ਪੰਜਾਬ ਦੇ ਵਹਿਣ- ਮਲਵਈ ਲੋਕ-ਰਵਾਇਤ ਦੀ ਮਸ਼ਹੂਰ ਨਦੀ ਭੱਡਲੀ

ਪੰਜਾਬ ਦੇ ਵਹਿਣ- ਮਲਵਈ ਲੋਕ-ਰਵਾਇਤ ਦੀ ਮਸ਼ਹੂਰ ਨਦੀ ਭੱਡਲੀ

ਜਤਿੰਦਰ ਮੌਹਰ

ਲੋਕ-ਰਵਾਇਤਾਂ ਅਤੇ ਸਨਾਤਨੀ ਗਰੰਥ ਸਤਲੁਜ ਦੇ ਕਦੀਮੀ ਵਹਿਣਾਂ ਬਾਬਤ ਹਵਾਲਿਆਂ ਨਾਲ ਭਰੇ ਪਏ ਹਨ। ਸੰਤ ਵਿਸਾਖਾ ਸਿੰਘ ਦੀ ਤਿੰਨ ਹਿੱਸਿਆਂ ਵਿੱਚ ਛਪੀ ਕਿਤਾਬ ‘ਮਾਲਵਾ ਇਤਿਹਾਸ’ ਇਸ ਰੁਝਾਨ ਦੀ ਮਿਸਾਲੀ ਲਿਖਤ ਹੈ ਜਿਸ ਦੀ ਡੇਢ ਸੌ ਤੋਂ ਵੱਧ ਸਫ਼ਿਆਂ ਦੀ ਭੂਮਿਕਾ ਪੰਡਿਤ ਕਰਤਾਰ ਸਿੰਘ ਦਾਖਾ ਨੇ ਲਿਖੀ ਸੀ। ਪੰਡਿਤ ਦਾਖਾ ਨੇ ਸਨਾਤਨੀ, ਇਤਿਹਾਸਕ, ਬਸਤਾਨੀ ਲਿਖਤਾਂ ਅਤੇ ਥੇਹ-ਖੋਜਾਂ ਤੋਂ ਹਵਾਲੇ ਲਏ ਜਾਣ ਦਾ ਦਾਅਵਾ ਕੀਤਾ ਹੈ।

ਬਸਤਾਨੀ ਖੋਜੀਆਂ ਨੇ ਲੋਕ-ਰਵਾਇਤਾਂ ਨੂੰ ਸਮਕਾਲੀ ਵਹਿਣਾਂ ਨਾਲ ਮਿਲਾ ਕੇ ਕਈ ਅੰਦਾਜ਼ੇ ਪੇਸ਼ ਕੀਤੇ ਸਨ। ਬਹੁਤੇ ਸਮਕਾਲੀ ਵਹਿਣਾਂ ਨੂੰ ਉਨ੍ਹਾਂ ਨੇ ਨੈਵਾਲਾਂ ਅਤੇ ਨਾਲੀਆਂ ਕਿਹਾ ਸੀ। ਉਨ੍ਹਾਂ ਦਾ ਅੰਦਾਜ਼ਾ ਸੀ ਕਿ ਇਹ ਨਾਲੀਆਂ ਸਤਲੁਜ ਦੇ ਵੱਖਰੇ ਵੱਖਰੇ ਸਮਿਆਂ ਉੱਤੇ ਸਰਗਰਮ ਰਹੇ ਵਹਿਣਾਂ ਦੀਆਂ ਬਚੀਆਂ-ਖੁਚੀਆਂ ਨਿਸ਼ਾਨੀਆਂ ਹਨ। ਖੋਜੀਆਂ ਨੇ ਇਨ੍ਹਾਂ ਨਾਲੀਆਂ ਨੂੰ ਕੁਝ ਖ਼ਾਸ ਨਾਮ ਦਿੱਤੇ ਸਨ ਜਿਵੇਂ ਪੱਛਮੀ ਜਾਂ ਅਬੋਹਰ ਨੈਵਾਲ (ਮਾਛੀਵਾੜਾ-ਅਖਾੜਾ-ਅਬੋਹਰ-ਕੱਲਰ ਖੇੜਾ), ਬਠਿੰਡਾ ਨੈਵਾਲ (ਚਮਕੌਰ-ਕਕਰਾਲਾ-ਦੋਰਾਹਾ-ਅਖਾੜਾ-ਮਹਿਰਾਜ-ਬਠਿੰਡਾ-ਮਲੋਟ), ਡੱਬਵਾਲੀ ਨੈਵਾਲ (ਚਮਕੌਰ-ਖੰਨਾ-ਮਾਲੇਰਕੋਟਲਾ-ਬਰਨਾਲਾ-ਤਪਾ ਮੰਡੀ-ਪਥਰਾਲਾ-ਡੱਬਵਾਲੀ) ਅਤੇ ਪੂਰਬੀ ਨੈਵਾਲ (ਚਮਕੌਰ-ਭੀਖੀ-ਹਨੂੰਮਾਨਗੜ੍ਹ)।

ਹੋਰ ਨਾਲੀਆਂ ਵਿੱਚ ਮਿਰਜ਼ਾ ਕੰਦੀ ਨਹਿਰ (ਰੋਪੜ-ਖੰਟ-ਬਸੀ ਪਠਾਣਾ), ਜੈਂਤੀਆਂ ਦੇਵੀ ਕੀ ਰੌ (ਜੈਂਤੀਆ ਦੇਵੀ-ਖਰੜ-ਨੰਦਪੁਰ ਕਲੌੜ-ਬਸੀ ਪਠਾਣਾ), ਸਰਹਿੰਦ ਨਦੀ (ਬਸੀ ਪਠਾਣਾ-ਸਰਹਿੰਦ-ਭਾਦਸੋਂ-ਸੁਨਾਮ-ਭੀਖੀ-ਹੋਦਲਾ), ਚੋਆ ਨਦੀ (ਰੋਪੜ-ਸਰਹਿੰਦ-ਚਨਾਰਥਲ-ਪਟਿਆਲਾ-ਸਮਾਣਾ-ਪਾਤੜਾਂ-ਮੂਨਕ-ਰਤੀਆ-ਰਾਣੀਆ-ਹਨੂੰਮਾਨਗੜ੍ਹ), ਪਟਿਆਲਵੀ ਨਦੀ (ਪੜ੍ਹਛ-ਮੁਹਾਲੀ-ਲਾਂਡਰਾਂ-ਨੰਦਪੁਰ ਕੇਸ਼ੋ-ਪਟਿਆਲਾ-ਰਤਨਹੇੜੀ) ਅਤੇ ਪੁਰਾਣਾ ਦਰਿਆ ਉਰਫ਼ ਘੱਗਰ ਨਦੀ ਦਾ ਜ਼ਿਕਰ ਮਿਲਦਾ ਹੈ। ਇਹ ਤੋਂ ਬਿਨਾ ਦਰਿਆਇ-ਦੰਦਾ (ਲੁਧਿਆਣਾ-ਧਰਮਕੋਟ-ਮੁੱਦਕੀ-ਫ਼ਰੀਦਕੋਟ-ਮੁਕਤਸਰ-ਨੌਖੇਰੀਆ), ਬੁੱਢਾ ਦਰਿਆ (ਬੇਲਾ-ਚਮਕੌਰ-ਮਾਛੀਵਾੜਾ-ਲੁਧਿਆਣਾ-ਭੂੰਦੜੀ) ਅਤੇ ਸੁੱਕਰ ਨਦੀ (ਤਿਹਾੜਾ-ਧਰਮਕੋਟ-ਖਾਈ (ਫ਼ਿਰੋਜ਼ਪੁਰ)-ਮਮਦੋਟ) ਸਤਲੁਜ ਦੇ ਪੁਰਾਣੇ ਵਹਿਣਾਂ ਦੀਆਂ ਨਿਸ਼ਾਨੀਆਂ ਵਜੋਂ ਦਰਜ ਹਨ। ਉਪਰਲੇ ਤਿੰਨੇ ਵਹਿਣ ਸਤਲੁਜ ਵਿੱਚੋਂ ਨਿਕਲ ਕੇ ਇਸੇ ਵਿੱਚ ਹੀ ਮਿਲ ਜਾਂਦੇ ਸਨ ਪਰ ਬਾਕੀ ਸਾਰੀਆਂ ਨਾਲੀਆਂ ਸਤਲੁਜ ਦੇ ਸਭ ਤੋਂ ਪੁਰਾਣੇ ਮੰਨੇ ਜਾਂਦੇ ਵਹਿਣ ਘੱਗਰ-ਹਾਕੜਾ ਵਿੱਚ ਡਿੱਗਦੀਆਂ ਸਨ।

ਪੰਡਿਤ ਕਰਤਾਰ ਸਿੰਘ ਦਾਖਾ ਨੇ ‘ਮਾਲਵਾ ਇਤਿਹਾਸ’ ਕਿਤਾਬ ਦੀ ਭੂਮਿਕਾ ਵਿੱਚ ਮਾਲਵੇ ਦੀਆਂ ਛੋਟੀਆਂ ਨਦੀਆਂ ਦੀ ਲੰਬੀ ਤਫ਼ਸੀਲ ਦਿੱਤੀ ਹੈ। ਇਨ੍ਹਾਂ ਵਿੱਚੋਂ ਦੋ ਨਦੀਆਂ ਦਾ ਮਲਵਈ ਲੋਕ-ਰਵਾਇਤ ਵਿੱਚ ਖ਼ਾਸ ਜ਼ਿਕਰ ਆਉਂਦਾ ਹੈ। ਇਨ੍ਹਾਂ ਨਦੀਆਂ ਨਾਲ ਸਤਲੁਜ ਦੇ ਕਦੀਮੀ ਵਹਿਣ ਹੋਣ ਦੀਆਂ ਕਥਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਦਾ ਨਾਮ ਕਨਕ ਬਾਹਿਨੀ ਅਤੇ ਭੱਡਲੀ ਸੀ। ਪੰਡਿਤ ਦਾਖਾ ਮੁਤਾਬਿਕ ‘‘ਕਨਕ ਬਾਹਿਨੀ ਰਿਵਾਲਸਰ ਦੇ ਪਹਾੜਾਂ ਵਿੱਚੋਂ ਨਿਕਲ ਕੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਕੋਲ ਪੂਰਬ ਵੱਲ ਭੱਡਲੀ ਨਦੀ ਵਿੱਚ ਮਿਲ ਜਾਂਦੀ ਹੈ। ਇਹਦੀ ਰੇਤ ਵਿੱਚ ਸੋਨੇ ਦੇ ਅਣੂ (ਕਣ) ਚੋਖੇ ਮਿਲੇ ਹੋਏ ਹੁੰਦੇ ਹਨ।’’

ਅੰਬਾਲੇ ਜ਼ਿਲ੍ਹੇ ਦਾ ਗਜ਼ਟੀਅਰ (1883) ਖਰੜ ਤਹਿਸੀਲ ਦੀਆਂ ਕੁਝ ਨਦੀਆਂ ਦੀ ਰੇਤ ਵਿੱਚੋਂ ਸੋਨੇ ਦੇ ਕਣ ਮਿਲਣ ਦਾ ਵੇਰਵਾ ਦਿੰਦਾ ਹੈ। ਨਰੂਚਸ (1875) ਨੇ ਸਤਲੁਜ ਦੀਆਂ ਕੁਝ ਸਹਾਇਕ ਨਦੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਵਿੱਚ ਸੋਨਾ ਮਿਲਦਾ ਸੀ। ਇਸ ਦਾ ਹਵਾਲਾ ਸੱਤਵੀਂ ਸਦੀ ਵਿੱਚ ਪੰਜਾਬ ਆਏ ਚੀਨੀ ਯਾਤਰੀ ਹਿਊਨਸਾਂਗ ਨੇ ਦਿੱਤਾ ਸੀ। ਨਰੂਚਸ ਦਾ ਅੰਦਾਜ਼ਾ ਹੈ ਕਿ ਸੋਨੇ ਦੇ ਕਣ ਉਨ੍ਹਾਂ ਵਹਿਣਾਂ ਵਿੱਚ ਲੱਭਦੇ ਹਨ ਜਿਨ੍ਹਾਂ ਨੂੰ ਫ਼ਿਰੋਜ਼ ਤੁਗਲਕ ਅਤੇ ਮਿਰਜ਼ਾ ਕੰਦੀ ਨੇ ਸਰਹਿੰਦ ਦੇ ਉੱਤਰ-ਪੂਰਬ ਵਿੱਚ ਲਿਆਂਦਾ ਸੀ ਤਾਂ ਕਿ ਉਹ ਸੁੱਕੇ ਵਹਿਣ ਨੂੰ ਵਗਦਾ ਕਰ ਸਕਣ। ਸਤਲੁਜ ਦੀਆਂ ਇਨ੍ਹਾਂ ਸਹਾਇਕ ਨਦੀਆਂ ਵਿੱਚ ਬੁੱਧਕੀ, ਸਰਸਾ, ਸੁਘ ਰਾਉ ਅਤੇ ਸੀਸਵਾਂ ਨਦੀਆਂ ਦਾ ਨਾਮ ਆਉਂਦਾ ਹੈ। ਇਹ ਨਦੀਆਂ ਰੋਪੜ (ਹੁਣ ਰੂਪਨਗਰ) ਦੇ ਨੇੜੇ-ਤੇੜੇ ਸਤਲੁਜ ਵਿੱਚ ਡਿੱਗਦੀਆਂ ਸਨ ਅਤੇ ਸਤਲੁਜ ਦੀ ਖਾੜੀ ਬਣਦੀ ਸੀ। ਇਸ ਖਾੜੀ ਵਿੱਚੋਂ ਸਰਹਿੰਦ ਨਦੀ ਉਰਫ਼ ਮਿਰਜ਼ਾ ਕੰਦੀ ਨਹਿਰ ਅਤੇ ਚੋਆ ਨਦੀ ਨਿਕਲਦੀਆਂ ਸਨ। ਇਹ ਨਦੀਆਂ ਕਨਕ ਬਾਹਿਨੀ ਅਤੇ ਭੱਡਲੀ ਦੇ ਨਾਮ ਨਾਲ ਲੋਕ-ਰਵਾਇਤਾਂ ਵਿੱਚ ਦਰਜ ਹੋਈਆਂ ਹਨ।

ਦੂਜੀ ਨਦੀ ਭੱਡਲੀ ਬਾਬਤ ਪੰਡਿਤ ਦਾਖਾ ਨੇ ਲਿਖਿਆ ਹੈ, ‘‘ਇਹ ਕਨਕ ਬਾਹਿਨੀ ਨੂੰ ਨਾਲ ਲੈ ਕੇ ਰੋਪੜ ਅਤੇ ਚਮਕੌਰ ਸਾਹਿਬ ਤੋਂ ਹੇਠ ਪੂਰਬ ਵੱਲ ਦੋਰਾਹੇ, ਪੰਜਗਰਾਈਆਂ, ਭੱਦਰਵੱਢ ਅਤੇ ਠੀਕਰੀਵਾਲੇ ਹੁੰਦੀ ਹੋਈ ਦਮਦਮਾ ਸਾਹਿਬ (ਤਲਵੰਡੀ ਸਾਬੋ) ਕੋਲ ਦੀ ਪੱਕੇ ਪਥਰਾਲੇ ਵੱਲ ਨੂੰ ਜਾ ਕੇ ਜ਼ਿਲ੍ਹਾ ਹਿਸਾਰ ਦੇ ਟਿੱਬਿਆਂ ਵਿੱਚ ਗਰਾਗਾਪ ਹੋ ਜਾਂਦੀ ਹੈ।’’ ਮਾਲਵੇ ਦੀਆਂ ਲੋਕ-ਰਵਾਇਤਾਂ ਦੀ ਸਭ ਤੋਂ ਮਸ਼ਹੂਰ ਨਦੀ ਦਾ ਨਾਮ ਭੱਡਲੀ ਹੈ। ਸਰਹਿੰਦ ਕੋਲ ਵਹਿੰਦੀ ਭੱਡਲੀ ਨਦੀ ਨੂੰ ਮੱਧਕਾਲ ਵਿੱਚ ਹੰਸਲਾ ਜਾਂ ਹੰਸਾਲਾ ਨਦੀ ਕਿਹਾ ਗਿਆ ਹੈ। 19ਵੀਂ ਸਦੀ ਦਾ ਨਕਸ਼ਾ ਇਹਦੀ ਗਵਾਹੀ ਭਰਦਾ ਹੈ। ਨਦੀ ਦੇ ਨਾਮ ਨਾਲ ਸਬੰਧਿਤ ਹੰਸਾਲਾ ਅਤੇ ਹੰਸਾਲੀ ਨਾਮ ਦੇ ਪਿੰਡ ਸਰਹਿੰਦ ਕੋਲ ਮੌਜੂਦ ਹਨ। 1704 ਈਸਵੀ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਹੰਸਲਾ ਨਦੀ ਦੇ ਕੰਢੇ ਠੰਢੇ ਬੁਰਜ ਵਿੱਚ ਕੈਦ ਕੀਤੇ ਜਾਣ ਦੀ ਕਥਾ ਸੁਣਨ ਨੂੰ ਮਿਲਦੀ ਹੈ। ਇਸ ਨਦੀ ਉਪਰ ਬਣਿਆ ਮੁਗ਼ਲ ਕਾਲ ਦਾ ਪੁਲ ਅਜੇ ਵੀ ਫ਼ਤਹਿਗੜ੍ਹ ਸਾਹਿਬ ਗੁਰਦੁਆਰੇ ਦੇ ਕੋਲ ਮੌਜੂਦ ਹੈ। ਅਕਬਰ ਦੇ ਸਮਕਾਲੀ ਨਾਸਿਰ ਅਲੀ ਸਰਹਿੰਦੀ ਨੇ ਹੰਸਲਾ ਨਦੀ ਬਾਬਤ ਲਿਖਿਆ ਸੀ, “ਹੰਸਲਾ ਨਦੀ ਦੇ ਕੰਢੇ ਸਰਹਿੰਦ ਤਿੰਨ ਕੋਹ ਤੱਕ ਵਸਿਆ ਹੋਇਆ ਹੈ। ਦਰਿਆ ਦੇ ਕਿਨਾਰੇ ਬਣਿਆ ਕਿਲ੍ਹਾ ਸ਼ਹਿਰ ਦੇ ਐਨ ਵਿਚਕਾਰ ਹੈ।’’ ਡਾਕਟਰ ਕੈਪਰਟ ਦੇ 1853 ਈਸਵੀ ਵਿੱਚ ਬਣਾਏ ਗਏ ਨਕਸ਼ੇ ਵਿੱਚ ਇਸ ਨਦੀ ਨੂੰ ਇੰਦਰਾਵਤੀ ਕਿਹਾ ਗਿਆ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਿਕ, “ਭੱਟਲੀ (ਭੱਡਲੀ) ਭਟਿੰਡੇ (ਬਠਿੰਡੇ) ਦੇ ਨੇੜੇ ਵਹਿਣ ਵਾਲੀ ਪੁਰਾਣੀ ਨਦੀ ਜੋ ਹੁਣ ਨਹੀਂ ਹੈ। ‘ਚਲਤ ਹੁਈ ਦਵੈ ਨਦੀ ਤਬ ਭਟਲੀ ਸੁਭ ਚਿਤਰਾ’ (ਗੁਰਪ੍ਰਤਾਪ ਸੂਰਜ)।’’

ਐਨਾ ਬਿਗਲੋ ਦੀ ਕਿਤਾਬ ਅਤੇ ਮਾਲੇਰਕੋਟਲਾ ਰਿਆਸਤ ਦਾ ਇਤਿਹਾਸ ਹੈਦਰ ਸ਼ੇਖ਼ ਅਤੇ ਬਹਿਲੋਲ ਲੋਧੀ ਦੀ ਮਿਲਣੀ ਭੂਮਸੀ ਨਦੀ ਦੇ ਕੰਢੇ ਹੋਈ ਦੱਸਦਾ ਹੈ। ਕਿਤਾਬ ਮੁਤਾਬਿਕ ਭੂਮਸੀ ਸਤਲੁਜ ਦਾ ਵਹਿਣ (ਟਿਰਬਿਊਟਰੀ) ਸੀ। ਇਹ ਵਹਿਣ ਮਾਲੇਰਕੋਟਲਾ ਸ਼ਹਿਰ ਦੇ ਵਿਚਕਾਰੋਂ ਲੰਘਦਾ ਸੀ। ਮਾਲੇਰਕੋਟਲੇ ਕੋਲ ਭੂਮਸੀ ਨਾਮ ਦਾ ਪਿੰਡ ਮੌਜੂਦ ਹੈ। ਪੰਡਿਤ ਦਾਖਾ ਨੇ ਭੱਡਲੀ ਨਦੀ ਦਾ ਵਹਿਣ ਮਾਲੇਰਕੋਟਲੇ ਦੇ ਕੋਲ ਬਿਆਨਿਆ ਹੈ। ਭੱਡਲੀ ਅਤੇ ਭੂਮਸੀ ਇੱਕੋ ਨਾਮ ਦੀਆਂ ਨਦੀਆਂ ਹੋ ਸਕਦੀਆਂ ਹਨ। ਨਦੀਆਂ ਦੇ ਨਾਮ ਹਰ ਇਲਾਕੇ ਦੇ ਹਿਸਾਬ ਨਾਲ ਵੱਖਰੇ ਵੱਖਰੇ ਹੋ ਜਾਂਦੇ ਸਨ।

ਬਰਨਾਲੇ ਨੇੜੇ ਖੁੱਡੀ ਖੁਰਦ, ਜੋਧਪੁਰ, ਘੁੰਨਸ ਅਤੇ ਨੇੜਲੇ ਪਿੰਡਾਂ ਨੂੰ ਭੱਡਲੀ ਦਾ ਇਲਾਕਾ ਕਿਹਾ ਜਾਂਦਾ ਹੈ। ਜਿੱਥੋਂ ਅੱਜ ਵੀ ਲਸਾੜਾ ਚੋਅ (ਭੱਡਲੀ ਨਦੀ ਦੀ ਨਿਸ਼ਾਨੀ) ਨਿਕਲਦਾ ਹੈ। ਇਨ੍ਹਾਂ ਪਿੰਡਾਂ ਦੇ ਖੇਤਾਂ ਨੂੰ ਭੱਡਲੀ ਵਾਲੇ ਖੇਤ ਕਿਹਾ ਜਾਂਦਾ ਹੈ। ਰਾਮ ਸਰੂਪ ਅਣਖੀ ਨੇ ਕਿਤਾਬ ‘ਹੱਡੀਂ ਬੈਠੇ ਪਿੰਡ’ ਵਿੱਚ ਭੱਡਲੀ ਨਦੀ ਬਾਬਤ ਤਿੰਨ ਲੋਕ ਰਵਾਇਤਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਮੁਤਾਬਿਕ ਭੱਡਲੀ ਨਦੀ ਦਾ ਵਹਿਣ ਪੁਰਾਣੇ ਸਤਲੁਜ ਦਾ ਵਹਿਣ ਸੀ। ਇਹ ਦਰਿਆ ਬਠਿੰਡੇ ਦੇ ਕੋਲੋਂ ਲੰਘਦਾ ਸੀ। ਘੁੰਨਸ ਕੋਲ ਭੱਡਲੀ ਨਦੀ ਵਗਦੀ ਸੀ ਜਿੱਥੇ ਰਿਸ਼ੀ ਮਾਰਕੰਡੇ ਨੇ ਤਪ ਕੀਤਾ ਸੀ। ਨੇੜਲੇ ਪਿੰਡ ਢਿੱਲਵਾਂ ਵਿੱਚ ਗੁਰੂ ਤੇਗ ਬਹਾਦਰ ਆਏ ਅਤੇ ਹਰ ਰੋਜ਼ ਘੁੰਨਸ ਨੇੜੇ ਭੱਡਲੀ ਨਦੀ ਵਿੱਚ ਇਸ਼ਨਾਨ ਲਈ ਜਾਂਦੇ ਸਨ।

ਗਿਆਨੀ ਗੁਰਦਿੱਤ ਸਿੰਘ ਨੇ ਕਿਤਾਬ ‘ਮੇਰਾ ਪਿੰਡ’ (1961) ਵਿੱਚ ਭੱਡਲੀ ਨਦੀ ਦਾ ਵਹਿਣ ਸਾਡੇ ਚੇਤਿਆਂ ਵਿੱਚ ਸਾਕਾਰ ਕੀਤਾ ਹੈ, ‘‘ਮੇਰੇ ਪਿੰਡ ਮਿੱਠੇਵਾਲ, ਟਿੱਬੇ ਅਤੇ ਗੰਡਾ ਸਿੰਘ ਵਾਲੇ ਦੇ ਵਿਚਕਾਰ ਸੁੱਕੀ ਹੋਈ ਨਦੀ ਭੱਡਲੀ ਦਾ ਵਹਿਣ ਹੈ। ਇਹ ਨਦੀ ਪੁਰਾਣੇ ਜ਼ਮਾਨੇ ਵਿੱਚ ਬਠਿੰਡੇ ਕੋਲ ਦੀ ਲੰਘਦੀ ਸਤਲੁਜ ਵਿੱਚ ਮਿਲਿਆ ਕਰਦੀ ਸੀ (ਸਤਲੁਜ ਦੇ ਸਭ ਤੋਂ ਪੁਰਾਣੇ ਵਹਿਣ ਹਾਕੜਾ ਵਿੱਚ ਮਿਲਦੀ ਸੀ)। ਕਿਸੇ ਸਮੇਂ ਇਹਦੇ ਕੰਢੇ ਬਠਿੰਡੇ ਦਾ ਕਿਲ੍ਹਾ ਬਣਾਇਆ ਗਿਆ ਸੀ। ਹੁਣ ਜਦੋਂ ਮੀਂਹਾਂ ਦੇ ਹੜ੍ਹਾਂ ਨੇ ਸੂਏ-ਕੱਸੀਆਂ ਅਤੇ ਰਾਹ ਵਿੱਚ ਆਉਂਦੀਆਂ ਕੱਚੀਆਂ-ਪੱਕੀਆਂ ਸੜਕਾਂ ਤੋੜ ਕੇ ਆਪਣਾ ਪੁਰਾਣਾ ਵਹਿਣ ਸਾਕਾਰ ਕੀਤਾ ਤਾਂ ਉਦੋਂ ਇਹ ਨਦੀ ਵੀ ਸਦੀਆਂ ਪਿੱਛੋਂ ਲਹਿਰੇ ਮਾਰਨ ਲੱਗ ਪਈ।’’

ਲੋਕ-ਰਵਾਇਤਾਂ ਦੀ ਨੁਮਾਇੰਦਗੀ ਕਰਦੀ ਬਲਵੰਤ ਸਿੰਘ ਦੀ 1956 ਦੀ ਕਿਤਾਬ ਦੱਸਦੀ ਹੈ ਕਿ ਭੱਦਰ ਸੇਨ ਨੇ ਸਤਲੁਜ ਦੀ ਧਾਰਾ ਭੱਡਲੀ ਨਦੀ ਦੇ ਕੰਢੇ ਭੱਦਰ (ਭਦੌੜ) ਸ਼ਹਿਰ ਆਬਾਦ ਕੀਤਾ। ਰਾਇ ਭੱਟੀ ਨੇ ਸਤਲੁਜ ਦੀ ਧਾਰਾ ਭੱਡਲੀ ਦੇ ਕੰਢੇ ਭਟਿੰਡਾ (ਬਠਿੰਡਾ) ਅਤੇ ਭਟਨੇਰ (ਹਨੂੰਮਾਨਗੜ੍ਹ) ਸ਼ਹਿਰ ਆਬਾਦ ਕੀਤੇ। ਇਸੇ ਕਿਤਾਬ ਮੁਤਾਬਿਕ ਰਾਇ ਮੰਗਲ ਭੱਟੀ ਨੇ ਭੱਡਲੀ ਨਦੀ ਦੇ ਕੰਢੇ ਮੰਗਲੋਟ ਜਾਂ ਮਲਟ ਨਗਰ (ਮੌਜੂਦਾ ਮਲੋਟ) ਆਬਾਦ ਕੀਤਾ।

ਇਨ੍ਹਾਂ ਕਿਤਾਬਾਂ ਦੀ ਇਤਿਹਾਸਕ ਪੜਚੋਲ ਅਜੇ ਬਾਕੀ ਹੈ ਪਰ ਇਨ੍ਹਾਂ ਵਿੱਚ ਦਰਜ ਪਿੰਡ-ਸ਼ਹਿਰ ਅਤੇ ਵਹਿਣ, ਤੱਥਾਂ ਮੁਤਾਬਿਕ ਸਹੀ ਬੈਠਦੇ ਹਨ। ਜੇ ਬਠਿੰਡਾ, ਭਟਨੇਰ (ਹਨੂੰਮਾਨਗੜ੍ਹ), ਮਲੋਟ ਅਤੇ ਭਦੌੜ ਸ਼ਹਿਰਾਂ ਨੇੜਲੇ ਵਹਿਣਾਂ ਨੂੰ ਪੜਤਾਲੀਏ ਤਾਂ ਪਤਾ ਲੱਗਦਾ ਹੈ ਕਿ ਇਹ ਸਾਰੇ ਸ਼ਹਿਰ ਬਠਿੰਡਾ ਨੈਵਾਲ, ਡੱਬਵਾਲੀ ਨੈਵਾਲ ਅਤੇ ਪੂਰਬੀ ਨੈਵਾਲ ਦੇ ਨੇੜੇ ਵਸੇ ਹੋਏ ਹਨ। ਇਹ ਸਾਰੇ ਵਹਿਣ ਭੱਡਲੀ ਨਦੀ ਨਾਲ ਜੁੜੇ ਹੋਏ ਹਨ।

ਡੱਬਵਾਲੀ ਨੈਵਾਲ ਅਤੇ ਭੱਡਲੀ ਨਦੀ ਦੀ ਨਿਸ਼ਾਨਦੇਹੀ ਮੌਜੂਦਾ ‘ਲਸਾੜਾ ਚੋਅ’ ਦੇ ਬਹੁਤ ਨੇੜੇ ਹੈ ਜੋ ਜਰਗੜੀ-ਲਸਾੜਾ-ਮਾਲੇਰਕੋਟਲਾ-ਭੱਦਰਵੱਢ-ਠੀਕਰੀਵਾਲਾ-ਖੁੱਡੀ ਖੁਰਦ-ਜੋਧਪੁਰ-ਤਪਾ ਮੰਡੀ-ਮੰਡੀ ਕਲਾਂ-ਤਲਵੰਡੀ ਸਾਬੋ ਅਤੇ ਬਠਿੰਡੇ ਦੇ ਵਿਚਕਾਰੋਂ-ਪਥਰਾਲਾ-ਡੱਬਵਾਲੀ ਤੱਕ ਅੱਜ ਵੀ ਵਹਿੰਦਾ ਹੈ। ਰੋਪੜ-ਚਮਕੌਰ-ਕਕਰਾਲਾ-ਦਹਿੜੂ (ਖੰਨਾ) ਤੋਂ ਲਸਾੜਾ (ਮਾਲੇਰਕੋਟਲਾ) ਵੱਲ ਆਉਂਦਾ ਵਹਿਣ ਗਾਇਬ ਹੋ ਚੁੱਕਿਆ ਹੈ। 1883-84 ਦੇ ਸਿੰਜਾਈ ਮਹਿਕਮੇ ਦੇ ਨਕਸ਼ੇ ਵਿੱਚ ਇਹ ਖੰਨਾ ਨੇੜੇ ਦਹਿੜੂ ਤੱਕ ਸਾਫ਼ ਦਿਸਦਾ ਸੀ। ਜਰਗੜੀ ਵਾਲੀ ਨਹਿਰ ਨੇ ਇਹਨੂੰ ਵਿਚਕਾਰੋਂ ਕੱਟ ਦਿੱਤਾ ਹੈ। ਜਰਗੜੀ ਤੋਂ ਡੱਬਵਾਲੀ ਤੱਕ ਇਹ ਲਸਾੜਾ ਚੋਅ ਦੇ ਰੂਪ ਵਿੱਚ ਬਾਕੀ ਹੈ।

ਲੋਕ-ਰਵਾਇਤਾਂ ਵਹਿਣਾਂ ਦੇ ਕੰਢੇ ਲੋਕਾਂ ਦੇ ਵਸੇਬ ਅਤੇ ਹਿਜਰਤ ਬਾਬਤ ਕੁਝ ਇਸ਼ਾਰੇ ਦਿੰਦੀਆਂ ਹਨ। ਪੰਡਿਤ ਦਾਖਾ ਮੁਤਾਬਿਕ, ‘‘ਸਾਲਬਾਹਨ ਦੇ ਪੁੱਤ ਸਾਇਰ ਰਾਉ ਨੇ ਪੰਜਵੀਂ ਸਦੀ ਵਿੱਚ ਸਰਹਿੰਦ ਵਸਾ ਕੇ ਆਪਣੀ ਰਾਜਧਾਨੀ ਬਣਾਈ। ਸਰਾਉ ਗੋਤ ਦੇ ਜੱਟ ਇਸੇ ਦੀ ਸੰਤਾਨ ਹਨ ਜੋ ‘ਨਾਲੀ’ ਦੇ ਕੰਢੇ ਬਹੁਤ ਹਨ।’’ ਇਸ ਖੋਜ ਉੱਤੇ ਸਵਾਲੀਆ ਨਿਸ਼ਾਨ ਹੋ ਸਕਦਾ ਹੈ ਪਰ ‘ਨਾਲੀ’ ਦੇ ਕੰਢੇ ਸਰਾਉ ਜੱਟਾਂ ਦਾ ਵਸੇਬ ਹੋਣਾ ਤੱਥ ਪੱਖੋਂ ਸਹੀ ਹੈ। ਦੱਖਣੀ ਪੰਜਾਬ ਜਾਂ ਪੁਰਾਣੇ ਭੱਟੀ ਮੁਲਕ ਵਿੱਚ ਵਹਿਣ ਨੂੰ ਨਾਲੀ ਕਿਹਾ ਜਾਂਦਾ ਹੈ। ਪੰਡਿਤ ਦਾਖਾ ਨੇ ‘ਨਾਲੀ’ ਭੱਡਲੀ ਨਦੀ ਨੂੰ ਕਿਹਾ ਹੋਵੇਗਾ ਜੋ ਅੱਜਕੱਲ੍ਹ ਲਸਾੜਾ ਚੋਅ ਦੇ ਰੂਪ ਵਿੱਚ ਮੌਜੂਦ ਹੈ। ਲਸਾੜਾ ਚੋਅ ਪੱਕੇ-ਪਥਰਾਲੇ ਕੋਲ ਜਾ ਪਹੁੰਚਦਾ ਹੈ। ਇਨ੍ਹਾਂ ਪਿੰਡਾਂ ਵਿੱਚ ਸਰਾਉ ਗੋਤ ਦੇ ਲੋਕ ਰਹਿੰਦੇ ਸਨ। ਇਹ ਲੋਕ ਪੱਕੇ-ਪਥਰਾਲੇ ਤੋਂ ਨਿਕਲ ਕੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਫੈਲੇ। ਕੁਝ ਖਮਾਣੋ ਨੇੜਲੇ ਪਿੰਡ ਚੜ੍ਹੀ ਵਿੱਚ ਵਸੇ ਹੋਏ ਹਨ ਜੋ ਆਪਣਾ ਪਿਛੋਕੜ ਪੱਕੇ-ਪਥਰਾਲੇ ਨਾਲ ਜੋੜਦੇ ਹਨ। ਚੜ੍ਹੀ ਪਿੰਡ ਦੇ ਨੇੜਿਉਂ ਕਦੀਮੀ ਵਹਿਣ (ਡੱਬਵਾਲੀ ਨੈਵਾਲ ਜਾਂ ਭੱਡਲੀ) ਵਾਇਆ ਦਹਿੜੂ ਹੋ ਕੇ ਪੱਕੇ-ਪਥਰਾਲੇ ਪਹੁੰਚਦਾ ਸੀ।