ਅਮਰੀਕਾ ’ਚ ਵੀ ਦਲਿਤਾਂ ਨਾਲ ਵਿਤਕਰਾ

ਅਮਰੀਕਾ ’ਚ ਵੀ ਦਲਿਤਾਂ ਨਾਲ ਵਿਤਕਰਾ

J ਉੱਚ ਜਾਤੀਆਂ ਵਲੋਂ ਆਪਣੀਆਂ ਜਾਤਾਂ ਨੂੰ ਤਰੱਕੀਆਂ ਅਤੇ ਦਲਿਤਾਂ ਨੂੰ ਖੂੰਜੇ ਲਾਉਣ ਦੇ ਕੇਸ ਸਾਹਮਣੇ ਆਏ
J ਕੈਲੀਫੋਰਨੀਆ ਦੀ ਸੈਨੇਟਰ ਆਈਸ਼ਾ ਵਹਾਬ ਵਲੋਂ ਜਾਤ-ਪਾਤ ਦੇ ਵਿਤਕਰੇ ਸਬੰਧੀ ਬਿਲ ਪੇਸ਼
Jਇਸ ਸਦੀਆ ਦੇ ਭਾਰਤੀ ਜਾਤਪਾਤ ਦੇ ਕੋਹੜ ਨੂੰ ਵਿਦੇਸ਼ਾਂ ’ਚ ਰੋਕਣਾ ਪਵੇਗਾ : ਸ ਕੇਵਲ ਸਿੰਘ

ਫਰੀਮਾਂਟ/ਕੈਲੀਫੋਰਨੀਆ, (ਸਾਡੇ ਲੋਕ) ਕੈਲੀਫੋਰਨੀਆ ਦੀ ਸੈਨੇਟਰ ਆਈਸ਼ਾ ਵਹਾਬ ਨੇ ਜਾਤ-ਪਾਤ ਦੇ ਵਿਤਕਰੇ ਸਬੰਧੀ ਬਿੱਲ ਪੇਸ਼ ਕੀਤਾ ਹੈ ਜਿਸ ਦੇ ਪਾਸ ਹੋਣ ਦੀ ਉਮੀਦ ਹੈ। ਅਮਰੀਕਾ ਦੀਆਂ ਕੰਪਨੀਆਂ ਵਿਚ ਜਾਤ-ਪਾਤ ਦਾ ਕੋਹੜ ਵੀ ਭਾਰਤ ਵਿਚੋਂ ਅਮਰੀਕਾ ਵਿਚ ਆ ਚੁੱਕਿਆ ਹੈ। ਪਿਛਲੇ ਕੁਝ ਸਾਲਾਂ ਵਿਚ ਅਖੌਤੀ ਭਾਰਤੀ ਉੱਚ ਜਾਤੀਆਂ ਵਲੋਂ ਆਪਣੀ ਜਾਤ ਨੂੰ ਤਰੱਕੀਆਂ ਅਤੇ ਦਲਿਤਾਂ ਨੂੰ ਖੂੰਜੇ ਲਾਉਣ ਦੇ ਕੇਸ ਸਾਹਮਣੇ ਹਨ। ਦਲਿਤ ਸਮਾਜ ਨੇ ਇਸ ਵਿਤਕਰੇ ਨੂੰ ਲੈ ਕੇ ਕੋਰਟਾਂ ਦੇ ਦਰਵਾਜ਼ੇ ਖੜਕਾਏ ਅਤੇ ਇਥੋਂ ਦੇ ਰਾਜਨੀਤਕ ਲੋਕਾਂ ਨੂੰ ਇਸ ਵਿਤਕਰੇ ਤੋਂ ਜਾਣੂ ਕਰਵਾਇਆ।
ਕੈਲੀਫੋਰਨੀਆ ਦੀ ਸੈਨੇਟਰ ਆਈਸ਼ਾ ਵਹਾਬ ਇਹ ਬਿੱਲ ਲਿਆਕੇ ਧੜੱਲੇ ਨਾਲ ਜਾਤੀ ਵਿਰੋਧ ਵਿਚ ਆ ਖੜ੍ਹੀ ਹੋਈ ਹੈ। ਲੰਘੇ ਐਤਵਾਰ ਉਸਨੇ ਗੁਰਦੁਆਰਾ ਸਾਹਿਬ ਫਰੀਮਾਂਟ ਆ ਕੇ ਸਿੱਖਾਂ ਤੋਂ ਵੀ ਇਸ ਲਈ ਮਦਦ ਮੰਗੀ। ਇਕ ਘੰਟਾ ਚੱਲੀ ਮੀਟਿੰਗ ਵਿਚ ਦਲਿਤਾਂ ਵਲੋਂ ਕੇਵਲ ਸਿੰਘ, ਵਿਨੋਦ ਕੁਮਾਰ ਤੇ ਉਨ੍ਹਾਂ ਦੀ ਟੀਮ ਸ਼ਾਮਲ ਹੋਈ। ਸਿੱਖਾਂ ਵਲੋਂ ਬੇਏਰੀਆ ਅਮਰੀਕਨ ਸਿਆਸਤ ਲਈ ਬਣਾਈ ਜਥੇਬੰਦੀ ਸਕੋਪ ਨੇ ਇਸ ਬਿੱਲ ਦਾ ਸਮਰਥਨ ਕਰਨ ਦਾ ਵੀ ਵਾਅਦਾ ਕੀਤਾ। ਸਕੋਪ ਵਲੋਂ ਭਾਈ ਕਸ਼ਮੀਰ ਸਿੰਘ ਸ਼ਾਹੀ ਨੇ ਆਈਸ਼ਾ ਵਹਾਬ ਦਾ ਧੰਨਵਾਦ ਕਰਦੇ ਹੋਏ ਦਲਿਤ ਸਮਾਜ ਨੂੰ ਵੀ ਸੁਨੇਹਾ ਦਿੱਤਾ ਕਿ ਤੁਸੀਂ ਸਾਡਾ ਹੀ ਅੰਗ ਹੋ ਤੇ ਕਦੇ ਇਸ ਗੱਲ ਦਾ ਫਰਕ ਨਹੀਂ ਸਮਝਣਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਦੇ ਵਿਤਕਰੇ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦੇ ਇਸ ਲਈ ਅਸੀਂ ਇਹ ਵਿਤਕਰਾ ਖਤਮ ਕਰਨ ਲਈ ਹਰ ਸੰਭਵ ਯਤਨ ਕਰਾਂਗੇ। ਸੁਪਰੀਮ ਕੌਂਸਲ ਮੈਂਬਰ ਭਾਈ ਹਰਪ੍ਰੀਤ ਸਿੰਘ ਬੈਂਸ, ਭਾਈ ਰਜਿੰਦਰ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਆਪਣੇ ਏਰੀਏ ਦਾ ਸੈਨੇਟਰ ਅਤੇ ਅਸੰਬਲੀ ਨੁਮਾਇੰਦਿਆਂ ਨੂੰ ਕਾਲ ਕਰਕੇ ਇਸ ਉਪਰ ਵੋਟ ਪਾਉਣ ਦੀ ਬੇਨਤੀ ਕਰੋ। ਇਸ ਵਾਰੇ ਅਮਰੀਕਾ ਦੇ ਉਘੇ ਆਗੂ ਅਤੇ ਦਲਿਤਾਂ ਦੀ ਅਵਾਜ਼ ਸ੍ਰ. ਕੇਵਲ ਸਿੰਘ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਇਹ ਜਾਤਪਾਤ ਦੀ ਅਣਮਨੁੱਖੀ ਕੈਂਸਰ ਅਮਰੀਕਾ ਸਮੇਤ ਵਿਦੇਸ਼ਾ ’ਚ ਵੀ ਪਹੁੰਚ ਚੁੱਕੀ ਜਿਸਨੂੰ ਹਰ ਹਾਲਤ ’ਚ ਰੋਕਣ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਇਸ ਲਈ ਵੱਖ ਵੱਖ ਜਥੇਬੰਦੀਆ ਭਾਰੀ ਯਤਨ ਕਰ ਰਹੀਆ ਹਨ ਅਤੇ ਪੂਰੀ ਦੁਨੀਆਂ ਦੇ ਗੁਰੂਘਰ ਨਾਲ ਹਨ ਉਨ੍ਹਾਂ ਸਮੂਹ ਸਹਿਯੋਗੀਆਂ ਜਥੇਬੰਦੀਆਂ ਅਤੇ ਇਸ ਉਪਰ ਕੰਮ ਕਰ ਰਹੇ ਲੋਕਾਂ ਦਾ ਤਹਿ ਦਿੱਲ ਤੋ ਧੰਨਵਾਦ ਕੀਤਾ।