ਐਮਰਜੈਂਸੀ ਦੌਰਾਨ ‘ਜਮਹੂਰੀਅਤ ਦਾ ਕਤਲ’ ਹੋਇਆ ਸੀ: ਰਿਜਿਜੂ

ਐਮਰਜੈਂਸੀ ਦੌਰਾਨ ‘ਜਮਹੂਰੀਅਤ ਦਾ ਕਤਲ’ ਹੋਇਆ ਸੀ: ਰਿਜਿਜੂ

ਸਾਨੂੰ ਬਾਹਰੋਂ ਤਸਦੀਕ ਦੀ ਲੋੜ ਨਹੀਂ, ਸਾਡੀ ਲੜਾਈ ਸਾਡੀ ਆਪਣੀ ਹੈ: ਸਿੱਬਲ
ਨਵੀਂ ਦਿੱਲੀ- ਕਾਨੂੰਨ ਮੰਤਰੀ ਤੇ ਭਾਜਪਾ ਆਗੂ ਕਿਰਨ ਰਿਜਿਜੂ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਦਿਗਵਿਜੈ ਸਿੰਘ ’ਤੇ ਅੱਜ ਸੱਜਰਾ ਹੱਲਾ ਬੋਲਦੇ ਹੋਏ ਐਮਰਜੈਂਸੀ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਨੇ 1975 ਵਿੱਚ ਭਾਰਤੀ ਜਮਹੂਰੀਅਤ ਦਾ ‘ਸੱਚਮੁੱਚ ਕਤਲ’ ਕੀਤਾ ਸੀ। ਮੰਤਰੀ ਨੇ ਕਿਹਾ ਕਿ ਉਦੋਂ ਕਿਸੇ ਨੇ ਵੀ ਚੀਕ ਚਿਹਾੜਾ ਪਾ ਕੇ ਵਿਦੇਸ਼ ਤਾਕਤਾਂ ਦੇ ਦਖ਼ਲ ਦੀ ਮੰਗ ਨਹੀਂ ਕੀਤੀ ਸੀ। ਰਿਜਿਜੂ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤੀ ਉਦੋਂ ਲੜੇ ਤੇ ਜਮਹੂਰੀਅਤ ਨੂੰ ਬਹਾਲ ਕੀਤਾ, ਕਿਉਂਕਿ ਜਮਹੂਰੀਅਤ ਭਾਰਤੀ ਲੋਕਾਂ ਦੇ ਦਿਮਾਗ ਤੇ ਰੂਹ ਵਿੱਚ ਵਸਦੀ ਹੈ। ਉਧਰ ਰਾਜ ਸਭਾ ਮੈਂਬਰ ਤੇ ਉੱਘੇ ਵਕੀਲ ਕਪਿਲ ਸਿੱਬਲ, ਜਿਨ੍ਹਾਂ ਪਿਛਲੇ ਸਾਲ ਕਾਂਗਰਸ ਨੂੰ ਅਲਵਿਦਾ ਆਖ ਦਿੱਤੀ ਸੀ, ਨੇ ਕਿਹਾ, ‘‘ਸਾਨੂੰ ਵਿਦੇਸ਼ ਤੋਂ ਕਿਸੇ ਤਸਦੀਕ ਭਾਵ ਸਮਰਥਨ ਦੀ ਲੋੜ ਨਹੀਂ ਹੈ’ ਕਿਉਂਕਿ ‘ਸਾਡੀ ਲੜਾਈ ਸਾਡੀ ਆਪਣੀ ਹੈ।’ ਉਨ੍ਹਾਂ ਜ਼ੋਰ ਕੇ ਕਿਹਾ ਕਿ ‘ਸਾਨੂੰ ਅੱਗੇ ਵਧਣ ਲਈ ਸਹਾਰੇ ਦੀ ਲੋੜ ਨਹੀਂ ਹੈ।’’ ਚੇਤੇ ਰਹੇ ਕਿ ਕਈ ਭਾਜਪਾ ਆਗੂਆਂ ਨੇ ਲੰਘੇ ਦਿਨ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਵੱਲੋਂ ਜਰਮਨੀ ਦੇ ਵਿਦੇਸ਼ ਮੰਤਰਾਲੇ ਤੇ ਡੋਇਸ਼ੇ ਵੈਲੇ ਦੇ ਮੁੱਖ ਕੌਮਾਂਤਰੀ ਸੰਪਾਦਕ ਰਿਚਰਡ ਵਾਕਰ ਦੇ ਕੀਤੇ ਧੰਨਵਾਦ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਸੀ। ਰਿਜਿਜੂ ਨੇ ਲੰਘੇ ਦਿਨ ਰਾਹੁਲ ਗਾਂਧੀ ਨੂੰ ਘੇਰਦਿਆਂ ਕਿਹਾ ਸੀ, ‘‘ਯਾਦ ਰੱਖਣਾ ਭਾਰਤੀ ਨਿਆਂਪਾਲਿਕਾ ਨੂੰ ਵਿਦੇਸ਼ੀ ਦਖ਼ਲ ਨਾਲ ਅਸਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਰਤ ‘ਵਿਦੇਸ਼ੀ ਅਸਰ’ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਨ।’’