ਭਾਰਤ ਆਲਮੀ ਚੁਣੌਤੀਆਂ ਨਾਲ ਸਿੱਝਣ ’ਚ ਅਹਿਮ ਭੂਮਿਕਾ ਨਿਭਾ ਸਕਦੈ: ਜ਼ਪਾਰੋਵਾ

ਭਾਰਤ ਆਲਮੀ ਚੁਣੌਤੀਆਂ ਨਾਲ ਸਿੱਝਣ ’ਚ ਅਹਿਮ ਭੂਮਿਕਾ ਨਿਭਾ ਸਕਦੈ: ਜ਼ਪਾਰੋਵਾ

ਯੂਕਰੇਨ ਦੀ ਪਹਿਲੀ ਉਪ ਵਿਦੇਸ਼ ਮੰਤਰੀ ਭਾਰਤ ਦੌਰੇ ’ਤੇ ਪੁੱਜੀ
ਨਵੀਂ ਦਿੱਲੀ-ਯੂਕਰੇਨ ਦੀ ਪਹਿਲੀ ਡਿਪਟੀ ਵਿਦੇਸ਼ ਮੰਤਰੀ ਐਮਾਈਨ ਜ਼ਪਾਰੋਵਾ ਨੇ ਅੱਜ ਇੱਥੇ ਕਿਹਾ ਕਿ ਭਾਰਤ ਆਲਮੀ ਪੱਧਰ ’ਤੇ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਸਤੰਬਰ ਵਿੱਚ ਰੂਸ ਦੇ ਰਾਸ਼ਟਰਪਤੀ ਨੂੰ ਸੁਨੇਹਾ ਦਿੱਤਾ ਸੀ ਕਿ ‘ਇਹ ਸਮਾਂ ਜੰਗ ਦਾ ਨਹੀਂ ਹੈ’। ਜ਼ਪਾਰੋਵਾ ਨੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਮੰਤਰਾਲੇ ਵਿੱਚ ਸਕੱਤਰ (ਪੱਛਮੀ) ਸੰਜੇ ਵਰਮਾ ਨੂੰ ਯੂਕਰੇਨ ਦੇ ਮੌਜੂਦਾ ਹਾਲਾਤ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਉਨ੍ਹਾਂ ਰੂਸ ਨਾਲ ਲੜਨ ਲਈ ਯੂਕਰੇਨ ਦੇ ਯਤਨਾਂ ਬਾਰੇ ਭਾਰਤ ਦਾ ਪੱਖ ਜਾਣਿਆ ਅਤੇ ਨਵੀਂ ਦਿੱਲੀ ਨੂੰ ਰਾਸ਼ਟਰਪਤੀ ਵੋਲੋਦੀਮੀਰ ਜੈਲੇਂਸਕੀ ਦੇ ਸ਼ਾਂਤੀ ਫਾਰਮੂਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਜ਼ਪਾਰੋਵਾ ਦਾ ਕਹਿਣਾ ਸੀ ਕਿ ਭਾਰਤ ਮੂਹਰੇ ਹੋ ਕੇ ਭੂਮਿਕਾ ਨਿਭਾਵੇ। ਉਨ੍ਹਾਂ ਨਵੀਂ ਦਿੱਲੀ ਦੇ ਊਰਜਾ ਦੇ ਖੇਤਰ ਵਿੱਚ ਮਾਸਕੋ ਨਾਲ ਤਾਲਮੇਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਕਰੇਨ ਇਸ ਹਾਲਤ ਵਿੱਚ ਨਹੀਂ ਹੈ ਕਿ ਉਹ ਭਾਰਤ ਨੂੰ ਉਸ ਦੇ ਹੋਰਨਾ ਮੁਲਕਾਂ ਨਾਲ ਆਰਥਿਕ ਸਬੰਧਾਂ ਬਾਰੇ ਕੋਈ ਨਿਰਦੇਸ਼ ਦੇ ਸਕੇ। ਗ਼ੌਰਤਲਬ ਹੈ ਕਿ ਰੂਸ ਨਾਲ ਜੰਗ ਮਗਰੋਂ ਯੂਕਰੇਨ ਤੋਂ ਪਹਿਲੀ ਵਾਰ ਜ਼ਪਾਰੋਵਾ ਭਾਰਤ ਦੌਰੇ ’ਤੇ ਆਈ ਹੈ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਪਾਰੋਵਾ ਨੇ ਭਾਰਤ ਨੂੰ ਆਲਮੀ ਆਗੂ ਅਤੇ ਵਿਸ਼ਵ ਗੁਰੂ ਕਰਾਰ ਦਿੱਤਾ।