ਟਰੰਪ ਨੂੰ ਪੁਲੀਸ ਨੇ ਇਹਤਿਆਤੀ ਹਿਰਾਸਤ ’ਚ ਲਿਆ

ਟਰੰਪ ਨੂੰ ਪੁਲੀਸ ਨੇ ਇਹਤਿਆਤੀ ਹਿਰਾਸਤ ’ਚ ਲਿਆ

ਪੌਰਨ ਸਟਾਰ ਨੂੰ ਪੈਸੇ ਦੇ ਕੇ ਮੂੰਹ ਬੰਦ ਰੱਖਣ ਦੇ ਮਾਮਲੇ ਵਿੱਚ ਅਦਾਲਤ ’ਚ ਹੋਏ ਪੇਸ਼
ਨਿਊ ਯਾਰਕ- ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅੱਜ ਪੇਸ਼ੀ ਮੌਕੇ ਪੁਲੀਸ ਨੇ ਇਹਤਿਆਤ ਵਜੋਂ ਹਿਰਾਸਤ ਵਿੱਚ ਲੈ ਲਿਆ। ਟਰੰਪ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਅਪਰਾਧਿਕ ਦੋਸ਼ਾਂ ਕਰਕੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਖਰੀ ਖ਼ਬਰਾਂ ਲਿਖੇ ਜਾਣ ਤੱਕ ਟਰੰਪ ਦੀ ਸਜ਼ਾ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਸੀ। ਇਸ ਤੋਂ ਪਹਿਲਾਂ ਟਰੰਪ ਅੱਠ ਕਾਰਾਂ ਦੇ ਕਾਫ਼ਲੇ ਵਿੱਚ ਮੈਨਹਟਨ ਦੀ ਕੋਰਟ ਪੁੱਜੇ। ਉਹ ਮੁੱਖ ਰਸਤੇ ਦੀ ਥਾਂ ਸਾਈਡ ਵਾਲੇ ਗੇਟ ਰਾਹੀਂ ਅਦਾਲਤ ਵਿੱਚ ਦਾਖ਼ਲ ਹੋਏ। ਪੇਸ਼ੀ ਮੌਕੇ ਉਨ੍ਹਾਂ ਦੇ ਫਿੰਗਰਪ੍ਰਿੰਟ ਤੇ ਮੱਗ ਸ਼ਾਟ ਲਏ ਜਾਣ ਦੀ ਵੀ ਉਮੀਦ ਹੈ। ਸੀਐੱਨਐੱਨ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ, ‘‘ਟਰੰਪ ਮੈਨਹਟਨ ਜ਼ਿਲ੍ਹਾ ਅਟਾਰਨੀ ਦਫ਼ਤਰ ਵਿੱਚ ਪੁਲੀਸ ਦੀ ਹਿਰਾਸਤ ਵਿੱਚ ਹੈ।’’ ਰਿਪੋਰਟ ਮੁਤਾਬਕ ਟਰੰਪ ਜੱਜ ਜੁਆਂ ਮਰਚਨ ਅੱਗੇ ਆਤਮ ਸਮਰਪਣ ਕਰ ਸਕਦੇ ਹਨ। ਟਰੰਪ ਉੱਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੌਰਨ ਫਿਲਮ ਸਟਾਰ ਸਟੌਰਮੀ ਡੈਨੀਅਲਜ਼ ਨੂੰ ਕੁਝ ਗੱਲਾਂ ਗੁਪਤ ਰੱਖਣ ਲਈ ਦਿੱਤੇ ਪੈਸੇ ਦੇਣ ਦਾ ਦੋਸ਼ ਹੈ। ਸਾਬਕਾ ਰਾਸ਼ਟਰਪਤੀ ਦੀ ਪੇਸ਼ੀ ਮੌਕੇ ਕੋਰਟ ਦੇ ਬਾਹਰ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕ ਮੌਜੂਦ ਸਨ। ਇਸ ਦੌਰਾਨ ਉਥੇ ਦੂਜੀ ਧਿਰ ਦੇ ਹਮਾਇਤੀ ਵੀ ਮੌਜੂਦ ਸਨ, ਜਿਨ੍ਹਾਂ ਟਰੰਪ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਦੋਵਾਂ ਧਿਰਾਂ ਨੂੰ ਇਕ ਦੂਜੇ ਤੋਂ ਅੱਡ ਰੱਖਣ ਲਈ ਪੁਲੀਸ ਨੂੰ ਖਾਸੀ ਮੁਸ਼ੱਕਤ ਕਰਨੀ ਪਈ। ਉਧਰ ਅਮਰੀਕੀ ਮੀਡੀਆ ਨੇ ਟਰੰਪ ਦੇ ਵਕੀਲਾਂ ਦੇ ਹਵਾਲੇ ਨਾਲ ਕਿਹਾ ਕਿ 2024 ਵਿੱਚ ਦੂਜੀ ਵਾਰ ਵ੍ਹਾਈਟ ਹਾਊਸ ਪੁੱਜਣ ਦੇ ਚਾਹਵਾਨ ਰਿਪਬਲਿਕਨ ਆਗੂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਪ੍ਰਵਾਨ ਨਹੀਂ ਕਰਨਗੇ। ਟਰੰਪ (76) ਆਪਣੇ ਆਵਾਸ ਤੋਂ ਸੋਮਵਾਰ ਨੂੰ ਬੋਇੰਗ 757 ਜਹਾਜ਼ ਰਾਹੀਂ ਨਿਊਯਾਰਕ ਲਈ ਰਵਾਨਾ ਹੋਏ ਸੀ ਅਤੇ ਲਾ ਗਾਰਡੀਆ ਹਵਾਈ ਅੱਡੇ ’ਤੇ ਪੁੱਜੇ। ਟਰੰਪ ਦੀ ਪੇਸ਼ੀ ਤੋਂ ਪਹਿਲਾਂ ਅੱਜ ਇਹਤਿਆਤ ਵਜੋਂ ਟਰੰਪ ਟਾਵਰ ਦੀਆਂ ਨੇੜਲੀਆਂ ਸੜਕਾਂ ਦੀ ਘੇਰਾਬੰਦੀ ਕੀਤੀ ਗਈ ਹੈ।

ਗ੍ਰਿਫ਼ਤਾਰੀ ਤੋਂ ਪਹਿਲਾਂ ਟਰੰਪ ਨੇ ਆਪਣੇ ਸਮਰਥਕਾਂ ਨੂੰ ਭੇਜੀ ਈਮੇਲ

ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਦਾਲਤ ’ਚ ਆਪਣੀ ਪੇਸ਼ੀ ਤੋਂ ਕੁਝ ਘੰਟੇ ਪਹਿਲਾਂ ਆਪਣੇ ਸਮਰਥਕਾਂ ਨੂੰ ਇਕ ਈ-ਮੇਲ ਭੇਜੀ। ਇਸ ਈ-ਮੇਲ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਇਹ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦੀ ਆਖ਼ਰੀ ਈ-ਮੇਲ ਹੈ। ਉਨ੍ਹਾਂ ਇਸ ਵਿੱਚ ਕਿਹਾ ਕਿ ਅਮਰੀਕਾ ‘ਮਾਰਕਸਵਾਦੀ ਤੀਜੀ ਦੁਨੀਆ’ ਦਾ ਦੇਸ਼ ਬਣਦਾ ਜਾ ਰਿਹਾ ਹੈ। ਟਰੰਪ ’ਤੇ ਪੋਰਨ ਸਟਾਰ ਸਟੌਰਮੀ ਡੇਨੀਅਲ ਨੂੰ ਮੂੰਹ ਬੰਦ ਰੱਖਣ ਵਾਸਤੇ 2016 ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ 1,30,000 ਡਾਲਰ ਦੇਣ ਦਾ ਦੋਸ਼ ਹੈ। ਟਰੰਪ ਨੇ ਈਮੇਲ ’ਚ ਲਿਖਿਆ ਹੈ, ‘‘ਅੱਜ, ਅਸੀਂ ਅਮਰੀਕਾ ਵਿੱਚ ਨਿਆਂ ਦੇ ਨੁਕਸਾਨ ਦਾ ਸੋਗ ਮਨਾ ਰਹੇ ਹਾਂ। ਅੱਜ ਉਹ ਦਿਨ ਹੈ ਜਦੋਂ ਇਕ ਕਾਬਜ਼ ਧਿਰ ਆਪਣੇ ਪ੍ਰਮੁੱਖ ਵਿਰੋਧੀ ਨੂੰ ਕੋਈ ਅਪਰਾਧ ਨਾ ਕਰਨ ’ਤੇ ਵੀ ਗ੍ਰਿਫ਼ਤਾਰ ਕਰਦੀ ਹੈ। ਸਮਰਥਨ ਲਈ ਮੈਂ ਤੁਹਾਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ।’’