‘ਹਿੰਦੂ ਰਾਸ਼ਟਰ’ ਦੀ ਗੱਲ ਹੋਣ ’ਤੇ ਹੀ ਖਾਲਿਸਤਾਨ ਦੀ ਮੰਗ ਉੱਠੀ: ਗਹਿਲੋਤ

‘ਹਿੰਦੂ ਰਾਸ਼ਟਰ’ ਦੀ ਗੱਲ ਹੋਣ ’ਤੇ ਹੀ ਖਾਲਿਸਤਾਨ ਦੀ ਮੰਗ ਉੱਠੀ: ਗਹਿਲੋਤ

ਭਰਤਪੁਰ (ਰਾਜਸਥਾਨ) – ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਤੇ ਆਰਐਸਐਸ ਵੱਲੋਂ ‘ਹਿੰਦੂ ਰਾਸ਼ਟਰ’ ਦੀ ਲਗਾਤਾਰ ਗੱਲ ਕੀਤੇ ਜਾਣ ਕਾਰਨ ਹੀ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦਾ ਮੁੱਦਾ ਚੁੱਕਣ ਦੀ ਹਿੰਮਤ ਕੀਤੀ ਹੈ। ਗਹਿਲੋਤ ਨੇ ਡਿਵੀਜ਼ਨ ਪੱਧਰ ’ਤੇ ਵਰਕਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘ਪੰਜਾਬ ਵਿੱਚ ਨਵਾਂ ਨਾਮ ਉੱਭਰਿਆ ਹੈ ਅੰਮ੍ਰਿਤਪਾਲ। ਉਹ ਕਹਿੰਦਾ ਹੈ ਕਿ ਜੇ ਮੋਹਨ ਭਾਗਵਤ ਅਤੇ ਨਰਿੰਦਰ ਮੋਦੀ ‘ਹਿੰਦੂ ਰਾਸ਼ਟਰ’ ਬਾਰੇ ਗੱਲ ਕਰ ਸਕਦੇ ਹਨ ਤਾਂ ਕੀ ਉਸ ਨੂੰ ਖਾਲਿਸਤਾਨ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਹੈ? ਉਸ ਨੇ ਇਹ ਗੱਲ ਕਹਿਣ ਦਾ ਸਾਹਸ ਇਸ ਲਈ ਕੀਤਾ ਕਿਉਂਕਿ ਤੁਸੀਂ ਹਿੰਦੂ ਰਾਸ਼ਟਰ ਬਾਰੇ ਗੱਲ ਕਰਦੇ ਹੋ। ਗਹਿਲੋਤ ਨੇ ਕਿਹਾ,‘ਅੱਗ ਲਾਉਣੀ ਸੌਖੀ ਹੁੰਦੀ ਹੈ ਪਰ ਇਸ ਨੂੰ ਬੁਝਣ ’ਚ ਸਮਾਂ ਲੱਗਦਾ ਹੈ। ਇਹ ਦੇਸ਼ ਵਿੱਚ ਪਹਿਲੀ ਦਫ਼ਾ ਨਹੀਂ ਹੋ ਰਿਹਾ ਹੈ। ਇਸੇ ਕਰਕੇ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ। ਉਨ੍ਹਾਂ ਨੇ ਖਾਲਿਸਤਾਨ ਦੀ ਮੰਗ ਉੱਠਣ ਨਹੀਂ ਦਿੱਤੀ ਸੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਦੇਸ਼ ਵਿੱਚ ਧਰਮ ਦੇ ਆਧਾਰ ’ਤੇ ਸਿਆਸਤ ਹੋ ਰਹੀ ਹੈ। ਉਨ੍ਹਾਂ ਕਿਹਾ,‘ਜੇ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਇਕਜੁੱਟ ਹੋ ਜਾਣ ਤਾਂ ਹੀ ਦੇਸ਼ ਵਿੱਚ ਏਕਾ ਕਾਇਮ ਰਹਿ ਸਕਦਾ ਹੈ।