ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਪਲੇਠਾ ਬਜਟ 109.38 ਕਰੋੜ ਦਾ ਹੋਵੇਗਾ: ਧਮੀਜਾ

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਪਲੇਠਾ ਬਜਟ 109.38 ਕਰੋੜ ਦਾ ਹੋਵੇਗਾ: ਧਮੀਜਾ

ਨਵੀਂ ਦਿੱਲੀ – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਦੱਸਿਆ ਕਿ ਕਮੇਟੀ ਦਾ ਪਲੇਠਾ ਬਜਟ 109.38 ਕਰੋੜ ਦਾ ਹੋਵੇਗਾ। ਇਸ ’ਚੋਂ 25 ਫੀਸਦ ਹਿੱਸਾ ਸਿੱਖਿਆ ਲਈ ਰੱਖਿਆ ਗਿਆ ਹੈ ਜਦੋਂਕਿ 16 ਫੀਸਦ ਧਾਰਮਿਕ ਪ੍ਰਚਾਰ, ਪਸਾਰ ਤੇ ਸਿੱਖੀ ਲਈ ਖਰਚਿਆ ਜਾਵੇਗਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਰੂਕਸ਼ੇਤਰ ਤੋਂ ਮੈਂਬਰ ਕਮਲਜੀਤ ਸਿੰਘ ਅਜਰਾਣਾ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਦੱਸਿਆ ਕਿ ਹਰਿਆਣਾ ਕਮੇਟੀ ਵੱਲੋਂ ਨਵੇਂ ਬਜਟ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਜਨਰਲ ਸਕੱਤਰ ਨੇ ਦੱਸਿਆ ਕਿ ਕਮੇਟੀ ਮੁਲਾਜ਼ਮਾਂ ਲਈ ਸਾਢੇ 17 ਕਰੋੜ ਰੁਪਏ, ਨਵੀਂ ਜ਼ਮੀਨ ਖਰੀਦਣ ਲਈ 10 ਕਰੋੜ ਰੁਪਏ, ਪ੍ਰਚਾਰ ਸਬੰਧੀ ਨਵੀਂ ਮਸ਼ੀਨਰੀ ਲਈ 50 ਲੱਖ ਰੁਪਏ, ਸਿਕਲੀਗਰ ਤੇ ਵਣਜਾਰਿਆਂ ਦੀ ਭਲਾਈ ਲਈ 50 ਲੱਖ ਰੁਪਏ ਰੱਖੇ ਗਏ ਹਨ। ਕਮੇਟੀ ਮੈਂਬਰ ਕਮਲਜੀਤ ਸਿੰਘ ਅਜਰਾਣਾ ਨੇ ਕਿਹਾ ਕਿ ਜਦੋਂ ਪੰਜਾਬ ਦੀ ਲੀਡਰਸ਼ਿਪ ਕੋਲ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹੁੰਦਾ ਸੀ ਉਦੋਂ ਸਿਰਫ਼ 10 ਕਰੋੜ ਰੁਪਏ ਦਿੱਤੇ ਜਾਂਦੇ ਸਨ ਅਤੇ ਬਾਕੀ ਸਾਰੇ ਫੰਡ ਪੰਜਾਬ ਲੈ ਜਾਂਦਾ ਸੀ। ਧਮੀਜਾ ਨੇ ਦੱਸਿਆ ਕਿ ਹਰਿਆਣਾ ਦੇ 52 ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਕਮੇਟੀ ਨੇ ਸਾਂਭ ਲਿਆ ਹੈ ਤੇ 2 ਕਾਲਜਾਂ ਤੇ 3 ਸਕੂਲਾਂ ਦੇ ਪ੍ਰਬੰਧ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਲਿਆ ਹੈ।