ਇਮਰਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਰੁਤਬੇ ਮੁਤਾਬਕ ਸੁਰੱਖਿਆ ਦਿੱਤੀ ਜਾਵੇ: ਅਦਾਲਤ

ਇਮਰਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਰੁਤਬੇ ਮੁਤਾਬਕ ਸੁਰੱਖਿਆ ਦਿੱਤੀ ਜਾਵੇ: ਅਦਾਲਤ

ਇਸਲਾਮਾਬਾਦ – ਪਾਕਿਸਤਾਨ ਦੀ ਇਸਲਾਮਬਾਦ ਹਾਈ ਕੋਰਟ ਨੇ ਅੱਜ ਕਿਹਾ ਕਿ ਇਮਰਾਨ ਖ਼ਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਰੁਤਬੇ ਮੁਤਾਬਕ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਮੁਖੀ ਇਮਰਾਨ ਖ਼ਾਨ ਦੀ ਉਸ ਅਪੀਲ ’ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ, ਜਿਸ ਵਿੱਚ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਵੱਲੋਂ ਕਥਿਤ ਧਮਕੀ ਦਿੱਤੇ ਜਾਣ ਮਗਰੋਂ ਉਨ੍ਹਾਂ ਨੇ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਅਖਬਾਰ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਅਦਾਲਤ ਨੇ ਅੱਜ ਸੁਣਵਾਈ ਦੌਰਾਨ ਮੌਜੂਦਾ ਸੁਰੱਖਿਆ ਨੇਮਾਂ ਬਾਰੇ ਪੁੱਛਿਆ ਅਤੇ ਨਾਲ ਹੀ ਇਮਰਾਨ ਖ਼ਾਨ (70) ਨੂੰ ਦਿੱਤੀ ਜਾ ਰਹੀ ਸੁਰੱਖਿਆ ਬਾਰੇ ਵੀ ਜਾਣਕਾਰੀ ਲਈ।

ਦੱਸਣਯੋਗ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਨਾਉੱਲ੍ਹਾ ਖ਼ਾਨ ਨੇ ਮਾਰਚ ਮਹੀਨੇ ਕਿਹਾ ਸੀ ਕਿ ਜਦੋਂ ਤੱਕ ਸੱਤਾਧਾਰੀ ਪਾਰਟੀ ਨੂੰ ਲੱਗਦਾ ਹੈ ਕਿ ਉਸ ਦੀ ਹੋਂਦ ਖ਼ਤਰੇ ਵਿੱਚ ਹੈ ਤਾਂ ਉਹ ਆਪਣੇ ਮੁੱਖ ਸਿਆਸੀ ਵਿਰੋਧੀ ਦੇ ਖ਼ਿਲਾਫ਼ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਰਾਣਾ ਸਨਾਉੱਲ੍ਹਾ ਨੇ ਅਸਪੱਸ਼ਟ ਰੂਪ ’ਚ ਇਮਰਾਨ ਖ਼ਾਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਸੀ, ‘‘ਦੇਸ਼ ਦੀ ਰਾਜਨੀਤੀ ਨੂੰ ਉਸ ਪੱਧਰ ’ਤੇ ਲਿਆਂਦਾ ਜਾ ਚੁੱਕਾ ਹੈ, ਜਿੱਥੇ ਦੋਵਾਂ (ਪੀਟੀਆਈ ਅਤੇ ਪੀਐੱਮਐੱਲ-ਐੱਨ) ਵਿੱਚੋਂ ਇੱਕ ਦੀ ਹੀ ਹੋਂਦ ਸੰਭਵ ਹੈ।’’