ਸਿੱਕਮ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਸੱਤ ਸੈਲਾਨੀਆਂ ਦੀ ਮੌਤ

ਸਿੱਕਮ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਸੱਤ ਸੈਲਾਨੀਆਂ ਦੀ ਮੌਤ

ਚੀਨ ਸਰਹੱਦ ’ਤੇ ਵਾਪਰਿਆ ਹਾਦਸਾ; ਬੀਆਰਓ ਨੇ 22 ਸੈਲਾਨੀਆਂ ਨੂੰ ਬਚਾਇਆ
ਗੰਗਟੋਕ-ਸਿੱਕਮ ਦੇ ਨਾਥੁਲਾ ਇਲਾਕੇ ਵਿੱਚ ਅੱਜ ਭਾਰੀ ਬਰਫ਼ ਦੇ ਤੋਦੇ ਡਿੱਗਣ ਕਾਰਨ ਸੱਤ ਸੈਲਾਨੀਆਂ ਦੀ ਮੌਤ ਹੋ ਗਈ ਜਦਕਿ ਬੀਆਰਓ ਨੇ 22 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਨ੍ਹਾਂ ਸੈਲਾਨੀਆਂ ਵਿਚੋਂ 11 ਗੰਭੀਰ ਜ਼ਖ਼ਮੀ ਹਨ। ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਲ ਹੈ। ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਰਾਜ ਦੀ ਰਾਜਧਾਨੀ ਗੰਗਟੋਕ ਦੇ ਹਸਪਤਾਲ ਲਿਆਂਦਾ ਗਿਆ ਹੈ। ਇਥੇ ਬਚਾਅ ਕਾਰਜ ਜਾਰੀ ਹਨ। ਨਾਥੁਲਾ ਦੱਰਾ ਚੀਨ ਨਾਲ ਲੱਗਦੀ ਸਰਹੱਦ ’ਤੇ ਸਥਿਤ ਹੈ ਅਤੇ ਆਪਣੀ ਖੂਬਸੂਰਤੀ ਕਾਰਨ ਸੈਲਾਨੀਆਂ ਲਈ ਮੁੱਖ ਆਕਰਸ਼ਣ ਹੈ। ਇਹ ਬਰਫੀਲਾ ਤੂਫਾਨ 14ਵੇਂ ਮਾਈਲਸਟੋਨ ’ਤੇ ਜਵਾਹਰ ਲਾਲ ਨਹਿਰੂ ਮਾਰਗ ’ਤੇ ਆਇਆ ਜੋ ਨਾਥੁਲਾ ਨੂੰ ਗੰਗਟੋਕ ਨਾਲ ਜੋੜਦਾ ਹੈ। ਰੱਖਿਆ ਵਿਭਾਗ ਅਨੁਸਾਰ ਬਰਫ ਦੇ ਤੋਦਿਆਂ ਹੇਠ 25 ਤੋਂ 30 ਸੈਲਾਨੀ ਫਸ ਗਏ ਸਨ ਜਿਨ੍ਹਾਂ ਵਿਚੋਂ 22 ਨੂੰ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਨੇ ਰਾਹਤ ਕਾਰਜਾਂ ਜ਼ਰੀਏ ਬਾਹਰ ਕੱਢਿਆ। 13ਵੇਂ ਮਾਈਲਸਟੋਨ ਤੱਕ ਜਾਣ ਲਈ ਇੱਕ ਪਾਸ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਸੈਲਾਨੀ 13ਵੇਂ ਮਾਈਲਸਟੋਨ ਨੂੰ ਉਲੰਘ ਕੇ 14ਵੇਂ ਮਾਈਲਸਟੋਨ ਤਕ ਪੁੱਜ ਗਏ ਜਿਥੇ ਹਾਦਸਾ ਵਾਪਰਿਆ। ਰੱਖਿਆ ਵਿਭਾਗ ਅਨੁਸਾਰ 350 ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਸਥਿਤੀ ’ਤੇ ਨੇੜਿਉਂ ਨਜ਼ਰ ਰੱਖ ਰਹੀ ਹੈ।

ਅਰੁਣਾਚਲ ਪ੍ਰਦੇਸ਼ ਵਿਚ ਢਿੱਗਾਂ ਡਿੱਗੀਆਂ; ਐੱਨਐੱਚਪੀਸੀ ਡੈਮ ਸੁਰੱਖਿਅਤ

ਈਟਾਨਗਰ:
ਕੌਮੀ ਪਣ ਬਿਜਲੀ ਕਾਰਪੋਰੇਸ਼ਨ (ਐੱਨਐੱਚਪੀਸੀ) ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਰੁਣਾਂਚਲ ਪ੍ਰਦੇਸ਼ ਵਿਚ ਢਿੱਗਾਂ ਡਿੱਗਣ ਕਾਰਨ ਮੁੱਖ ਡੈਮ ਦੇ ਲੋਅਰ ਸੁਬਨਸੀਰੀ ਹਾਈਡਰੌਲਿਕ ਪ੍ਰਾਜੈਕਟ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ। ਇਹ ਪ੍ਰਾਜੈਕਟ ਅਸਾਮ ਦੀ ਹੱਦ ਨਾਲ ਲੱਗਦੀ ਸੁਬਨਸੀਰੀ ਨਦੀ ’ਤੇ ਸਥਿਤ ਹੈ ਤੇ ਇਹ 2000 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰਦਾ ਹੈ। ਸਰਕਲ ਅਫਸਰ ਡਾ. ਇਲੀਜ਼ਾਬੈੱਥ ਦੁਪਕ ਨੇ ਦੱਸਿਆ ਕਿ ਲਗਾਤਾਰ ਮੀਂਹ ਪੈਣ ਕਾਰਨ ਡੈਮ ਦੇ ਉਪਰਲੇ ਪਹਾੜ ਤੋਂ ਢਿੱਗਾਂ ਡਿੱਗੀਆਂ। ਐਨਐਚਪੀਸੀ ਦੇ ਕਾਰਜਕਾਰੀ ਡਾਇਰੈਕਟਰ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਨਿਰਮਾਣ ਅਧੀਨ ਡੈਮ ਦੇ ਕਾਰਜਾਂ ’ਤੇ ਕੋਈ ਅਸਰ ਨਹੀਂ ਪਿਆ ਤੇ ਨਿਰਮਾਣ ਕਾਰਜ ਜਾਰੀ ਹਨ।