ਰੂਸ ਨੇ ਭਾਰਤ ਨੂੰ ਵਿਦੇਸ਼ ਨੀਤੀ ਵਿੱਚ ਵਿਸ਼ੇਸ਼ ਅਹਿਮੀਅਤ ਦਿੱਤੀ

ਰੂਸ ਨੇ ਭਾਰਤ ਨੂੰ ਵਿਦੇਸ਼ ਨੀਤੀ ਵਿੱਚ ਵਿਸ਼ੇਸ਼ ਅਹਿਮੀਅਤ ਦਿੱਤੀ

ਨਵੀਂ ਦਿੱਲੀ,- ਰੂਸ ਨੇ ਅੱਜ ਭਾਰਤ ਤੇ ਚੀਨ ਨੂੰ ‘ਪ੍ਰਭੂਸੱਤਾ ਸੰਪੰਨ ਆਲਮੀ ਤਾਕਤ ਦੇ ਕੇਂਦਰ ਮਿੱਤਰ ਮੁਲਕ’ ਕਰਾਰ ਦਿੱਤਾ। ਉਨ੍ਹਾਂ ਦੋਵਾਂ ਮੁਲਕਾਂ ਨਾਲ ਰਿਸ਼ਤੇ ਗਹਿਰੇ ਕਰਨ ਅਤੇ ਤਾਲਮੇਲ ਵਧਾਉਣ ਨੂੰ ਵਿਸ਼ੇਸ਼ ਅਹਿਮੀਅਤ ਦੇਣ ਦਾ ਅਹਿਦ ਵੀ ਕੀਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਮਨਜ਼ੂਰ ਆਪਣੀ ਨਵੀਂ ਵਿਦੇਸ਼ ਨੀਤੀ ਦਾ ਖੁਲਾਸਾ ਕਰਦਿਆਂ ਮਾਸਕੋ ਨੇ ਜ਼ੋਰ ਦਿੱਤਾ ਹੈ ਕਿ ਦੂਜੇ ਮੁਲਕਾਂ ਤੇ ਬਹੁਪਰਤੀ ਇਕਾਈਆਂ ਪ੍ਰਤੀ ਇਸ ਦਾ ਰਵੱਈਆ ਉਨ੍ਹਾਂ (ਦੂਜੇ ਮੁਲਕਾਂ) ਦੀਆਂ ਉਸਾਰੂ, ਨਿਰਪੱਖ ਨੀਤੀਆਂ ਜਾਂ ਰੁੱਖੇ ਵਿਹਾਰ ਮੁਤਾਬਕ ਹੀ ਹੋਵੇਗਾ। ਰੂਸ ਨੇ ਨਾਲ ਹੀ ਕਿਹਾ ਕਿ ਭਾਰਤ ਨਾਲ ਦੁਵੱਲਾ ਵਪਾਰ ਵਧਾਉਣ ਉਤੇ ਇਹ ਵਿਸ਼ੇਸ਼ ਧਿਆਨ ਦੇਵੇਗਾ। ਨਿਵੇਸ਼ ਤੇ ਤਕਨੀਕੀ ਸਬੰਧਾਂ ਨੂੰ ਮਜ਼ਬੂਤ ਕਰਨ ਉਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ‘ਗੈਰ-ਮਿੱਤਰ ਮੁਲਕਾਂ ਤੇ ਉਨ੍ਹਾਂ ਦੇ ਗੱਠਜੋੜਾਂ’ ਦੇ ਤਬਾਹਕੁਨ ਕਦਮਾਂ ਦਾ ਵਿਰੋਧ ਯਕੀਨੀ ਬਣਾਇਆ ਜਾਵੇਗਾ। ਵਿਦੇਸ਼ ਨੀਤੀ ਵਿਚ ਪੂਤਿਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਰੂਸ ਭਾਰਤ ਨਾਲ ਵਿਸ਼ੇਸ਼ ਅਧਿਕਾਰ ਵਾਲੀ ਰਣਨੀਤਕ ਭਾਈਵਾਲੀ ਕਾਇਮ ਕਰੇਗਾ। ਆਪਸੀ ਲਾਭ ਵਾਲੇ ਸਾਰੇ ਖੇਤਰਾਂ ਵਿਚ ਤਾਲਮੇਲ ਦਾ ਵਿਸਤਾਰ ਕੀਤਾ ਜਾਵੇਗਾ, ਤੇ ਇਸ ਨੂੰ ਵਧਾਇਆ ਜਾਵੇਗਾ। ਰੂਸ ਨੇ ਚੀਨ ਨਾਲ ਵੀ ਵਿਆਪਕ ਭਾਈਵਾਲੀ ਤੇ ਰਣਨੀਤਕ ਤਾਲਮੇਲ ਹੋਰ ਮਜ਼ਬੂਤ ਕਰਨ ਦਾ ਜ਼ਿਕਰ ਕੀਤਾ ਹੈ। ਰੂਸ ਮੁਤਾਬਕ ਯੂਰੇਸ਼ੀਆ ਨੂੰ ਸ਼ਾਂਤੀ, ਸਥਿਰਤਾ, ਆਪਸੀ ਭਰੋਸੇ, ਵਿਕਾਸ ਤੇ ਖ਼ੁਸ਼ਹਾਲੀ ਦੇ ਸਾਂਝੇ ਖੇਤਰ ਵਜੋਂ ਵਿਕਸਿਤ ਕੀਤਾ ਜਾਵੇਗਾ। ਵਿਦੇਸ਼ ਨੀਤੀ ਵਿਚ ਸ਼ੰਘਾਈ ਸਹਿਯੋਗ ਸੰਗਠਨ ਨੂੰ ਮਜ਼ਬੂਤ ਕਰਨ ਦਾ ਵੀ ਜ਼ਿਕਰ ਹੈ।