ਭਾਰਤੀ ਵਿਦਿਆਰਥੀ ਵੱਲੋਂ ਲੰਡਨ ਯੂਨੀਵਰਸਿਟੀ ਵਿੱਚ ਭਾਰਤ ਵਿਰੋਧੀ ਮੁਹਿੰਮ ਦੇ ਦੋਸ਼

ਭਾਰਤੀ ਵਿਦਿਆਰਥੀ ਵੱਲੋਂ ਲੰਡਨ ਯੂਨੀਵਰਸਿਟੀ ਵਿੱਚ ਭਾਰਤ ਵਿਰੋਧੀ ਮੁਹਿੰਮ ਦੇ ਦੋਸ਼

ਭਾਰਤੀ ਤੇ ਹਿੰਦੂ ਹੋਣ ਕਾਰਨ ਮੈਨੂੰ ਵਿਦਿਆਰਥੀ ਯੂਨੀਅਨ ਚੋਣਾਂ ਲੜਨ ਤੋਂ ਅਯੋਗ ਕਰਾਰ ਦਿੱਤਾ: ਕਰਨ ਕਟਾਰੀਆ
ਲੰਡਨ – ਭਾਰਤ ਦੇ ਇਕ ਵਿਦਿਆਰਥੀ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਤੇ ਹਿੰਦੂ ਵਜੋਂ ਪਛਾਣ ਕਰ ਕੇ ਉਸ ਦੇ ਮਾਣ ਨੂੰ ਢਾਹ ਲਾਉਣ ਲਈ ਜਾਣਬੁੱਝ ਕੇ ਚਲਾਈ ਗਈ ਮੁਹਿੰਮ ਦੇ ਨਤੀਜੇ ਵਜੋਂ ਲੰਡਨ ਸਕੂਲ ਆਫ ਇਕੋਨੌਮਿਕਸ (ਐੱਲਐੱਸਈ) ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।

ਹਰਿਆਣਾ ਦਾ ਰਹਿਣ ਵਾਲਾ ਵਿਦਿਆਰਥੀ ਕਰਨ ਕਟਾਰੀਆ ਲੰਡਨ ਦੀ ਇਸ ਯੂਨੀਵਰਸਿਟੀ ਵਿੱਚ ਕਾਨੂੰਨ ’ਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਹੈ। ਕਟਾਰੀਆ ਨੇ ਕਿਹਾ ਕਿ ਉਹ ਹੋਰ ਵਿਦਿਆਰਥੀਆਂ ਦੇ ਸਮਰਥਨ ਨਾਲ ਐੱਲਐੱਸਈ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜਨ ਲਈ ਪ੍ਰੇਰਿਤ ਹੋਇਆ। ਹਾਲਾਂਕਿ, ਉਸ ਨੂੰ ਪਿਛਲੇ ਹਫਤੇ ਅਯੋਗ ਕਰਾਰ ਦੇ ਦਿੱਤਾ ਗਿਆ। ਉਸ ਦਾ ਮੰਨਣਾ ਹੈ ਕਿ ਉਸ ਖ਼ਿਲਾਫ਼ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਉਸ ਨੂੰ ਪੂਰੀ ਤਰ੍ਹਾਂ ਆਪਣਾ ਪੱਖ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਉਸ ਨੇ ਕਿਹਾ, ‘‘ਮੰਦਭਾਗੀ ਗੱਲ ਹੈ ਕਿ ਕੁਝ ਲੋਕ ਇਕ ਭਾਰਤੀ-ਹਿੰਦੂ ਨੂੰ ਐੱਲਐੱਸਈ ਵਿਦਿਆਰਥੀ ਯੂਨੀਅਨ ਦੀ ਅਗਵਾਈ ਕਰਦੇ ਹੋਏ ਨਹੀਂ ਦੇਖਦਾ ਚਾਹੁੰਦੇ ਸਨ ਅਤੇ ਉਨ੍ਹਾਂ ਮੇਰੇ ਚਰਿੱਤਰ ਤੇ ਪਛਾਣ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ।’’

ਕਟਾਰੀਆ ਨੇ ਕਿਹਾ, ‘‘ਜਦੋਂ ਮੈਂ ਐੱਲਐੱਸਈ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼ੁਰੂ ਕੀਤੀ ਸੀ, ਤਾਂ ਮੈਨੂੰ ਪੂਰੀ ਆਸ ਸੀ ਕਿ ਮੈਂ ਵਿਦਿਆਰਥੀ ਭਲਾਈ ਲਈ ਆਪਣੇ ਜਨੂੰਨ ਨੂੰ ਪੂਰਾ ਕਰਾਂਗਾ ਪਰ ਮੇਰੇ ਸੁਫ਼ਨ ਉਸ ਵੇਲੇ ਟੁੱਟ ਗਏ ਜਦੋਂ ਭਾਰਤੀ ਤੇ ਹਿੰਦੂ ਪਛਾਣ ਕਰ ਕੇ ਮੇਰੇ ਮਾਣ ਨੂੰ ਢਾਹ ਲਾਉਣ ਲਈ ਜਾਣਬੁੱਝ ਕੇ ਤਿਆਰ ਕੀਤੀ ਗਈ ਇਕ ਮੁਹਿੰਮ ਸ਼ੁਰੂ ਕੀਤੀ ਗਈ।’’

ਕਟਾਰੀਆ ਇਕ 22 ਸਾਲਾ ਮੱਧ ਵਰਗੀ ਕਿਸਾਨੀ ਪਿਛੋਕੜ ਨਾਲ ਸਬੰਧਤ ਨੌਜਵਾਨ ਹੈ ਅਤੇ ਖ਼ੁਦ ਨੂੰ ਆਪਣੇ ਪਰਿਵਾਰ ਵਿੱਚੋਂ ਯੂਨੀਵਰਸਿਟੀ ਪੱਧਰ ’ਤੇ ਗ੍ਰੈਜੂਏਸ਼ਨ ਕਰਨ ਵਾਲੀ ਪਹਿਲੀ ਪੀੜ੍ਹੀ ਦੱਸਦਾ ਹੈ। ਐੱਲਐੱਸਈ ਲਾਅ ਸਕੂਲ ਤੋਂ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਪਿਛਲੇ ਸਾਲ ਲੰਡਨ ਆਉਣ ਤੋਂ ਤੁਰੰਤ ਬਾਅਦ ਉਸ ਨੂੰ ਉਸ ਦੇ ਨਾਲ ਦੇ ਵਿਦਿਆਰਥੀਆਂ ਦਾ ਅਕਾਦਮਿਕ ਪ੍ਰਤੀਨਿਧ ਚੁਣਿਆ ਗਿਆ ਸੀ। ਨਾਲ ਹੀ ਉਸ ਨੂੰ ਬਰਤਾਨੀਆ ਦੀ ਨੈਸ਼ਨਲ ਯੂਨੀਅਨ ਫਾਰ ਸਟੂਡੈਂਟਸ ਲਈ ਵੀ ਪ੍ਰਤੀਨਿਧ ਚੁਣਿਆ ਗਿਆ।

ਉਸ ਨੇ ਕਿਹਾ, ‘‘ਸਾਰੇ ਦੇਸ਼ਾਂ ਦੇ ਵਿਦਿਆਰਥੀਆਂ ਤੋਂ ਸਮਰਥਨ ਮਿਲਣ ਦੇ ਬਾਵਜੂਦ ਮੈਨੂੰ ਐੱਲਐੱਸਈ ਵਿਦਿਆਰਥੀ ਯੂਨੀਅਨ ਦੇ ਜਨਰਲ ਸਕੱਤਰ ਦੀ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਮੇਰੇ ’ਤੇ ਸਮਲਿੰਗੀ ਲੋਕਾਂ ਨੂੰ ਨਾਪਸੰਦ ਕਰਨ ਵਾਲਾ, ਇਸਲਾਮ ਪ੍ਰਤੀ ਨਫ਼ਰਤ ਰੱਖਣ ਵਾਲਾ ਅਤੇ ਹਿੰਦੂ ਰਾਸ਼ਟਰਵਾਦੀ ਹੋਣ ਦੇ ਦੋਸ਼ ਲਗਾਏ ਗਏ।’’