੱਗੋਂ ਫੌਜ ਨੇ ਫਿਰ ਗੋਲੀਆਂ ਚਲਾ ਦਿੱਤੀਆਂ। ਜਲੂਸ ਦੀਆਂ ਕਤਾਰਾਂ ਦੇ ਅਗਲੇ ਬੰਨਿਓਂ 22 ਦੇ ਕਰੀਬ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ। ਲੋਕ ਰੋਹ ਵਿਚ ਆ ਗਏ ਅਤੇ ਭੀੜ ਬੇਕਾਬੂ ਹੋ ਗਈ। ਲੋਕਾਂ ਨੂੰ ਜਿਹੜਾ ਵੀ ਅੰਗਰੇਜ਼ ਨਜ਼ਰ ਆਇਆ, ਉਸ ਨੂੰ ਲੋਕਾਂ ਨੇ ਕੁਟਾਪਾ ਚਾੜ੍ਹ ਦਿੱਤਾ। ਕੁਝ ਅੰਗਰੇਜ਼ ਮਾਰੇ ਵੀ ਗਏ। ਲੋਕਾਂ ਨੇ ਸਰਕਾਰੀ ਦਫ਼ਤਰਾਂ ਦੀ ਲੁੱਟ-ਖਸੁੱਟ ਵੀ ਕੀਤੀ।
ਪੰਜਾਬ ਦਾ ਗਵਰਨਰ ਜਨਰਲ ਸਰ ਮਾਈਕਲ ਓਡਵਾਇਰ ਅਤੇ ਫੌਜ ਦਾ ਮੁਖੀ ਜਨਰਲ ਬ੍ਰਿਗੇਡੀਅਰ ਡਾਇਰ ਦੋਵੇਂ ਹੀ ਅੰਗਰੇਜ਼ੀ ਹਾਕਮ ਬੜੇ ਕਾਇਰ ਸਨ। ਅੰਗਰੇਜ਼ੀ ਹਕੂਮਤ ਨੇ 10 ਅਪ੍ਰੈਲ, 1919 ਦੀ ਸ਼ਾਮ ਨੂੰ ਅੰਮ੍ਰਿਤਸਰ ਸ਼ਹਿਰ ਫੌਜ ਦੇ ਹਵਾਲੇ ਕਰ ਦਿੱਤਾ। ਬ੍ਰਿਗੇਡੀਅਰ ਡਾਇਰ ਨੇ ਕਮਾਨ ਸੰਭਾਲਦਿਆਂ ਸਾਰ ਹੀ ਸ਼ਹਿਰ ਦਾ ਬਿਜਲੀ-ਪਾਣੀ ਬੰਦ ਕਰ ਦਿੱਤਾ। ਸਾਰੇ ਲਾਂਘਿਆਂ ’ਤੇ ਸਖ਼ਤ ਪਹਿਰੇ ਲਾ ਦਿੱਤੇ। ਟਾਂਗੇ ਤੇ ਹੋਰ ਵਾਹਨ ਸ਼ਹਿਰ ਵਿਚ ਵੜਨ ’ਤੇ ਪਾਬੰਦੀ ਲਾ ਦਿੱਤੀ। ਇਥੋਂ ਤੱਕ ਕਿ ਰੇਲ ਦੀਆਂ ਸਾਧਾਰਨ ਦਰਜੇ ਦੀਆਂ ਟਿਕਟਾਂ ਵੀ ਬੰਦ ਕਰ ਦਿੱਤੀਆਂ, ਤਾਂ ਜੋ ਆਮ ਲੋਕ ਅੰਮ੍ਰਿਤਸਰ ਆ ਨਾ ਸਕਣ। ਡਾਇਰ ਤੇ ਡੀ. ਸੀ. ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰਨ ਵਾਸਤੇ ਸ਼ਹਿਰ ਵਿਚ ਫਲੈਗ ਮਾਰਚ ਕਰਕੇ ਮੁਨਿਆਦੀ ਕਰ ਦਿੱਤੀ ਕਿ ਸ਼ਹਿਰ ਵਿਚ ਜਲਸੇ-ਜਲੂਸ ਕੱਢਣ ’ਤੇ ਪੂਰਨ ਮਨਾਹੀ ਹੈ। ਇਥੋਂ ਤੱਕ ਮਨਾਹੀ ਸੀ ਕਿ ਸ਼ਾਮੀਂ 8 ਵਜੇ ਤੋਂ ਬਾਅਦ ਜੇ ਕੋਈ ਵਿਅਕਤੀ ਨਜ਼ਰ ਆਇਆ ਤਾਂ ਗੋਲੀ ਮਾਰ ਦਿੱਤੀ ਜਾਵੇਗੀ।
ਮਨਾਹੀ ਦੇ ਬਾਵਜੂਦ ਕੁਝ ਉਤਸ਼ਾਹੀ ਨੌਜਵਾਨਾਂ ਨੇ ਸ਼ਹਿਰ ਵਿਚ ਫਿਰ ਕੇ ਜਲਸੇ ਦੀ ਤਿਆਰੀ ਕਰ ਲਈ ਅਤੇ 13 ਅਪ੍ਰੈਲ, 1919 ਦੀ ਸ਼ਾਮ ਨੂੰ ਜਲ੍ਹਿਆਂਵਾਲੇ ਬਾਗ ਵਿਚ 20 ਹਜ਼ਾਰ ਦੇ ਕਰੀਬ ਲੋਕਾਂ ਦੀ ਭੀੜ ਜੁੜ ਗਈ। ਬਾਗ ਵਾਲੀ ਬਹੁਤੀ ਥਾਂ ਲੋਕਾਂ ਨਾਲ ਭਰੀ ਹੋਈ ਸੀ। ਲੋਕਾਂ ਦੀ ਮੁੱਖ ਮੰਗ ਸੀ ਕਿ ਡਾ: ਸਤਿਆਪਾਲ ਤੇ ਡਾ: ਸੈਫੂਦੀਨ ਕਿਚਲੂ ਨੂੰ ਰਿਹਾਅ ਕੀਤਾ ਜਾਵੇ ਅਤੇ ਰੋਲਟ ਕਾਨੂੰਨ ਵਾਪਸ ਹੋਵੇ। ਜਲਸਾ ਪੁਰਅਮਨ ਚੱਲ ਰਿਹਾ ਸੀ ਤੇ ਜਨਰਲ ਡਾਇਰ ਫੌਜ ਦੀ ਟੁਕੜੀ ਲੈ ਕੇ ਬਾਗ ਦੇ ਅੰਦਰ ਦਾਖਲ ਹੋ ਗਿਆ। ਬਾਗ ਦਾ ਰਸਤਾ ਤੰਗ ਹੋਣ ਕਰਕੇ ਵੱਡੀਆਂ ਤੋਪਾਂ ਅੰਦਰ ਨਾ ਆ ਸਕੀਆਂ। ਸਿਪਾਹੀਆਂ ਨੇ ਆਉਂਦੇ ਸਾਰ ਹੀ ਬੰਦੂਕਾਂ ਦੀਆਂ ਨਾਲੀਆਂ ਲੋਕਾਂ ਵੱਲ ਤਾਣ ਲਈਆਂ। ਜਨਰਲ ਡਾਇਰ ਦੇ ਹੁਕਮ ’ਤੇ ਸਿਪਾਹੀਆਂ ਨੇ ਲੋਕਾਂ ’ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਲੋਕ ਜਿਹੜੇ ਪਾਸੇ ਵੀ ਦੌੜਦੇ ਸਨ, ਸਿਪਾਹੀ ਉਧਰ ਨੂੰ ਗੋਲੀਆਂ ਚਲਾਉਣ ਲੱਗ ਪੈਂਦੇ ਸਨ। ਪਲਾਂ ਵਿਚ ਖੂਨ ਦੀਆਂ ਨਦੀਆਂ ਵਹਿ ਤੁਰੀਆਂ। ਲੋਕਾਂ ਦੇ ਮਾਸ ਦੀਆਂ ਬੋਟੀਆਂ ਦੂਰ-ਦੂਰ ਤੱਕ ਖਿੱਲਰ ਗਈਆਂ। ਲੋਕਾਂ ਨੇ ਆਪਣੇ ਬਚਾਅ ਵਾਸਤੇ ਖੂਹ ਵਿਚ ਛਾਲਾਂ ਮਾਰੀਆਂ ਤੇ ਖੂਹ ਵੀ ਲਾਸ਼ਾਂ ਨਾਲ ਭਰ ਗਿਆ। ਬਾਗ ਵਿਚ ਲਾਸ਼ਾਂ ਦੇ ਢੇਰ ਲੱਗ ਗਏ ਸਨ। ਬਹੁਤ ਸਾਰੇ ਲੋਕ ਭੱਜ-ਦੌੜ ਵਿਚ ਇਕ-ਦੂਜੇ ਦੇ ਥੱਲੇ ਆ ਕੇ ਮਾਰੇ ਗਏ ਸਨ। ਜ਼ਖ਼ਮੀਆਂ ਨੂੰ ਕੋਈ ਬਚਾਉਣ ਵਾਲਾ ਨਹੀਂ ਸੀ। ਇਸ ਖੂਨੀ ਸਾਕੇ ਵਿਚ 1000 ਤੋਂ ਉੱਪਰ ਲੋਕ ਮਾਰੇ ਗਏ ਸਨ ਅਤੇ ਜ਼ਖ਼ਮੀ ਇਸ ਤੋਂ ਵੀ ਵਧੇਰੇ ਸਨ। ਬਾਗ ਵਿਚ ਉਸ ਵਕਤ ਅਜਿਹੇ ਖੌਫਨਾਕ ਹਾਲਾਤ ਸਨ ਕਿ ਲੋਕਾਂ ਨੂੰ ਚਾਰੇ ਪਾਸੇ ਮੌਤ ਹੀ ਮੌਤ ਨਜ਼ਰ ਆ ਰਹੀ ਸੀ।
ਇਸ ਖੂਨੀ ਕਾਂਡ ਤੋਂ ਬਾਅਦ ਲੋਕਾਂ ਦੇ ਰੋਹ ਨੂੰ ਦਬਾਉਣ ਵਾਸਤੇ ਅੰਗਰੇਜ਼ ਹਾਕਮਾਂ ਨੇ ਸਾਰੇ ਪੰਜਾਬ ਵਿਚ ਮਾਰਸ਼ਲ-ਲਾਅ ਲਾ ਦਿੱਤਾ। ਮਾਰਸ਼ਲ-ਲਾਅ ਦੌਰਾਨ ਲੋਕਾਂ ਨੂੰ ਢਿੱਡ-ਪਰਨੇ ਰੀਂਗ ਕੇ ਚੱਲਣ ਦੀ ਸਜ਼ਾ ਦਿੱਤੀ ਗਈ ਸੀ। ਵਕੀਲਾਂ ਤੋਂ ਕੁਲੀਆਂ ਵਾਲਾ ਕੰਮ ਕਰਾਇਆ ਗਿਆ ਸੀ। ਅੰਗਰੇਜ਼ਾਂ ਦਾ ਇਹ ਕਹਿਰ ਲੋਕਾਂ ਨੂੰ 8 ਦਿਨ ਸਹਿਣਾ ਪਿਆ ਸੀ। ਮਾਰਸ਼ਲ ਲਾਅ ਦੇ ਅਧੀਨ ਪੰਜਾਬ ਵਿਚ 115 ਲੋਕਾਂ ਨੂੰ ਮੌਤ ਦੀ ਸਜ਼ਾ, 200 ਨੂੰ ਉਮਰ ਕੈਦ ਅਤੇ 200 ਦੇ ਕਰੀਬ ਲੋਕਾਂ ਨੂੰ ਕੁਝ ਘੱਟ ਸਜ਼ਾਵਾਂ ਹੋਈਆਂ ਸਨ।
ਜਲ੍ਹਿਆਂਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ 13 ਮਾਰਚ, 1940 ਨੂੰ ਸਰਮਾਈਕਲ ਓਡਵਾਇਰ ਨੂੰ ਕੈਕਸਟਨ, ਹਾਲ ਲੰਡਨ ਵਿਖੇ ਮਾਰ ਕੇ ਲਿਆ ਸੀ।