ਦੇਸ਼ ਵਿੱਚ ਲੋਕਤੰਤਰ ਜ਼ੰਜੀਰਾਂ ’ਚ ਤੇ ਸੰਸਥਾਵਾਂ ਗੁਲਾਮ: ਨਵਜੋਤ ਸਿੱਧੂ

ਦੇਸ਼ ਵਿੱਚ ਲੋਕਤੰਤਰ ਜ਼ੰਜੀਰਾਂ ’ਚ ਤੇ ਸੰਸਥਾਵਾਂ ਗੁਲਾਮ: ਨਵਜੋਤ ਸਿੱਧੂ

ਜੇਲ੍ਹ ’ਚੋਂ ਰਿਹਾਈ ਮਗਰੋਂ ਕਾਂਗਰਸੀ ਆਗੂ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ
ਨਵੀਂ ਦਿੱਲੀ – ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅੱਜ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ ਪਰ ਉਹ ਪੰਜਾਬ ਜਾਂ ਉਸ ਦੇ ਆਗੂਆਂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟਣਗੇ। 1988 ਦੇ ਰੋਡ ਰੇਜ ਦੇ ਮਾਮਲੇ ਵਿੱਚ ਆਪਣੀ ਸਜ਼ਾ ਪੂਰੀ ਕਰਨ ਵਾਲੇ ਸਿੱਧੂ ਨੂੰ ਪਹਿਲੀ ਅਪਰੈਲ ਨੂੰ ਪਟਿਆਲਾ ਦੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਕੇਂਦਰ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਦੇਸ਼ ਵਿੱਚ ਲੋਕਤੰਤਰ ਜ਼ੰਜੀਰਾਂ ਵਿੱਚ ਹੈ ਅਤੇ ਸੰਸਥਾਵਾਂ ਗੁਲਾਮ ਹੋ ਗਈਆਂ ਹਨ।

ਉਨ੍ਹਾਂ ਗਾਂਧੀ ਭੈਣ-ਭਰਾ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, ‘‘ਅੱਜ ਨਵੀਂ ਦਿੱਲੀ ਵਿੱਚ ਮੈਂ ਆਪਣੇ ਸਿਆਸੀ ਗੁਰੂ ਰਾਹੁਲ ਜੀ ਅਤੇ ਦੋਸਤ, ਗਾਈਡ ਪ੍ਰਿਯੰਕਾ ਜੀ ਨੂੰ ਮਿਲਿਆ। ਤੁਸੀਂ ਮੈਨੂੰ ਜੇਲ੍ਹ ਭੇਜ ਸਕਦੇ ਹੋ, ਮੈਨੂੰ ਡਰਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤਿਆਂ ਨੂੰ ਬੰਦ ਕਰ ਦਿਓ ਪਰ ਪੰਜਾਬ ਅਤੇ ਮੇਰੇ ਆਗੂਆਂ ਪ੍ਰਤੀ ਮੇਰੀ ਵਚਨਬੱਧਤਾ ਨਾ ਤਾਂ ਡੋਲੇਗੀ ਅਤੇ ਨਾ ਹੀ ਇੱਕ ਇੰਚ ਵੀ ਪਿੱਛੇ ਹਟੇਗੀ !!’’ ਸਿੱਧੂ 1988 ਦੇ ਰੋਡ ਰੇਜ ਦੇ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ ਕਰੀਬ 10 ਮਹੀਨੇ ਦੀ ਸਜ਼ਾ ਭੁਗਤਣ ਤੋਂ ਬਾਅਦ ਰਿਹਾਅ ਹੋਏ ਹਨ।

ਪੰਜਾਬ ਵਿੱਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਕਹਿਣ ’ਤੇ ਹੀ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਸਾਬਕਾ ਸੰਸਦ ਮੈਂਬਰ ਰਾਹੁਲ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ।