ਮਹਾਰਾਜਾ ਰਿਪੁਦਮਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਸਥਾਪਿਤ

ਮਹਾਰਾਜਾ ਰਿਪੁਦਮਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਸਥਾਪਿਤ

ਅੰਮ੍ਰਿਤਸਰ – ਪੰਥਕ ਸੇਵਾਵਾਂ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੀ ਤਸਵੀਰ ਨੂੰ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਕੀਤਾ ਗਿਆ।

ਮਹਾਰਾਜਾ ਰਿਪੁਦਮਨ ਸਿੰਘ ਨੇ ਸਾਲ 1909 ਵਿਚ ਆਨੰਦ ਮੈਰਿਜ ਐਕਟ ਪਾਸ ਕਰਵਾਉਣ ਵਿਚ ਅਹਿਮ ਯੋਗਦਾਨ ਪਾਇਆ ਸੀ। ਸਾਕਾ ਸ੍ਰੀ ਨਨਕਾਣਾ ਸਾਹਿਬ ਸਮੇਂ ਸ਼੍ਰੋਮਣੀ ਕਮੇਟੀ ਦੇ ਸੱਦੇ ’ਤੇ ਕਾਲੀਆਂ ਦਸਤਾਰਾਂ ਬੰਨ੍ਹ ਕੇ ਰੋਸ ਪ੍ਰਗਟ ਕਰਨ ਵਾਲਿਆਂ ਵਿਚ ਵੀ ਮਹਾਰਾਜਾ ਨਾਭਾ ਸ਼ਾਮਲ ਸਨ। ਉਨ੍ਹਾਂ ਦੀਆਂ ਅਜਿਹੀਆਂ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਉਨ੍ਹਾਂ ਦੀ ਤਸਵੀਰ ਨੂੰ ਥਾਂ ਦਿੱਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਗਿਆਨੀ ਬਲਜੀਤ ਸਿੰਘ ਸਣੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਧਾਮੀ ਨੇ ਕਿਹਾ ਕਿ ਪੰਥਕ ਸੋਚ ਦੇ ਧਾਰਨੀ ਹੋਣ ਕਰਕੇ ਹੀ ਮਹਾਰਾਜਾ ਨਾਭਾ ਨੂੰ ਅੰਗਰੇਜ਼ ਹਕੂਮਤ ਨੇ ਬਹਾਨਾ ਬਣਾ ਕੇ ਜ਼ਬਰਦਸਤੀ ਗੱਦੀ ਤੋਂ ਹਟਾ ਦਿੱਤਾ ਸੀ ਜਿਸ ਦੇ ਰੋਸ ਵਜੋਂ ਸਿੱਖ ਪੰਥ ਨੇ ਮੋਰਚਾ ਲਾਇਆ ਸੀ। ਇਸ ਮੌਕੇ ਮਹਾਰਾਜਾ ਰਿਪੁਦਮਨ ਸਿੰਘ ਦੇ ਪਰਿਵਾਰ ਵਿੱਚੋਂ ਬੀਬੀ ਪ੍ਰੀਤੀ ਸਿੰਘ ਨੇ ਕਿਹਾ ਕਿ ਮਹਾਰਾਜਾ ਨਾਭਾ ਨੇ ਕਾਲੇ ਪਾਣੀ ਦੀ ਸਜ਼ਾ ਤਾਂ ਪ੍ਰਵਾਨ ਕੀਤੀ ਪਰ ਅੰਗਰੇਜ਼ਾਂ ਨੂੰ ਮੁਆਫ਼ੀਨਾਮਾ ਨਹੀਂ ਲਿਖ ਕੇ ਦਿੱਤਾ। ਇਸੇ ਦੌਰਾਨ ਮਹਾਰਾਜਾ ਰਿਪੁਦਮਨ ਸਿੰਘ ਦੇ ਪੜਪੋਤੇ ਯੁਵਰਾਜ ਅਭੀ ਉਦੈਪ੍ਰਤਾਪ ਸਿੰਘ ਨੇ ਵੀ ਸੰਬੋਧਨ ਕੀਤਾ।