ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਸਰਕਾਰ ਖ਼ਿਲਾਫ਼ ਰੋਸ ਮਾਰਚ

ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਸਰਕਾਰ ਖ਼ਿਲਾਫ਼ ਰੋਸ ਮਾਰਚ

ਬੇਕਸੂਰ ਸਿੱਖ ਨੌਜਵਾਨਾਂ ਦੀ ਰਿਹਾਈ ਮੰਗੀ; ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ
ਅੰਮ੍ਰਿਤਸਰ- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਬੇਕਸੂਰ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਲਈ ਅਤੇ ਮੁੱਖ ਮੰਤਰੀ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਖ਼ਿਲਾਫ਼ ਕੀਤੀ ਟਿੱਪਣੀ ਦੇ ਮੁੱਦੇ ’ਤੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਰੋਸ ਮਾਰਚ ਕੀਤਾ ਗਿਆ। ਇਸ ਸਬੰਧੀ ਡੀਸੀ ਦਫ਼ਤਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ।

ਇਹ ਰੋਸ ਮਾਰਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਦਰਬਾਰ ਸਾਹਿਬ ਕੰਪਲੈਕਸ ਤੋਂ ਆਰੰਭ ਹੋਇਆ ਅਤੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਸਮਾਪਤ ਹੋਇਆ। ਇਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਹੋਏ। ਉਹ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਹੋਏ ਡੀਸੀ ਦਫ਼ਤਰ ਪੁੱਜੇ ਅਤੇ ਮੰਗ ਪੱਤਰ ਦਿੱਤਾ। ਇਸ ਤੋਂ ਪਹਿਲਾਂ ਸਥਾਨਕ ਕਚਹਿਰੀ ਚੌਕ ਵਿੱਚ ਸੰਕੇਤਕ ਰੂਪ ਵਿਚ ਧਰਨਾ ਵੀ ਦਿੱਤਾ ਗਿਆ।

ਸ੍ਰੀ ਧਾਮੀ ਨੇ ਕਿਹਾ ਕਿ ਪੁਲੀਸ ਵੱਲੋਂ ਵੱਡੀ ਗਿਣਤੀ ’ਚ ਸਿੱਖ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ। ਕਈਆਂ ’ਤੇ ਕੌਮੀ ਸੁਰੱਖਿਆ ਐਕਟ ਲਾ ਕੇ ਪੰਜਾਬ ਤੋਂ ਬਾਹਰ ਦੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਨੌਜਵਾਨਾਂ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਵਿਚ ਸ਼੍ਰੋਮਣੀ ਕਮੇਟੀ ਨੇ ਮੰਗ ਕੀਤੀ ਹੈ ਕਿ ਗ੍ਰਿਫ਼ਤਾਰ ਕੀਤੇ ਬੇਕਸੂਰ ਸਿੱਖ ਨੌਜਵਾਨ ਰਿਹਾਅ ਕੀਤੇ ਜਾਣ, ਜਿਨ੍ਹਾਂ ਨੌਜਵਾਨਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਹੇਠ ਕੇਸ ਦਰਜ ਕੀਤੇ ਗਏ ਹਨ, ਉਹ ਵਾਪਸ ਲਏ ਜਾਣ ਤੇ ਗ੍ਰਿਫ਼ਤਾਰ ਨੌਜਵਾਨਾਂ ਦੇ ਮਾਪਿਆਂ ਨੂੰ ਉਨ੍ਹਾਂ ਨੂੰ ਮਿਲਣ ਦਿੱਤਾ ਜਾਵੇ। ਇਸ ਵਿਚ ਮੁੱਖ ਮੰਤਰੀ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਖ਼ਿਲਾਫ਼ ਕੀਤੀ ਟਿੱਪਣੀ ਦੀ ਵੀ ਆਲੋਚਨਾ ਕੀਤੀ ਗਈ ਹੈ। ਪੱਤਰ ’ਚ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਗਈ ਕਿ ਉਹ ਮੌਜੂਦਾ ਹਾਲਾਤ ’ਚ ਸੂਬੇ ਦੇ ਹਿੱਤਾਂ ਵਿਰੁੱਧ ਨਾ ਭੁਗਤਣ। ਪੁਲੀਸ ਵੱਲੋਂ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਲਗਭਗ 350 ਸਿੱਖ ਨੌਜਵਾਨ ਜ਼ਮਾਨਤ ’ਤੇ ਛੱਡੇ ਗਏ ਹਨ ਪਰ ਕੇਸ ਖ਼ਤਮ ਨਹੀਂ ਕੀਤੇ ਗਏ।