‘ਆਪ’ ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਤਿਆਰ: ਬਰਸਟ

‘ਆਪ’ ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਤਿਆਰ: ਬਰਸਟ

ਜਲੰਧਰ- ਆਮ ਆਦਮੀ ਪਾਰਟੀ (ਆਪ) ਨੇ ਅੱਜ ਜਲੰਧਰ ਵਿੱਚ ਗੁਰੂ ਰਵਿਦਾਸ ਚੌਕ ਨੇੜੇ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਦਫ਼ਤਰ ਦੇ ਉਦਘਾਟਨ ਮੌਕੇ ਪਾਰਟੀ ਵਰਕਰਾਂ ਅਤੇ ‘ਆਪ’ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਲੰਧਰ ਤੋਂ ਚੋਣ ਲੜਨ ਅਤੇ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਵਜੋਤ ਸਿੰਘ ਸਿੱਧੂ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਕੋਲ ਕੋਈ ਮੁੱਦਾ ਨਹੀਂ ਹੈ। ‘ਆਪ’ ਲਈ ਅਸਲ ਮੁੱਦਾ ਪੰਜਾਬ ਦਾ ਵਿਕਾਸ, ਬੱਚਿਆਂ ਦਾ ਬਿਹਤਰ ਭਵਿੱਖ ਅਤੇ ਆਮ ਨਾਗਰਿਕ ਲਈ ਸੁਖਾਲਾ ਜੀਵਨ ਹੈ। ਉਨ੍ਹਾਂ ਕਿਹਾ ਕਿ ਸੂਬਾ ਡਰਾਮੇਬਾਜ਼ੀ ਨਾਲ ਨਹੀਂ ਚੱਲਦਾ ਸਗੋਂ ਜ਼ਮੀਨੀ ਪੱਧਰ ’ਤੇ ਹੋਰ ਰਹੇ ਕੰਮ ਹੀ ਸੂਬੇ ਨੂੰ ਤਰੱਕੀ ਦੇ ਰਾਹ ’ਤੇ ਲਿਜਾਂਦੇ ਹਨ। ਮਾਨ ਸਰਕਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਿਆਂ ਪੰਜਾਬ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਰਸਟ ਨੇ ਕਿਹਾ ਕਿ ‘ਆਪ’ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।

ਇਸ ਮੌਕੇ ਬਰਸਟ ਨੇ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ, ਇਸ ਲਈ ਆਗਾਮੀ ਚੋਣਾਂ ਦੇ ਮੱਦੇਨਜ਼ਰ ਇਸ ਦਫਤਰ ਦਾ ਉਦਘਾਟਨ ਵੀ ਜਲੰਧਰ ਦੇ ਆਮ ਲੋਕਾਂ ਵੱਲੋਂ ਹੀ ਕੀਤਾ ਗਿਆ ਹੈ। ਇਸ ਦੌਰਾਨ ਗੁਰਮੇਸ਼ (ਰੇਹੜੀ ਵਿਕਰੇਤਾ), ਰਮੇਸ਼ (ਟੈਕਸੀ ਡਰਾਈਵਰ), ਪ੍ਰਵੀਨ ਭਾਟੀਆ (ਡਰਾਈਵਰ), ਹਰਭਜਨ (ਰਿਕਸ਼ਾ ਚਾਲਕ), ਲਾਡੀ (ਮਜ਼ਦੂਰ), ਬਲਵੀਰ ਸਿੰਘ (ਮਜ਼ਦੂਰ), ਸੁਰਿੰਦਰ ਸਿੰਘ (ਮਜ਼ਦੂਰ), ਸੁਰਜੀਤ ਸਿੰਘ (ਮਜ਼ਦੂਰ) ਨੇ ‘ਆਪ’ ਦੇ ਦਫ਼ਤਰ ਦਾ ਉਦਘਾਟਨ ਕੀਤਾ।