ਬ੍ਰਿਟੇਨ ਨਾਲ ਵਪਾਰ ਵਾਰਤਾ ਰੋਕਣ ਦੀਆਂ ਰਿਪੋਰਟਾਂ ਭਾਰਤ ਨੇ ਨਕਾਰੀਆਂ

ਬ੍ਰਿਟੇਨ ਨਾਲ ਵਪਾਰ ਵਾਰਤਾ ਰੋਕਣ ਦੀਆਂ ਰਿਪੋਰਟਾਂ ਭਾਰਤ ਨੇ ਨਕਾਰੀਆਂ

ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਖਾਲਿਸਤਾਨ ਪੱਖੀਆਂ ਵੱਲੋਂ ਕੀਤੇ ਹਮਲੇ ਦਾ ਮਾਮਲਾ
ਲੰਡਨ/ਨਵੀਂ ਦਿੱਲੀ – ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਲੰਡਨ ’ਚ ਖਾਲਿਸਤਾਨ ਪੱਖੀ ਗੁੱਟਾਂ ਵੱਲੋਂ ਪਿੱਛੇ ਜਿਹੇ ਕੀਤੇ ਗਏ ਹਮਲਿਆਂ ਕਾਰਨ ਭਾਰਤ-ਬ੍ਰਿਟੇਨ ਵਪਾਰ ਵਾਰਤਾ ਠੱਪ ਹੋ ਗਈ ਹੈ। ਬ੍ਰਿਟਿਸ਼ ਮੀਡੀਆ ਦੀਆਂ ਰਿਪਰਟਾਂ ਮੁਤਾਬਕ ਭਾਰਤ ਨੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਲੈ ਕੇ ਬ੍ਰਿਟੇਨ ਨਾਲ ਵਾਰਤਾ ਨੂੰ ਰੋਕ ਦਿੱਤਾ ਹੈ ਕਿਉਂਕਿ ਉਹ ਪਿਛਲੇ ਮਹੀਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਹਮਲੇ ਦੇ ਦੋਸ਼ੀ ਗੁੱਟਾਂ ਖ਼ਿਲਾਫ਼ ਸਖ਼ਤ ਕਾਰਵਾਈ ਚਾਹੁੰਦਾ ਹੈ।

ਦਿੱਲੀ ’ਚ ਭਾਰਤ ਸਰਕਾਰ ਦੇ ਸੂਤਰ ਨੇ ਕਿਹਾ ਕਿ ਰਿਪੋਰਟ ਆਧਾਰਹੀਣ ਹੈ। ਸੂਤਰਾਂ ਨੇ ਕਿਹਾ ਕਿ ਅਧਿਕਾਰਤ ਵਾਰਤਾ ਦਾ ਅਗਲਾ ਦੌਰ 24 ਅਪਰੈਲ ਤੋਂ ਲੰਡਨ ’ਚ ਹੋਣ ਦੀ ਸੰਭਾਵਨਾ ਹੈ। ‘ਦਿ ਟਾਈਮਜ਼’ ਅਖ਼ਬਾਰ ਨੇ ਬ੍ਰਿਟਿਸ਼ ਸਰਕਾਰ ਦੇ ਸੂਤਰਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਭਾਰਤ ਸਰਕਾਰ ਨੇ ਪਿਛਲੇ ਸਾਲ ਜਨਵਰੀ ’ਚ ਸ਼ੁਰੂ ਹੋਈ ਵਪਾਰ ਵਾਰਤਾ ‘ਰੋਕ’ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਕਿ ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 19 ਮਾਰਚ ਨੂੰ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਅਤੇ ਦੋ ਅਧਿਕਾਰੀਆਂ ਨੂੰ ਜ਼ਖ਼ਮੀ ਕਰਨ ਲਈ ਜ਼ਿੰਮੇਵਾਰ ਖਾਲਿਸਤਾਨੀ ਸਮਰਥਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਜਨਤਕ ਨਿਖੇਧੀ ਤੋਂ ਬਿਨਾਂ ਵਾਰਤਾ ’ਚ ਅੱਗੇ ਕੋਈ ਪ੍ਰਗਤੀ ਨਹੀਂ ਹੋਵੇਗੀ। ਅਖ਼ਬਾਰ ਨੇ ਯੂਕੇ ਸਰਕਾਰ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ,‘‘ਬ੍ਰਿਟੇਨ ਸਰਕਾਰ ਨੇ ਹਮਲੇ ਦੀ ਨਿਖੇਧੀ ਕੀਤੀ ਹੈ ਤੇ ਭਾਰਤੀ ਹਾਈ ਕਮਿਸ਼ਨ ’ਚ ਸੁਰੱਖਿਆ ਦੀ ਨਜ਼ਰਸਾਨੀ ਦਾ ਵਾਅਦਾ ਕੀਤਾ ਹੈ। ਭਾਰਤ ਨੇ ਕਿਹਾ ਕਿ ਉਹ ਵਪਾਰ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਹੋਈ ਅਤੇ ਸਿੱਖ ਵੱਖਵਾਦੀਆਂ ਦੇ ਅੰਦੋਲਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ।’’ ਸੂਤਰਾਂ ਨੇ ਕਿਹਾ ਕਿ ਭਾਰਤ ਆਸ ਕਰ ਰਿਹਾ ਹੈ ਕਿ ਬ੍ਰਿਟੇਨ ਸਰਕਾਰ ਸਿੱਖ ਵੱਖਵਾਦੀਆਂ ਬਾਰੇ ਕੋਈ ਸਖ਼ਤ ਬਿਆਨ ਦੇਵੇ।