ਰਾਹੁਲ ਦੀ ਮੈਂਬਰਸ਼ਿਪ ਰੱਦ ਕਰਨਾ ਕੇਂਦਰ ਦੀ ਬੁਖਲਾਹਟ: ਹਰੀਸ਼ ਚੌਧਰੀ

ਰਾਹੁਲ ਦੀ ਮੈਂਬਰਸ਼ਿਪ ਰੱਦ ਕਰਨਾ ਕੇਂਦਰ ਦੀ ਬੁਖਲਾਹਟ: ਹਰੀਸ਼ ਚੌਧਰੀ

ਬਠਿੰਡਾ-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਮਗਰੋਂ ਕਾਂਗਰਸ ਪਾਰਟੀ ਵਿੱਚ ਕੇਂਦਰ ਖ਼ਿਲਾਫ਼ ਗੁੱਸਾ ਹੈ। ਬਠਿੰਡਾ ਵਿੱਚ ਅੱਜ ‘ਸੰਵਿਧਾਨ ਬਚਾਓ’ ਬੈਨਰ ਹੇਠ 8 ਜ਼ਿਲ੍ਹਿਆਂ ਦੇ ਕਾਂਗਰਸੀ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਇਸ ਮੁਹਿੰਮ ਨੂੰ ਸਫ਼ਲਤਾ ਨਾਲ ਨੇਪਰੇ ਚੜ੍ਹਾਉਣ ਲਈ ਰਣਨੀਤੀ ਬਣਾਉਣ ਬਾਰੇ ਵਿਚਾਰ-ਚਰਚਾ ਕੀਤੀ ਗਈ।

ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਭਾਰਤ ਭੂਸ਼ਣ ਆਸ਼ੂ, ਕੈਪਟਨ ਸੰਦੀਪ ਸਿੰਘ ਸੰਧੂ ਤੇ ਹੋਰ ਆਗੂ ਹਾਜ਼ਰ ਸ਼ਾਮਲ ਹੋਏ। ਇਸ ਮੌਕੇ ਹਰੀਸ਼ ਚੌਧਰੀ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨਾ ਕਾਂਗਰਸ ਦੀ ਮਜ਼ਬੂਤੀ ਤੋਂ ਉਪਜੀ ਬੁਖ਼ਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ’ਚ ਹਾਰ ਮੰਨ ਚੁੱਕੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਭਗਵੰਤ ਮਾਨ ’ਤੇ ਤਨਜ਼ ਕੱਸਿਆ ਕਿ ਨਵੀਂ ਲੋਕ ਸਭਾ ਇਮਾਰਤ ਤਾਂ ਹੀ ਸੋਹਣੀ ਲੱਗੇਗੀ, ਜੇਕਰ ਉਸ ਵਿੱਚ ਹਰ ਲੋਕ ਸਭਾ ਮੈਂਬਰ ਨੂੰ ਬੋਲਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣੀ ਹੀ ਹੈ ਤਾਂ ਨਵੀਂ ਲੋਕ ਸਭਾ ਦਾ ਵੀ ਕੋਈ ਲਾਭ ਨਹੀਂ।

ਸ੍ਰੀ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਨਾਲ ਹੋਈ ਬੇਇਨਸਾਫ਼ੀ ਖ਼ਿਲਾਫ਼ ਹਰ ਸੰਘਰਸ਼ ਕਰਨ ਲਈ ਤਿਆਰ ਹੈ ਤੇ ਇਸ ਸਬੰਧੀ 8 ਅਪਰੈਲ ਤੱਕ ਹਰ ਹਲਕੇ ਵਿੱਚ ਪੈਦਲ ਯਾਤਰਾ ਕਰਕੇ ਰੋਸ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਖੁਲਾਸਾ ਕੀਤਾ ਕਿ ਜਲੰਧਰ ਲੋਕ ਸਭਾ ਚੋਣ ਮਗਰੋਂ ਖਾਲੀ ਹਲਕਿਆਂ ਦੇ ਇੰਚਾਰਜ ਵੀ ਛੇਤੀ ਹੀ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਖਰਾਬ ਹੋਈਆਂ ਫ਼ਸਲਾਂ ਲਈ ਸਰਕਾਰ ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਤੇ ਘਰਾਂ ਲਈ 1 ਲੱਖ 20 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਵਕਾਲਤ ਕੀਤੀ।