ਕਰਨਾਟਕ ਵਿਧਾਨ ਸਭਾ ਚੋਣਾਂ 10 ਮਈ ਨੂੰ

ਕਰਨਾਟਕ ਵਿਧਾਨ ਸਭਾ ਚੋਣਾਂ 10 ਮਈ ਨੂੰ

ਭਾਜਪਾ, ਕਾਂਗਰਸ ਅਤੇ ਜਨਤਾ ਦਲ (ਐੱਸ) ’ਚ ਹੋਵੇਗਾ ਮੁਕਾਬਲਾ
ਨਵੀਂ ਦਿੱਲੀ –
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਇਕੋ ਗੇੜ ’ਚ 10 ਮਈ ਨੂੰ ਹੋਵੇਗੀ। ਚੋਣਾਂ ਦਾ ਐਲਾਨ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ 224 ਮੈਂਬਰੀ ਵਿਧਾਨ ਸਭਾ ਚੋਣਾਂ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ। ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਅਹਿਮ ਸੂਬੇ ’ਚ ਭਾਜਪਾ ਬਨਾਮ ਕਾਂਗਰਸ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲੇਗਾ। ਸੂਬੇ ’ਚ ਜਨਤਾ ਦਲ (ਸੈਕੁਲਰ) ਵੀ ਤੀਜੀ ਵੱਡੀ ਪਾਰਟੀ ਹੈ ਜਿਥੇ ਭਾਜਪਾ ਕੋਲ ਮੌਜੂਦਾ ਸਮੇਂ ’ਚ 119 ਸੀਟਾਂ ਹਨ। ਕਾਂਗਰਸ ਦੇ 75 ਅਤੇ ਜਨਤਾ ਦਲ (ਐੱਸ) ਦੇ 28 ਵਿਧਾਇਕ ਹਨ ਜਦਕਿ ਦੋ ਸੀਟਾਂ ਖਾਲੀ ਹਨ। ਚੋਣਾਂ ਦੇ ਐਲਾਨ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਚੋਣਾਂ ਦਾ ਨੋਟੀਫਿਕਸ਼ਨ 13 ਅਪਰੈਲ ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 20 ਅਪਰੈਲ ਹੋਵੇਗੀ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ 21 ਅਪਰੈਲ ਨੂੰ ਕੀਤੀ ਜਾਵੇਗੀ ਅਤੇ ਨਾਮਜ਼ਦਗੀਆਂ 24 ਅਪਰੈਲ ਤੱਕ ਵਾਪਸ ਲਈਆਂ ਜਾਣਗੀਆਂ। ਸ੍ਰੀ ਕੁਮਾਰ ਨੇ ਕਿਹਾ ਕਿ ਵੋਟਰਾਂ ਦੀ ਵਧੇਰੇ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇਣ ਲਈ ਵੋਟਾਂ ਬੁੱਧਵਾਰ ਨੂੰ ਪਵਾਈਆਂ ਜਾ ਰਹੀਆਂ ਹਨ। ‘ਜੇਕਰ ਹਫ਼ਤੇ ਦੇ ਅਖੀਰ ’ਚ ਵੋਟਾਂ ਪੈਂਦੀਆਂ ਹਨ ਤਾਂ ਲੋਕ ਇਕ-ਦੋ ਹੋਰ ਛੁੱਟੀਆਂ ਲੈ ਕੇ ਆਨੰਦ ਮਾਨਣ ਤੁਰ ਪੈਂਦੇ ਹਨ ਪਰ ਬੁੱਧਵਾਰ ਨੂੰ ਚੋਣਾਂ ਰੱਖਣ ਨਾਲ ਇਹ ਸੰਭਾਵਨਾ ਵੀ ਘੱਟ ਜਾਵੇਗੀ।’ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕਮਿਸ਼ਨ ਦੀਆਂ ਏਜੰਸੀਆਂ ਵੱਲੋਂ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ ਅਤੇ ਹੁਣ ਤੱਕ 80 ਕਰੋੜ ਰੁਪਏ ਤੋਂ ਵੱਧ ਰਾਸ਼ੀ ਜ਼ਬਤ ਕੀਤੀ ਜਾ ਚੁੱਕੀ ਹੈ। ਕਰਨਾਟਕ ਦੇ ਯੋਗ ‘ਕਮਜ਼ੋਰ ਆਦਿਵਾਸੀ ਗਰੁੱਪਾਂ’ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਉਨ੍ਹਾਂ ਦੇ 100 ਫ਼ੀਸਦੀ ਵੋਟ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੁੱਪਾਂ ਲਈ 40 ‘ਐਥਨਿਕ ਪੋਲਿੰਗ ਸਟੇਸ਼ਨ’ ਬਣਾਏ ਜਾਣਗੇ। ਚੋਣ ਪ੍ਰਕਿਰਿਆ ’ਚ ਤੀਜੇ ਲਿੰਗ ਦੀ ਸ਼ਮੂਲੀਅਤ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸ਼ਹਿਰੀ ਖੇਤਰਾਂ ’ਚ ਚੋਣਾਂ ਪ੍ਰਤੀ ਘਟਦੇ ਰੁਝਾਨ ਦਾ ਜ਼ਿਕਰ ਕਰਦਿਆਂ ਕੁਮਾਰ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਘੱਟ ਵੋਟਿੰਗ 20 ਹਲਕਿਆਂ ’ਚ ਹੋਈ ਸੀ ਜਿਸ ’ਚੋਂ 9 ਸ਼ਹਿਰੀ ਇਲਾਕੇ ਸਨ। ਉਨ੍ਹਾਂ ਕਿਹਾ ਕਿ ਇਹ ਰੁਝਾਨ ਪਿਛਲੇ ਸਾਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ’ਚ ਵੀ ਨਜ਼ਰ ਆਇਆ ਸੀ। ਕਰਨਾਟਕ ’ਚ ਚੋਣਾਂ ਲਈ 58,282 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਅਤੇ 50 ਫ਼ੀਸਦੀ ’ਚ ਵੈੱਬਕਾਸਟਿੰਗ ਦੀ ਸਹੂਲਤ ਹੋਵੇਗੀ। ਇਨ੍ਹਾਂ ’ਚੋਂ 1,320 ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਮਹਿਲਾ ਅਧਿਕਾਰੀ ਸੰਭਾਲਣਗੇ। ਕੁੱਲ 5.24 ਕਰੋੜ ਵੋਟਰਾਂ ’ਚੋਂ 5.60 ਲੱਖ ਦੀ ਦਿਵਿਆਂਗ ਵਜੋਂ ਪਛਾਣ ਹੋਈ ਹੈ।